ਦੀਪ ਸਿੱਧੂ ਨੇ ਸਮਾਂ ਆਉਣ 'ਤੇ ਕਿਸਾਨ ਆਗੂਆਂ ਨੂੰ ਵੇਖ ਲੈਣ ਦੀ ਦਿਤੀ ਧਮਕੀ

ਏਜੰਸੀ

ਖ਼ਬਰਾਂ, ਪੰਜਾਬ

ਦੀਪ ਸਿੱਧੂ ਨੇ ਸਮਾਂ ਆਉਣ 'ਤੇ ਕਿਸਾਨ ਆਗੂਆਂ ਨੂੰ ਵੇਖ ਲੈਣ ਦੀ ਦਿਤੀ ਧਮਕੀ

image


ਦਿੱਲੀ ਪੁਲਿਸ ਤੋਂ ਅਪਣੀ ਜਾਨ ਨੂੰ ਦਸਿਆ ਖ਼ਤਰਾ


ਚੰਡੀਗੜ੍ਹ, 28 ਜਨਵਰੀ (ਗੁਰਉਪਦੇਸ਼ ਭੁੱਲਰ): 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਕੇਸਰੀ ਤੇ ਕਿਸਾਨੀ ਝੰਡੇ ਲਹਿਰਾਉਣ ਤੋਂ ਬਾਅਦ ਸਰਕਾਰੀ ਸਾਜ਼ਸ਼ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਵਿਚ ਘਿਰੇ ਅਤੇ ਪੁਲਿਸ ਕਾਰਵਾਈ ਦਾ ਸਾਹਮਣਾ ਕਰ ਰਹੇ ਕਿਸਾਨ ਮੋਰਚੇ ਵਿਚ ਰਹੇ ਨੌਜਵਾਨ ਆਗੂ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੇ ਲਾਈਵ ਹੋ ਕੇ ਆਪੋ ਅਪਣੇ ਪ੍ਰਤੀਕਰਮ ਦਿਤੇ ਹਨ | ਜਿਥੇ ਇਕ ਪਾਸੇ ਦੀਪ ਸਿੱਧੂ ਨੇ ਸਿੱਧੇ ਤੌਰ 'ਤੇ ਕਿਸਾਨ ਆਗੂਆਂ ਵਿਰੁਧ ਭੜਾਸ ਕੱਢੀ ਹੈ, ਉਥੇ ਦੂਜੇ ਪਾਸੇ ਲੱਖਾ ਸਿਧਾਣਾ ਨੇ ਕਿਸਾਨ ਅੰਦੋਲਨ ਨੂੰ ਬਚਾਉਣ ਲਈ ਏਕਾ ਕਾਇਮ ਰੱਖਣ ਦੀ ਅਪੀਲ ਕੀਤੀ ਹੈ |
ਦੀਪ ਸਿੱਧੂ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਉਸ ਉਪਰ ਲਾਏ ਜਾ ਰਹੇ ਦੋਸ਼ ਗ਼ਲਤ ਹਨ ਅਤੇ ਉਹ ਤਾਂ ਲਾਲ ਕਿਲ੍ਹੇ ਵਿਚ ਬਾਅਦ ਵਿਚ ਪਹੰੁਚਿਆ ਸੀ ਅਤੇ ਭੀੜ ਤਾਂ ਪਹਿਲਾਂ ਹੀ ਅੰਦਰ ਦਾਖ਼ਲ ਹੋ ਚੁੱਕੀ ਸੀ | ਉਸ ਨੇ ਕੇਸਰੀ ਤੇ ਕਿਸਾਨੀ ਝੰਡਾ ਲਹਿਰਾਉਣ ਦੀ ਕਾਰਵਾਈ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਇਹ ਸੰਕੇਤਕ ਰੋਸ ਸੀ ਅਤੇ ਕੌਮੀ ਝੰਡੇ ਦੀ ਸ਼ਾਨ ਬਰਕਰਾਰ ਰੱਖੀ ਗਈ ਤੇ ਉਸ ਨੂੰ ਕਿਸੇ ਨੇ ਛੂਹਿਆ ਤਕ ਨਹੀਂ | ਜੇ ਕਿਸਾਨ ਆਗੂ ਇਸ ਕਾਰਵਾਈ ਨੂੰ ਪ੍ਰਵਾਨ ਕਰਦੇ ਤਾਂ ਕੇਂਦਰ 'ਤੇ ਦਬਾਅ ਵਧਣਾ ਸੀ | ਉਸ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਮੈਂ ਡਰ ਕੇ ਭੱਜ ਗਿਆ ਹਾਂ ਜਦਕਿ ਮੈਂ ਕਿਸੇ ਨਾਲ ਝਗੜਨਾ ਨਹੀਂ ਸਾਂ ਚਾਹੁੰਦਾ | ਮੈਂ ਮੋਰਚੇ ਵਿਚ ਹਾਲੇ ਵੀ ਏਕਾ ਚਾਹੁੰਦਾ ਹਾਂ ਅਤੇ ਮੇਰੇ ਕੋਲ ਬਹੁਤ ਕੁੱਝ ਹੈ ਕਿਸਾਨ ਆਗੂਆਂ ਦੇ ਪ੍ਰਗਟਾਵੇ ਕਰਨ ਲਈ ਪਰ ਅੱਜ ਇਹ ਸਮਾਂ ਨਹੀਂ ਇਹ ਕਰਨ ਦਾ | ਦੀਪ ਸਿੱਧੂ ਨੇ ਇਹ ਵੀ ਕਿਹਾ ਕਿ ਸਮਾਂ ਆਉਣ 'ਤੇ ਮੈਂ ਕਿਸਾਨ ਆਗੂਆਂ ਨੂੰ ਵੀ ਦੇਖ ਲਵਾਂਗਾ | ਉਸ ਨੇ ਦਿੱਲੀ ਪੁਲਿਸ ਤੋਂ ਅਪਣੀ ਜਾਨ ਨੂੰ ਵੀ ਖ਼ਤਰੇ ਦੀ ਸ਼ੰਕਾ ਪ੍ਰਗਟ ਕੀਤੀ ਹੈ |