ਚੋਣ ਕਮਿਸ਼ਨਰ ਜਾਂ ਤਾਂ ਹਾਲਾਤ ਸੁਧਾਰੇ ਜਾਂ ਅਸਤੀਫ਼ਾ ਦੇਵੇ : ਮਦਨ ਮੋਹਨ ਮਿੱਤਲ
ਚੋਣ ਕਮਿਸ਼ਨਰ ਜਾਂ ਤਾਂ ਹਾਲਾਤ ਸੁਧਾਰੇ ਜਾਂ ਅਸਤੀਫ਼ਾ ਦੇਵੇ : ਮਦਨ ਮੋਹਨ ਮਿੱਤਲ
ਪੰਜਾਬ ਪੁਲਿਸ ਤੇ ਅਫ਼ਸਰਸ਼ਾਹੀ, ਸੱਤਾਧਾਰੀ ਕਾਂਗਰਸ ਦੇ ਇਸ਼ਾਰੇ ’ਤੇ ਕਰ ਰਹੀ ਹੈ ਕੰਮ
ਚੰਡੀਗੜ੍ਹ, 28 ਜਨਵਰੀ : (ਜੀ.ਸੀ. ਭਾਰਦਵਾਜ) : ਅਗਲੇ ਮਹੀਨੇ 14 ਫ਼ਰਵਰੀ ਨੂੰ 5 ਕਾਰਪੋਰੇੇਸ਼ਨਾਂ ’ਤੇ 100 ਤੋਂ ਵੱਧ ਮਿਊਂਸਪਲ ਕਮੇਟੀਆਂ ਅਤੇ ਨਗਰ ਪੰਚਾਇਤਾਂ ਦੇ ਹਜ਼ਾਰਾਂ ਵਾਰਡਾਂ ’ਚ ਕਰਵਾਈਆਂ ਜਾ ਰਹੀਆਂ ਚੋਣਾਂ ਲਈ ਅੱਜਕਲ੍ਹ ਸੱਤਾਧਾਰੀ ਕਾਂਗਰਸ, ਵਿਰੋਧੀ ਧਿਰ ‘ਆਪ’, ਅਕਾਲੀ ਦਲ ਅਤੇ ਭਾਜਪਾ ਦੇ ਸੀਨੀਅਰ ਆਗੂ ਆਪੋ ਅਪਣੇ ਏਜੰਡੇ ਮੁਤਾਬਕ ਉਮੀਦਵਾਰਾਂ ਦੀਆਂ ਲਿਸਟਾਂ ਫ਼ਾਈਨਲ ਕਰਨ ਦੇ ਨਾਲ-ਨਾਲ ਚੋਣ ਕਮਿਸ਼ਨਰ ਜਗਪਾਲ ਸੰਧੂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਕਰ ਰਹੇ ਹਨ। ਸੇਵਾਮੁਕਤ ਆਈਏਐਸ ਅਧਿਕਾਰੀ ਪਿਛਲੀਆਂ ਲੋਕਲ ਬਾਡੀਜ਼ ਚੋਣਾਂ ਦੌਰਾਨ ਵੀ ਉਸ ਵੇਲੇ ਦੀਆਂ ਵਿਰੋਧੀ ਧਿਰਾਂ ਕਾਂਗਰਸ ਅਤੇ ‘ਆਪ’ ਦੀ ਆਲੋਚਨਾ ਦੇ ਕੇਂਦਰ ਬਿੰਦੂ ਵੀ ਬਣੇ ਰਹੇ ਸਨ।
ਐਤਕੀ ਰਾਜ ਦੇ ਚੋਣ ਕਮਿਸ਼ਨਰ ਨੂੰ ‘ਆਪ’ ਅਤੇ ਅਕਾਲੀ ਦਲ ਦੇ ਚੋਟੀ ਦੇ ਆਗੂਆਂ ਨੇ ਮੰਗ ਪੱਤਰ ਦਿਤੇ ਹਨ ਅਤੇ ਉਨ੍ਹਾਂ ’ਤੇ ਇਕ ਪਾਸੜ ਰਵਈਏ ਅਤੇ ਸੱਤਾਧਾਰੀ ਪਾਰਟੀ ਦੇ ਸ਼ਰੇਆਮ ਪੱਖ ਪੂਰਨ ਦਾ ਦੋਸ਼ ਵੀ ਲਾਇਆ ਜਦੋਂ ਕਿ ਬੀਜੇਪੀ ਦੇ ਸੀਨੀਅਰ ਨੇਤਾਵਾਂ ਦਾ ਵਫ਼ਦ ਸਿੱਧਾ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮਿਲਿਆ ਅਤੇ ਸੂਬੇ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ। ਬੀਜੇਪੀ ਵਫ਼ਦ ਦੀ ਮੁਲਾਕਾਤ ਉਪਰੰਤ ਜਦੋਂ ਰਾਜਪਾਲ ਨੇ ਮੁੱਖ ਸਕੱਤਰ ਤੇ ਡੀਜੀਪੀ ਨੂੰ ਬੁਲਾ ਲਿਆ ਤਾਂ ਸੰਵਿਧਾਨ ਦਾ ਵਾਸਤਾ ਪਾਉਂਦਿਆਂ ਮੁੱਖ ਮੰਤਰੀ ਨੇ ਦਖ਼ਲ ਅੰਦਾਜ਼ੀ ਕੀਤੀ ਅਤੇ ਮੰਨਿਆ ਕਿ ਰਾਜ ਅੰਦਰ ਹਾਲਾਤ ਠੀਕ ਕੀਤੇ ਜਾ ਰਹੇ ਹਨ। ਲੋਕਲ ਬਾਡੀਜ਼ ਚੋਣਾਂ, ਕਿਸਾਨ ਅੰਦੋਲਨ, ਸੂਬੇ ਅੰਦਰ ਬੀਜੇਪੀ ਆਗੂਆਂ ਦੀਆਂ ਰਿਹਾਇਸ਼ਾਂ ਨੂੰ ਘੇਰਨਾ ਅਤੇ ਲੀਡਰਾਂ ਨੂੰ ਘੇਰਨ ਜਾਂ ਮੀਟਿੰਗਾਂ ਨਾ ਕਰਨ ਦੇਣਾ ਆਦਿ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਪਾਰਟੀ ਦੇ ਕੋਰ ਗਰੁੱਪ ਅਤੇ ਚੋਣ ਕਮੇਟੀ ਨੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕਮਾਨ ਹੇਠ ਮਹੱਤਵਪੂਰਨ ਬੈਠਕਾਂ, ਪੂਰਾ ਦਿਨ ਕੀਤੀਆਂ ਅਤੇ ਫ਼ੈਸਲਾ ਕੀਤਾ ਕਿ ਮਿਉਂਸਪਲਟੀ ਚੋਣਾਂ ਨੂੰ ਇਕ ਚੈਲੰਜ ਦੇ ਰੂਪ ਵਿਚ ਲਿਆ ਜਾਵੇਗਾ।
ਰੋਜ਼ਾਨਾ ਸਪੋਕਸਮੈਨ ਨਾਲ ਕੀਤੀ ਵਿਸ਼ੇਸ ਗੱਲਬਾਤ ਦੌਰਾਨ ਸੀਨੀਅਰ ਬੀਜੇਪੀ ਆਗੂ ਮਦਨ ਮੋਹਨ ਮਿੱਤਲ ਨੇ ਚੋਣ ਕਮਿਸ਼ਨਰ ਨੂੰ ਤਾੜਨਾ ਕਰਦਿਆਂ ਕਿਹਾ ਕਿ ‘‘ਚੋਣ ਜ਼ਾਬਤਾ ਸਖ਼ਤੀ ਨਾਲ ਲਾਗੂ ਕਰੋ। ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਤੇ ਹੋਰ ਕਾਂਗਰਸੀ ਆਗੂਆਂ ਨੂੰ ਗਰਾਂਟਾਂ ਵੰਡਣ, ਉਦਘਾਟਨ ਕਰਨ, ਵਿਕਾਸ ਕੰਮ ਸ਼ੁਰੂ ਕਰਨ ਦੇ ਐਲਾਨ, ਨੀਂਹ ਪੱਥਰ ਆਦਿ ਲਗਾਉਣ ਤੋਂ ਵਰਜਿਤ ਕਰੋ ਅਤੇ ਜੇਕਰ ਅਜਿਹਾ ਕਰਨ ਤੋਂ ਚੋਣ ਕਮਿਸ਼ਨਰ ਨਹੀਂ ਰੋਕ ਸਕਦਾ ਤਾਂ ਫੌਰਨ ਅਸਤੀਫ਼ਾ ਦੇਵੇ।’’
ਮਦਨ ਮੋਹਨ ਮਿੱਤਲ ਨੇ ਕਿਹਾ ਕਿ ਚੋਣ ਕਮਿਸ਼ਨਰ ਦੀ ਭੂਮਿਕਾ ਇਕ ਨਿਰਪੱਖਤਾ ਦੀ ਮਿਸਾਲ ਹੁੰਦੀ ਹੈ ਅਤੇ ਉਸ ਦੀ ਨਜ਼ਰ ਹਮੇਸ਼ਾ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਵਲੋਂ ਕੀਤੀਆਂ ਜਾਣ ਵਾਲੀਆਂ ਆਪ ਹੁਦਰੀਆਂ ਕਾਰਗੁਜ਼ਾਰੀਆਂ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ’ਤੇ ਟਿਕੀ ਹੁੰਦੀ ਹੈ। ਪਰ ਮੌਜੂਦਾ ਚੋਣ ਕਮਿਸ਼ਨਰ ਨਾ ਤਾਂ ਕੋਈ ਦ੍ਰਿੜ ਤੇ ਕਠੋਰ ਫ਼ੈਸਲਾ ਲੈਂਦਾ ਹੈ ਅਤੇ ਨਾ ਹੀ ਵਿਰੋਧੀ ਪਾਰਟੀਆਂ ਦੇ ਮੰਗ ਪੱਤਰ ਜਾਂ ਉਠਾਏ ਮਸਲਿਆਂ ਵਲ ਧਿਆਨ ਦੇ ਰਿਹਾ ਹੈ।
ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਦੇ ਕੇਂਦਰੀ ਤੇ ਸੂਬੇ ਦੇ ਆਗੂਆਂ ਨੇ ਕਿਸਾਨ ਅੰਦੋਲਨ ਦੇ ਵੱਡੇ ਮਸਲੇ ’ਤੇ ਦੋਹਾਂ ਧਿਰਾਂ ਵਿਚਕਾਰ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਅੱਗੇ ਵੀ ਇਹ ਹਾਂ ਪੱਖੀ ਦ੍ਰਿੜਤਾ ਜਾਰੀ ਰਹੇਗੀ ਪਰ ਨਾਲ ਦੀ ਨਾਲ ਭਾਜਪਾ ਦੇ ਨੇਤਾ ਤੇ ਜ਼ਮੀਨੀ ਅਧਾਰ ਵਾਲੇ ਵਰਕਰ ਲਗਾਤਾਰ ਲੋਕਲ ਬਾਡੀਜ਼ ਚੋਣਾਂ ਵਿਚ ਕਾਮਯਾਬੀ ਹਾਸਲ ਕਰਨ ਵਲ ਵਧਦੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ 30 ਜਨਵਰੀ ਤੋਂ ਨਾਮਜ਼ਦਗੀ ਕਾਗ਼ਜ਼ ਭਰਨੇ ਸ਼ੁਰੂ ਹੋਣ ਤੋਂ ਪਹਿਲਾਂ 28-29 ਜਨਵਰੀ ਨੂੰ ਉੱਚ ਪੱਧਰੀ ਉਮੀਦਵਾਰ ਚੋਣ ਕਮੇਟੀ ਦੀ ਬੈਠਕ ਵਿਚ ਪਾਰਟੀ ਉਮੀਦਵਾਰਾਂ ਦੀਆਂ ਲਿਸਟਾਂ ਸ਼ਹਿਰ ਅਤੇ ਕਸਬਾ ਪੱਧਰ ’ਤੇ ਜਾਰੀ ਕਰ ਦਿਤੀ ਜਾਵੇਗੀ। ਮਦਨ ਮੋਹਨ ਮਿੱਤਲ ਨੇ ਇਹ ਵੀ ਕਿਹਾ ਕਿ ਇਨ੍ਹਾਂ ਕਾਰਪੋਰਸ਼ਨਾਂ ਤੇ ਨਗਰ ਕੌਂਸਲ ਚੋਣਾਂ ’ਚ ਬੀਜੇਪੀ ਦੀ ਸਫ਼ਲ ਕਾਰਗੁਜ਼ਾਰੀ ਅਤੇ ਚੋਣ ਨਤੀਜੇ 10 ਮਹੀਨੇ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੀ ਸਿਆਸਤ ਵਿਚ ਨਵੇਂ ਸਮੀਕਰਨ ਪੈਦਾ ਕਰਨਗੇ।
ਫ਼ੋਟੋ: ਨੱਥੀ