ਕੈਪਟਨ ਦੀ ਪਾਰਟੀ ਦੇ 6 ਉਮੀਦਵਾਰ ਚੋਣ ਨਿਸ਼ਾਨ ਕਮਲ 'ਤੇ ਚੋਣ ਲੜਨ ਦੇ ਇੱਛੁਕ
"ਕੈਪਟਨ ਨੇ ਭਾਜਪਾ ਹਾਈਕਮਾਨ ਨਾਲ ਕੀਤੀ ਗੱਲਬਾਤ ਸ਼ੁਰੂ"
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਕੈਪਟਨ ਅਮਰਿੰਦਰ ਵੱਲੋਂ ਚੋਣ ਮੈਦਾਨ ’ਚ ਉਤਾਰੇ 6 ਉਮੀਦਵਾਰਾਂ ਨੇ ਹਾਕੀ ਅਤੇ ਬਾਲ ਦੇ ਚੋਣ ਨਿਸ਼ਾਨ ’ਤੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਭਾਜਪਾ ਦੇ ਕਮਲ ’ਤੇ ਹੀ ਚੋਣ ਲੜਨਗੇ।
ਉਨ੍ਹਾਂ ਵੱਲੋਂ ਇਹ ਮੰਗ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਸ਼ਹਿਰੀ ਸੀਟਾਂ ’ਤੇ ਭਾਰਤੀ ਜਨਤਾ ਪਾਰਟੀ ਦਾ ਕਾਫ਼ੀ ਆਧਾਰ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਹਾਈ ਕਮਾਂਡ ਨਾਲ ਗੱਲਬਾਤ ਵੀ ਕੀਤੀ ਹੈ। ਉਮੀਦਵਾਰਾਂ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਸ਼ਹਿਰਾਂ ਵਿਚ ਪ੍ਰਚਾਰ ਲਈ ਜਾਂਦੇ ਹਨ ਤਾਂ ਉਹਨਾਂ ਨੂੰ ਲੋਕ ਇਹੀ ਕਹਿੰਦੇ ਹਨ ਕਿ ਜੇ ਉਹ ਭਾਜਪਾ ਦੇ ਚੋਣ ਨਿਸਾਨ 'ਤੇ ਚੋਣ ਲੜਨਗੇ ਤਾਂ ਉਹਨਾਂ ਨੂੰ ਫਾਇਦਾ ਹੋਵੇਗਾ ਤੇ ਉਹਨਾਂ ਦੀ ਵੋਟ ਬੈਂਕ ਵੀ ਮਜ਼ਬੂਤ ਹੋਵੇਗੀ।
ਉਮੀਦਵਾਰਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਲੋਕ ਕਾਂਗਰਸ ਦਾ ਚੋਣ ਨਿਸਾਨ ਇੰਨਾ ਮਸ਼ਹੂਰ ਨਹੀਂ ਹੈ ਇਸ ਲਈ ਅਸੀਂ ਭਾਜਪਾ ਦੇ ਚੋਣ ਨਿਸਾਨ 'ਤੇ ਚੋਣ ਲੜਨਾ ਚਾਹੁੰਦੇ ਹਾਂ। ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਸ਼ਹਿਰੀ, ਲੁਧਿਆਣਾ ਈਸਟ, ਲੁਧਿਆਣਾ ਸਾਊਥ ਅਤੇ ਆਤਮ ਨਗਰ ਵਿਧਾਨ ਸਭਾ ਹਲਕੇ ਦੇ ਉਮੀਦਵਾਰਾਂ ਵੱਲੋਂ ਕਮਲ ਚੋਣ ਨਿਸ਼ਾਨ ਦੀ ਮੰਗ ਕੀਤੀ ਜਾ ਰਹੀ ਹੈ।
ਚੋਣ ਲੜ ਰਹੇ ਉਮੀਦਵਾਰਾਂ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹਨ ਪ੍ਰੰਤੂ ਉਹ ਹਾਕੀ ਅਤੇ ਬਾਲ ਚੋਣ ਨਿਸ਼ਾਨ ’ਤੇ ਇਸ ਲਈ ਚੋਣ ਨਹੀਂ ਲੜਨਾ ਚਾਹੁੰਦੇ ਕਿਉਂਕਿ ਇਹ ਜ਼ਿਆਦਾ ਪ੍ਰਚੱਲਿਤ ਨਹੀਂ ਹੈ। ਧਿਆਨ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਚੋਣ ਸਮਝੌਤਾ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੇ ਹਨ।