ਕਿੰਨੇ ਪੜ੍ਹੇ ਲਿਖੇ ਸਨ ਪੰਜਾਬ ਨੂੰ ਮਿਲੇ ਹੁਣ ਤੱਕ ਦੇ 12 ਮੁੱਖ ਮੰਤਰੀ?, ਪੜ੍ਹੋ ਪੂਰੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਧਿਆਪਕ-ਲੇਖਕ-ਵਕੀਲ ਅਤੇ ਹਾਈ ਕੋਰਟ ਦੇ ਜੱਜ ਤੱਕ ਬਣ ਚੁੱਕੇ ਹਨ ਪੰਜਾਬ ਦੇ ਇਹ ਮੁੱਖ ਮੰਤਰੀ 

photo

7 ਗ੍ਰੈਜੂਏਟ, ਦੋ ਅੰਡਰਗਰੈਜੂਏਟ ਅਤੇ 1 ਕੋਲ ਸੀ ਉੱਚ ਡਿਗਰੀ 


ਚੰਡੀਗੜ੍ਹ : ਪੰਜਾਬ ਵਿੱਚ ਚੋਣ ਮਾਹੌਲ ਗਰਮਾ ਰਿਹਾ ਹੈ। ਚੋਣਾਂ ਜਿੱਤਣ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਮੁੱਖ ਮੰਤਰੀ ਲਈ ਆਪਣੇ ਚਿਹਰੇ ਅੱਗੇ ਕਰ ਦਿੱਤੇ ਹਨ। ਇਨ੍ਹਾਂ ਚਿਹਰਿਆਂ ਦੇ ਨਾਲ-ਨਾਲ ਲੋਕਾਂ ਨੇ ਇੰਟਰਨੈੱਟ 'ਤੇ ਉਨ੍ਹਾਂ ਨਾਲ ਜੁੜੀ ਜਾਣਕਾਰੀ ਲੱਭਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੀ ਜਨਤਾ ਆਪਣੇ ਨਵੇਂ ਮੁੱਖ ਮੰਤਰੀ ਬਾਰੇ ਜਾਣਨ ਲਈ ਉਤਸੁਕ ਹੈ  ਕਿ ਉਹ ਕਿੰਨਾ ਪੜ੍ਹਿਆ-ਲਿਖਿਆ ਹੋਵੇਗਾ।

ਹਰਿਆਣਾ ਦੇ ਵੱਖ ਹੋਣ ਤੋਂ ਬਾਅਦ ਪੰਜਾਬ ਦੇ ਹੁਣ ਤੱਕ 12 ਮੁੱਖ ਮੰਤਰੀ ਰਹਿ ਚੁੱਕੇ ਹਨ। ਇਨ੍ਹਾਂ ਵਿੱਚੋਂ 7 ਸਧਾਰਨ ਗ੍ਰੈਜੂਏਟ ਹਨ ਅਤੇ ਤਿੰਨ ਲਾਅ ਗ੍ਰੈਜੂਏਟ ਹਨ। ਦੋ ਅਜਿਹੇ ਵੀ ਹਨ ਜੋ ਆਪਣੀ ਗ੍ਰੈਜੂਏਸ਼ਨ ਵੀ ਪੂਰੀ ਨਹੀਂ ਕਰ ਸਕੇ। ਇਸ ਦੇ ਨਾਲ ਹੀ ਕਾਨੂੰਨ ਦੀ ਪੜ੍ਹਾਈ ਅੱਧ ਵਿਚਾਲੇ ਹੀ ਛੱਡ ਦਿੱਤੀ। ਇਨ੍ਹਾਂ 12 ਵਿਚੋਂ ਚਰਨਜੀਤ ਸਿੰਘ ਚੰਨੀ ਨੇ ਲਾਅ ਤੋਂ ਬਾਅਦ ਐਮ.ਬੀ.ਏ ਕੀਤੀ ਹੈ ਅਤੇ ਹੁਣ ਪੀ.ਐਚ.ਡੀ. ਕਰ ਰਹੇ ਹਨ। ਪਹਿਲੇ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਸਨ। ਗਿਆਨੀ ਜ਼ੈਲ ਸਿੰਘ ਨੇ ਸਕੂਲ ਛੱਡਣ ਤੋਂ ਬਾਅਦ, ਸਿੱਖ ਮਿਸ਼ਨਰੀ ਕਾਲਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੜ੍ਹਾਈ ਕੀਤੀ।

1. ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ : ਅਧਿਆਪਕ, ਲੇਖਕ ਅਤੇ ਕਵੀ

ਪੰਜਾਬ ਦੇ ਪੁਨਰਗਠਨ ਤੋਂ ਬਾਅਦ ਗੁਰਮੁਖ ਸਿੰਘ ਮੁਸਾਫਿਰ ਪਹਿਲੇ ਮੁੱਖ ਮੰਤਰੀ ਬਣੇ। ਉਨ੍ਹਾਂ ਦਾ ਕਾਰਜਕਾਲ 1 ਨਵੰਬਰ 1966 ਤੋਂ 8 ਮਾਰਚ 1967 ਤੱਕ ਰਿਹਾ। ਮੁਸਾਫਿਰ 1949 ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹੇ। ਉਸ ਦੇ ਨਾਂ ਕਈ ਪ੍ਰਾਪਤੀਆਂ ਸਨ।

ਉਨ੍ਹਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਅਤੇ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ 12 ਮਾਰਚ 1930 ਤੋਂ 5 ਮਾਰਚ 1931 ਤੱਕ ਅਕਾਲ ਤਖ਼ਤ ਦੇ ਜਥੇਦਾਰ ਰਹੇ। 1954 ਵਿੱਚ ਸਕਾਟਲੈਂਡ ਵਿੱਚ ਅਤੇ 1961 ਵਿੱਚ ਟੋਕੀਓ ਵਿੱਚ ਅੰਤਰਰਾਸ਼ਟਰੀ ਕਾਨਫ਼ਰੰਸ ਵਿੱਚ ਭਾਰਤੀ ਲੇਖਕਾਂ ਦੀ ਨੁਮਾਇੰਦਗੀ ਕੀਤੀ।

2. ਜਸਟਿਸ ਗੁਰਨਾਮ ਸਿੰਘ : ਪੰਜਾਬ ਹਾਈ ਕੋਰਟ ਦੇ ਜੱਜ

ਲਾਹੌਰ ਕਾਲਜ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਲਾਇਲਪੁਰ ਵਿੱਚ ਪ੍ਰੈਕਟਿਸ ਸ਼ੁਰੂ ਕੀਤੀ। ਉਹ 1950 ਤੋਂ 1959 ਤੱਕ ਪੰਜਾਬ ਹਾਈ ਕੋਰਟ ਦੇ ਜੱਜ ਰਹੇ। ਪੰਜਾਬ ਵਿੱਚ ਪਹਿਲੀ ਅਤੇ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੰਤਰੀ ਬਣੇ।

ਉਨ੍ਹਾਂ ਦਾ ਪਹਿਲਾ ਕਾਰਜਕਾਲ 8 ਮਾਰਚ 1967 ਤੋਂ 25 ਨਵੰਬਰ 1967 ਤੱਕ ਅਤੇ ਦੂਜਾ 17 ਫਰਵਰੀ 1969 ਤੋਂ 27 ਮਾਰਚ 1970 ਤੱਕ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੈਨਬਰਾ, ਆਸਟ੍ਰੇਲੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਵੀ ਕੰਮ ਕੀਤਾ।

3. ਲਛਮਣ ਸਿੰਘ ਗਿੱਲ : ਪੰਜਾਬੀ ਨੂੰ ਸਰਕਾਰੀ ਦਰਜਾ ਦਿੱਤਾ

ਮੁੱਖ ਮੰਤਰੀ ਬਣਨ ਤੋਂ ਇਲਾਵਾ ਅੰਡਰ ਗਰੈਜੂਏਟ ਲਛਮਣ ਸਿੰਘ ਗਿੱਲ ਪੰਜਾਬ ਦੇ ਸਿੱਖਿਆ ਅਤੇ ਮਾਲ ਮੰਤਰੀ ਵੀ ਰਹੇ। ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਕਾਰਜਕਾਲ 25 ਨਵੰਬਰ 1967 ਤੋਂ 22 ਅਗਸਤ 1968 ਤੱਕ ਰਿਹਾ। ਗਿੱਲ 1960 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਦੇ ਮੈਂਬਰ ਵੀ ਰਹੇ। ਉਨ੍ਹਾਂ ਦੇ ਕਾਰਜਕਾਲ ਦੇ ਦੋ ਸਭ ਤੋਂ ਮਹੱਤਵਪੂਰਨ ਪਹਿਲੂ ਸਨ। ਪਹਿਲਾ,ਪੰਜਾਬ ਦੇ ਪਿੰਡਾਂ ਨੂੰ ਕਸਬਾ ਮੰਡੀ ਨਾਲ ਜੋੜਨ ਦਾ ਅਹਿਮ ਕੰਮ ਕੀਤਾ। ਦੂਜਾ, 13 ਅਪ੍ਰੈਲ 1968 ਨੂੰ ਪੰਜਾਬੀ ਨੂੰ ਰਾਜ ਦੀ ਸਰਕਾਰੀ ਭਾਸ਼ਾ ਬਣਾ ਦਿੱਤਾ ਗਿਆ।

4. ਪ੍ਰਕਾਸ਼ ਸਿੰਘ ਬਾਦਲ : ਪੰਜਾਬ ਦੇ ਸਭ ਤੋਂ ਨੌਜਵਾਨ ਮੁੱਖ ਮੰਤਰੀ

ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨੇ ਸਰਪੰਚ ਦੇ ਅਹੁਦੇ ਤੋਂ ਆਪਣੀ ਸਿਆਸੀ ਪਾਰੀ ਸ਼ੁਰੂ ਕੀਤੀ। ਉਹ 5 ਵਾਰ 1970-71, 1977-80, 1997-2002 ਅਤੇ 2007-2017 ਤੱਕ ਇਕੱਠੇ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ ਕ੍ਰਿਸ਼ਚੀਅਨ ਕਾਲਜ, ਲਾਹੌਰ ਤੋਂ ਪਾਸ ਕੀਤੀ। ਉਹ 1977 ਵਿੱਚ ਕੇਂਦਰੀ ਖੇਤੀਬਾੜੀ ਅਤੇ ਸਿੰਚਾਈ ਮੰਤਰੀ ਵੀ ਬਣੇ। ਉਨ੍ਹਾਂ ਦੇ ਨਾਂ ਅਹਿਮ ਪ੍ਰਾਪਤੀਆਂ ਦਰਜ ਹਨ।

ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਪੰਜਾਬ ਦਾ ਸਭ ਤੋਂ ਘੱਟ ਉਮਰ ਦਾ ਮੁੱਖ ਮੰਤਰੀ ਬਣਨ ਦਾ ਰਿਕਾਰਡ ਹੈ। ਉਨ੍ਹਾਂ ਨੂੰ ਸਾਲ 2015 ਵਿੱਚ ਪਦਮ ਵਿਭੂਸ਼ਣ ਪੁਰਸਕਾਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ 2016 ਵਿੱਚ ਐਸਵਾਈਐਲ ਉੱਤੇ ਮਲਕੀਅਤ ਅਧਿਕਾਰਾਂ ਦਾ ਤਬਾਦਲਾ ਬਿੱਲ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਸੀ। 14 ਮਾਰਚ 2016 ਨੂੰ ਪੰਜਾਬ ਵਿੱਚ ਬਣੀ 121 ਕਿਲੋਮੀਟਰ ਲੰਬੀ ਨਹਿਰ ਨੂੰ ਤੋੜਨ ਦਾ ਕੰਮ ਉਨ੍ਹਾਂ ਦੇ ਰਾਜ ਵਿੱਚ ਹੋਇਆ ਸੀ।

5. ਗਿਆਨੀ ਜ਼ੈਲ ਸਿੰਘ: ਮਿਸ਼ਨਰੀ ਕਾਲਜ ਤੋਂ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ

ਗਿਆਨੀ ਜ਼ੈਲ ਸਿੰਘ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਅਤੇ ਸਿੱਖਿਆ। ਆਪਣੇ ਸਿਆਸੀ ਜੀਵਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ 1982 ਤੋਂ 1987 ਤੱਕ ਦੇਸ਼ ਦੇ ਪਹਿਲੇ ਸਿੱਖ ਰਾਸ਼ਟਰਪਤੀ ਵੀ ਰਹੇ। ਇਸੇ ਸਮੇਂ ਦੌਰਾਨ ਸਾਕਾ ਨੀਲਾ ਤਾਰਾ ਹੋਇਆ। ਇਸ ਤੋਂ ਬਾਅਦ 1984 ਦੇ ਸਿੱਖ ਦੰਗੇ ਹੋਏ ਸਨ। ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਕਾਰਜਕਾਲ 1972 ਤੋਂ 1977 ਤੱਕ ਰਿਹਾ।

ਗਿਆਨੀ ਜ਼ੈਲ ਸਿੰਘ ਨੇ ਪੰਜਾਬ ਦੇ ਪੈਨਸ਼ਨਰਾਂ ਨੂੰ ਉਮਰ ਭਰ ਦੀ ਪੈਨਸ਼ਨ ਦੇਣ ਦੀ ਸਕੀਮ ਸ਼ੁਰੂ ਕੀਤੀ ਸੀ। ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਅਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਲੰਡਨ ਤੋਂ ਵਾਪਸ ਲਿਆਏ। 1986 ਵਿੱਚ, ਕੇਂਦਰ ਸਰਕਾਰ ਨੇ ਰਾਸ਼ਟਰਪਤੀ ਵਜੋਂ ਵੀਟੋ ਦੀ ਵਰਤੋਂ ਕਰਕੇ ਪੋਸਟ ਆਫਿਸ ਸੋਧ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਵੀਪੀ ਸਿੰਘ ਸਰਕਾਰ ਨੇ 1990 ਵਿੱਚ ਬਿੱਲ ਵਾਪਸ ਲੈ ਲਿਆ।

6. ਦਰਬਾਰਾ ਸਿੰਘ : ਭਾਰਤ ਛੱਡੋ ਅੰਦੋਲਨ ਦਾ ਹਿੱਸਾ ਬਣੇ 

ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਤੋਂ ਪੜ੍ਹੇ ਦਰਬਾਰਾ ਸਿੰਘ 1942, 1945, 1946 ਵਿੱਚ ਭਾਰਤ ਛੱਡੋ ਅੰਦੋਲਨ ਦਾ ਹਿੱਸਾ ਰਹੇ ਅਤੇ ਜੇਲ੍ਹ ਵੀ ਗਏ। ਉਹ 1980 ਤੋਂ 1983 ਤੱਕ ਮੁੱਖ ਮੰਤਰੀ ਰਹੇ। ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਪੰਜਾਬ ਵਿੱਚ ਹਿੰਸਾ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਅਤੇ ਜਦੋਂ ਉਨ੍ਹਾਂ ਦੀ ਕੈਬਨਿਟ ਨੇ ਅਸਤੀਫ਼ਾ ਦੇ ਦਿੱਤਾ ਤਾਂ 6 ਜੂਨ 1983 ਨੂੰ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। ਰਾਜ ਸਭਾ ਦਾ ਮੈਂਬਰ ਬਣਨ ਤੋਂ ਬਾਅਦ ਕਈ ਰਾਜਾਂ ਵਿੱਚ ਅਬਜ਼ਰਵਰ ਬਣ ਕੇ ਕਾਂਗਰਸ ਨੂੰ ਜਿੱਤ ਵੱਲ ਲੈ ਕੇ ਗਏ। ਉਹ 1975 ਵਿੱਚ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਸਨ। ਕਾਂਗਰਸ ਵਿੱਚ ਉਹ 1984 ਤੋਂ 1990 ਤੱਕ ਰਾਜ ਸਭਾ ਮੈਂਬਰ ਰਹੇ।

7. ਸੁਰਜੀਤ ਸਿੰਘ ਬਰਨਾਲਾ : ਕਈ ਸੂਬਿਆਂ ਦੇ ਗਵਰਨਰ ਵੀ ਰਹੇ

ਸੁਰਜੀਤ ਸਿੰਘ ਬਰਨਾਲਾ ਨੇ 1946 ਵਿੱਚ ਲਖਨਊ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਉਥੇ ਹੀ, ਉਨ੍ਹਾਂ ਨੇ 1942 ਵਿੱਚ ਭਾਰਤ ਛੱਡੋ ਅੰਦੋਲਨ ਵਿੱਚ ਵੀ ਹਿੱਸਾ ਲਿਆ। ਰਾਜੀਵ-ਲੌਂਗੋਵਾਲ ਸਮਝੌਤੇ ਤੋਂ ਬਾਅਦ ਉਹ 1985 ਤੋਂ 1987 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। 1997 ਵਿੱਚ ਉਨ੍ਹਾਂ ਨੇ ਉਪ ਰਾਸ਼ਟਰਪਤੀ ਦੀ ਚੋਣ ਲੜੀ। ਇਸ ਤੋਂ ਇਲਾਵਾ ਉਹ ਤਾਮਿਲਨਾਡੂ, ਉੱਤਰਾਖੰਡ, ਆਂਧਰਾ ਪ੍ਰਦੇਸ਼ ਅਤੇ ਅੰਡੇਮਾਨ ਨਿਕੋਬਾਰ ਦੇ ਰਾਜਪਾਲ ਰਹੇ।

1991 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੀ ਸਰਕਾਰ ਦੌਰਾਨ ਰਾਜਪਾਲ ਰਹੇ ਬਰਨਾਲਾ ਨੇ ਤਾਮਿਲਨਾਡੂ ਵਿੱਚ ਡੀਐਮਕੇ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਸਿਫ਼ਾਰਸ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਉਨ੍ਹਾਂ ਦਾ ਤਬਾਦਲਾ ਬਿਹਾਰ ਕੀਤਾ ਗਿਆ ਤਾਂ ਉਨ੍ਹਾਂ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸੁਰਜੀਤ ਸਿੰਘ ਬਰਨਾਲਾ ਮੋਰਾਰਜੀ ਦੇਸਾਈ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਅਤੇ ਅਟਲ ਬਿਹਾਰੀ ਸਰਕਾਰ ਵਿੱਚ ਰਸਾਇਣ ਅਤੇ ਖਾਦ ਮੰਤਰੀ ਸਨ।

8. ਬੇਅੰਤ ਸਿੰਘ : ਸਰਪੰਚੀ ਤੋਂ ਕੀਤੀ ਸਿਆਸੀ ਸਫ਼ਰ ਦੀ ਸ਼ੁਰੂਆਤ 

ਬੇਅੰਤ ਸਿੰਘ ਨੇ ਸਰਕਾਰੀ ਕਾਲਜ ਲਾਹੌਰ ਤੋਂ ਬੀ.ਏ. ਕੀਤੀ ਅਤੇ ਪਿਤਾ ਦੀ ਮੌਤ ਕਾਰਨ ਉਨ੍ਹਾਂ ਨੂੰ ਕਾਨੂੰਨ ਦੀ ਪੜ੍ਹਾਈ ਅੱਧ ਵਿਚਾਲੇ ਛੱਡਣੀ ਪਈ। ਉਹ ਕਾਲਜ ਵਿਚ ਫੁੱਟਬਾਲ ਦਾ ਚੰਗੇ ਖਿਡਾਰੀ ਵੀ ਸਨ। 1960 ਵਿੱਚ ਉਨ੍ਹਾਂ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਦੇ ਸਰਪੰਚ ਬਣ ਕੇ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ। ਉਹ ਪਹਿਲੀ ਵਾਰ 1969 ਵਿੱਚ ਆਜ਼ਾਦ ਚੋਣ ਲੜ ਕੇ ਵਿਧਾਇਕ ਬਣੇ ਸਨ। ਉਹ 1992 ਤੋਂ 1995 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ।

ਪੰਜਾਬ ਵਿਚ ਲੋਕਤੰਤਰੀ ਪ੍ਰਣਾਲੀ ਨੂੰ ਬਹੁਤ ਹੀ ਨਾਜ਼ੁਕ ਸਥਿਤੀ ਵਿਚ ਮਜਬੂਤ ਕਰਨ ਲਈ ਮੁੱਖ ਮੰਤਰੀ ਬਣਦਿਆਂ ਹੀ ਸਹਿਕਾਰੀ ਸਭਾ, ਪੰਚਾਇਤ-ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਰਵਾਈਆਂ ਗਈਆਂ। ਪੰਜਾਬ ਵਿੱਚ ਤਤਕਾਲੀ ਡੀਜੀਪੀ ਕੇਪੀਐਸ ਗਿੱਲ ਨਾਲ ਮਿਲ ਕੇ ਗਰਮ ਖਿਆਲੀਆਂ ਦੇ ਦੇ ਖ਼ਾਤਮੇ ਲਈ ਚਲਾਈ ਸੀ ਮੁਹਿੰਮ।

9. ਹਰਚਰਨ ਸਿੰਘ ਬਰਾੜ : 5 ਵਾਰ ਐਮ.ਐਲ.ਏ

ਸਰਕਾਰੀ ਕਾਲਜ ਲਾਹੌਰ ਤੋਂ ਗ੍ਰੈਜੂਏਟ ਹਰਚਰਨ ਸਿੰਘ ਬਰਾੜ ਆਪਣੇ ਸਿਆਸੀ ਜੀਵਨ ਵਿੱਚ ਮੁਕਤਸਰ, ਗਿੱਦੜਬਾਹਾ, ਕੋਟਕਪੂਰਾ ਤੋਂ ਪੰਜ ਵਾਰ ਵਿਧਾਇਕ ਰਹੇ। ਬੇਅੰਤ ਸਿੰਘ ਦੇ ਕਤਲ ਤੋਂ ਬਾਅਦ ਉਹ 31 ਅਗਸਤ 1995 ਤੋਂ 21 ਨਵੰਬਰ 1996 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਨੇ ਸਿੰਚਾਈ ਅਤੇ ਬਿਜਲੀ ਮੰਤਰੀ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵਜੋਂ ਵੀ ਕੰਮ ਕੀਤਾ। ਉਹ 1977 ਵਿੱਚ 8 ਮਹੀਨੇ ਅਤੇ 1977-79 ਤੱਕ ਹਰਿਆਣਾ ਦੇ ਰਾਜਪਾਲ ਰਹੇ। ਉਨ੍ਹਾਂ ਨੂੰ ਫਰੀਦਕੋਟ ਤੋਂ ਵੱਖ ਕਰਕੇ ਮੋਗਾ ਅਤੇ ਮੁਕਤਸਰ ਜ਼ਿਲ੍ਹੇ ਬਣਾਉਣ ਦਾ ਸਿਹਰਾ ਜਾਂਦਾ ਹੈ।

10. ਰਾਜਿੰਦਰ ਕੌਰ ਭੱਠਲ : ਸੂਬੇ ਦੀ ਇਕਲੌਤੀ ਮਹਿਲਾ ਮੁੱਖ ਮੰਤਰੀ

ਰਜਿੰਦਰ ਕੌਰ ਭੱਠਲ, ਜਿਨ੍ਹਾਂ ਨੇ ਸੰਗਰੂਰ ਦੇ ਸਰਕਾਰੀ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੈ, ਹੁਣ ਤੱਕ ਪੰਜਾਬ ਦੀ ਪਹਿਲੀ ਅਤੇ ਇਕਲੌਤੀ ਮਹਿਲਾ ਮੁੱਖ ਮੰਤਰੀ ਰਹੇ ਹਨ। ਉਨ੍ਹਾਂ ਦਾ ਕਾਰਜਕਾਲ ਨਵੰਬਰ 1996 ਤੋਂ ਫਰਵਰੀ 1997 ਤੱਕ ਸੀ। ਆਪਣੇ ਸਿਆਸੀ ਜੀਵਨ ਵਿੱਚ, ਭੱਠਲ ਤਿੰਨ ਵਾਰ ਕੈਬਨਿਟ ਮੰਤਰੀ ਰਹੇ ਅਤੇ ਦੋ ਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ, ਦੋ ਵਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਸੇਵਾ ਨਿਭਾਈ। ਸੂਬੇ ਦੇ ਛੋਟੇ ਕਿਸਾਨਾਂ ਨੂੰ ਸਿੰਚਾਈ ਲਈ ਮੁਫ਼ਤ ਬਿਜਲੀ ਦੇਣ ਦੀ ਯੋਜਨਾ ਸ਼ੁਰੂ ਕਰਨ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। ਜਨਵਰੀ 2004 ਵਿੱਚ ਕੈਪਟਨ ਸਰਕਾਰ ਵਿੱਚ ਡਿਪਟੀ ਸੀਐਮ ਬਣੇ। ਅਮਰਿੰਦਰ ਸਿੰਘ ਨਾਲ ਮਤਭੇਦਾਂ ਕਾਰਨ ਉਹ ਚਰਚਾ 'ਚ ਵੀ ਰਹੇ।

11. ਕੈਪਟਨ ਅਮਰਿੰਦਰ ਸਿੰਘ : ਫ਼ੌਜ ਤੋਂ ਰਾਜਨੀਤੀ ਤੱਕ

ਪਟਿਆਲਾ ਰਿਆਸਤ ਨਾਲ ਸਬੰਧਤ, ਕੈਪਟਨ ਅਮਰਿੰਦਰ ਸਿੰਘ ਨੇ ਗ੍ਰੈਜੂਏਸ਼ਨ ਤੋਂ ਬਾਅਦ 1963 ਤੋਂ 1965 ਤੱਕ ਭਾਰਤੀ ਫ਼ੌਜ ਵਿੱਚ ਸੇਵਾ ਕੀਤੀ। ਰਾਜੀਵ ਗਾਂਧੀ ਨਾਲ ਦੋਸਤੀ ਕਾਰਨ ਉਹ ਸਾਕਾ ਨੀਲਾ ਤਾਰਾ ਤੋਂ ਬਾਅਦ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਉਹ ਕਾਂਗਰਸ ਸਰਕਾਰ ਵਿੱਚ ਦੋ ਵਾਰ ਮੁੱਖ ਮੰਤਰੀ ਰਹੇ।

ਉਨ੍ਹਾਂ ਦਾ ਪਹਿਲਾ ਕਾਰਜਕਾਲ 26 ਫਰਵਰੀ 2002 ਤੋਂ 1 ਫਰਵਰੀ 2007 ਤੱਕ ਅਤੇ ਦੂਜਾ 16 ਮਾਰਚ 1917 ਤੋਂ 19 ਸਤੰਬਰ 1921 ਤੱਕ ਸੀ। ਉਹ 3 ਵਾਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ 5 ਵਾਰ ਵਿਧਾਇਕ ਰਹੇ ਹਨ। ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਭਾਜਪਾ ਦੇ ਅਰੁਣ ਜੇਤਲੀ ਨੂੰ 1,02,000 ਵੋਟਾਂ ਨਾਲ ਹਰਾਇਆ ਸੀ। 

12. ਚਰਨਜੀਤ ਸਿੰਘ ਚੰਨੀ : ਪਹਿਲਾ ਦਲਿਤ ਮੁੱਖ ਮੰਤਰੀ

ਜੱਟ ਬਹੁਲਤਾ ਵਾਲੇ ਸੂਬੇ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੀਟੀਯੂ ਤੋਂ ਐਮਬੀਏ ਦੀ ਡਿਗਰੀ ਪੂਰੀ ਕੀਤੀ।

ਇਸ ਸਮੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀਐਚਡੀ ਕਰ ਰਹੇ ਹਨ। ਚਰਨਜੀਤ ਸਿੰਘ ਚੰਨੀ ਸਤੰਬਰ 2021 ਤੋਂ ਪੰਜਾਬ ਦੇ ਮੁੱਖ ਮੰਤਰੀ ਹਨ। ਦੱਸ ਦੇਈਏ ਕਿ ਉਹ ਤਕਨੀਕੀ ਸਿੱਖਿਆ ਅਤੇ ਸਿਖਲਾਈ ਮੰਤਰੀ ਅਤੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਮੁੱਖ ਮੰਤਰੀ ਬਣਦਿਆਂ ਹੀ ਬਿਜਲੀ ਦੇ ਬਿੱਲ ਮੁਆਫ਼ ਕਰਨ, ਕੱਟੇ ਕੁਨੈਕਸ਼ਨ ਮੁੜ ਜੋੜਨ ਦਾ ਐਲਾਨ ਵੀ ਚਰਨਜੀਤ ਸਿੰਘ ਚੰਨੀ ਨੇ ਹੀ ਕੀਤਾ।