ਕਿਸਾਨ ਮੋਰਚੇ ਵਲੋਂ 31 ਜਨਵਰੀ ਨੂੰ ਕੇਂਦਰ ਵਿਰੁਧ ਵਿਸ਼ਵਾਸਘਾਤ ਦਿਵਸ ਦੀ ਤਿਆਰੀ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਮੋਰਚੇ ਵਲੋਂ 31 ਜਨਵਰੀ ਨੂੰ ਕੇਂਦਰ ਵਿਰੁਧ ਵਿਸ਼ਵਾਸਘਾਤ ਦਿਵਸ ਦੀ ਤਿਆਰੀ

image

ਅਲਟੀਮੇਟਮ ਬਾਅਦ ਵੀ ਬਾਕੀ ਮੰਗਾਂ 'ਤੇ ਨਹੀਂ ਹੋਈ ਕਾਰਵਾਈ

ਚੰਡੀਗੜ੍ਹ, 28 ਜਨਵਰੀ (ਭੁੱਲਰ) : ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 31 ਜਨਵਰੀ ਨੂੰ  ਦੇਸ ਭਰ 'ਚ 'ਵਿਸ਼ਵਾਸਘਾਤ ਦਿਵਸ' ਮਨਾਇਆ ਜਾਵੇਗਾ ਅਤੇ ਜ਼ਿਲ੍ਹਾ ਅਤੇ ਤਹਿਸੀਲ ਪੱਧਰ 'ਤੇ ਵੱਡੇ ਰੋਸ ਮੁਜਾਹਰੇ ਕੀਤੇ ਜਾਣਗੇ |  ਮੋਰਚੇ ਨਾਲ ਜੁੜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਪੂਰੇ ਜੋਸ ਨਾਲ ਇਸ ਦੀ ਤਿਆਰੀ ਵਿਚ ਜੁਟੀਆਂ ਹੋਈਆਂ ਹਨ ਅਤੇ ਉਮੀਦ ਹੈ ਕਿ ਇਹ ਪ੍ਰੋਗਰਾਮ ਦੇਸ਼ ਦੇ ਘੱਟੋ-ਘੱਟ 500 ਜ਼ਿਲਿ੍ਹਆਂ ਵਿਚ ਆਯੋਜਤ ਕੀਤਾ ਜਾਵੇਗਾ |  
ਯਾਦ ਰਹੇ ਕਿ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਧੋਖੇ ਦੇ ਵਿਰੋਧ ਇਹ ਫ਼ੈਸਲਾ ਸਯੁੰਕਤ ਕਿਸਾਨ ਮੋਰਚਾ ਵਲੋਂ 15 ਜਨਵਰੀ ਨੂੰ  ਹੋਈ ਅਪਣੀ ਮੀਟਿੰਗ ਵਿਚ ਲਿਆ ਗਿਆ ਸੀ |  ਇਨ੍ਹਾਂ ਪ੍ਰਦਰਸਨਾਂ ਵਿਚ ਕੇਂਦਰ ਸਰਕਾਰ ਨੂੰ  ਮੰਗ ਪੱਤਰ ਵੀ ਦਿਤਾ ਜਾਵੇਗਾ |  ਅੱਜ ਕਿਸਾਨ ਮੋਰਚਾ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ |
ਮੋਰਚੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਸਰਕਾਰ ਦਾ ਕਿਸਾਨ ਵਿਰੋਧੀ ਸਟੈਂਡ ਇਸ ਗੱਲ ਤੋਂ ਸਪੱਸ਼ਟ ਹੁੰਦਾ ਹੈ ਕਿ 15 ਜਨਵਰੀ ਦੇ ਫ਼ੈਸਲੇ ਤੋਂ ਬਾਅਦ ਵੀ ਭਾਰਤ ਸਰਕਾਰ ਨੇ 9 ਦਸੰਬਰ ਦੇ ਅਪਣੇ ਪੱਤਰ ਵਿਚ ਕੀਤੇ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ |  ਅੰਦੋਲਨ ਦੌਰਾਨ ਕੇਸ ਤੁਰਤ ਵਾਪਸ ਲੈਣ ਅਤੇ ਸ਼ਹੀਦਾਂ ਦੇ ਪ੍ਰਵਾਰਾਂ ਨੂੰ  ਮੁਆਵਜ਼ਾ ਦੇਣ ਦੇ ਵਾਅਦੇ 'ਤੇ ਪਿਛਲੇ ਦੋ ਹਫ਼ਤਿਆਂ ਤੋਂ ਕੋਈ ਕਾਰਵਾਈ ਨਹੀਂ ਹੋਈ |  ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ ਦੇ ਮੁੱਦੇ 'ਤੇ ਕਮੇਟੀ ਦੇ ਗਠਨ ਦਾ ਐਲਾਨ ਨਹੀਂ ਕੀਤਾ ਹੈ |  ਇਸ ਲਈ ਮੋਰਚੇ ਨੇ ਦੇਸ਼ ਭਰ ਦੇ ਕਿਸਾਨਾਂ ਨੂੰ  ਸੱਦਾ ਦਿਤਾ ਹੈ ਕਿ ਉਹ ਅਪਣੇ ਗੁੱਸੇ ਨੂੰ  'ਵਿਸਵਾਸਘਾਤ ਦਿਵਸ' ਰਾਹੀਂ ਸਰਕਾਰ ਤਕ ਪਹੁੰਚਾਉਣ |
ਸੰਯੁਕਤ ਕਿਸਾਨ ਮੋਰਚਾ ਨੇ ਸਪੱਸਟ ਕੀਤਾ ਹੈ ਕਿ ''ਮਿਸਨ ਉੱਤਰ ਪ੍ਰਦੇਸ'' ਜਾਰੀ ਰਹੇਗਾ, ਜਿਸ ਰਾਹੀਂ ਇਸ ਕਿਸਾਨ ਵਿਰੋਧੀ ਸਕਤੀ ਨੂੰ  ਸਬਕ ਸਿਖਾਇਆ ਜਾਵੇਗਾ |  ਇਸ ਤਹਿਤ ਉੱਤਰ ਪ੍ਰਦੇਸ਼ ਦੇ ਲੋਕਾਂ ਵਲੋਂ ਭਾਰਤੀ ਜਨਤਾ ਪਾਰਟੀ ਨੂੰ  ਅਜੇ ਮਿਸ਼ਰਾ ਟੈਨੀ ਨੂੰ  ਬਰਖ਼ਾਸਤ ਨਾ ਕਰਨ ਅਤੇ ਗਿ੍ਫ਼ਤਾਰ ਨਾ ਕਰਨ, ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਵਿਸ਼ਵਾਸਘਾਤ ਅਤੇ ਉੱਤਰ ਪ੍ਰਦੇਸ਼ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਦਾ ਸੱਦਾ ਦਿਤਾ ਜਾਵੇਗਾ |
ਮੋਰਚੇ ਨੇ ਸਪੱਸਟ ਕੀਤਾ ਹੈ ਕਿ 23 ਅਤੇ 24 ਫਰਵਰੀ ਨੂੰ  ਦੇਸ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਨੇ ਚਾਰ ਮਜਦੂਰ ਵਿਰੋਧੀ ਲੇਬਰ ਕੋਡ ਨੂੰ  ਵਾਪਸ ਲੈਣ ਦੇ ਨਾਲ-ਨਾਲ ਘੱਟੋ-ਘੱਟ ਸਮਰਥਨ ਮੁੱਲ ਅਤੇ ਨਿਜੀਕਰਨ ਵਰਗੇ ਮੁੱਦਿਆਂ 'ਤੇ ਦੇਸ ਵਿਆਪੀ ਹੜਤਾਲ ਦਾ ਸੱਦਾ ਦਿਤਾ ਹੈ |