ਪੰਜਾਬ ਨੂੰ ਇਕ ਕੱਟੜ ਤੇ ਇਮਾਨਦਾਰ ਮੁੱਖ ਮੰਤਰੀ ਚਾਹੀਦੈ : ਕੇਜਰੀਵਾਲ
ਪੰਜਾਬ ਨੂੰ ਇਕ ਕੱਟੜ ਤੇ ਇਮਾਨਦਾਰ ਮੁੱਖ ਮੰਤਰੀ ਚਾਹੀਦੈ : ਕੇਜਰੀਵਾਲ
ਕਿਹਾ, ਪੰਜਾਬ ਅੰਦਰ ਵਿਅਕਤੀ ਦਾ ਨਹੀਂ ਬਲਕਿ ਕਾਨੂੰਨ ਦਾ ਰਾਜ ਸਥਾਪਤ ਕਰਾਂਗੇ
ਫ਼ਿਲੌਰ, 28 ਜਨਵਰੀ (ਸੁਰਜੀਤ ਸਿੰਘ ਬਰਨਾਲਾ): ਫ਼ਿਲੌਰ ਹਲਕੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਰਵਾਲ ਵਲੋਂ ਉਮੀਦਵਾਰ ਪਿ੍ੰਸੀਪਲ ਪ੍ਰੇਮ ਕੁਮਾਰ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ | ਇਸ ਦੌਰਾਨ ਅਪਣੇ ਸੰਬੋਧਨ 'ਚ ਜਿਥੇ ਅਰਵਿੰਦ ਕੇਜਰੀਵਾਲ ਨੇ ਵਿਰੋਧੀਆਂ 'ਤੇ ਤਿੱਖੇ ਨਿਸ਼ਾਨੇ ਸਾਧੇ, ਉਥੇ ਹੀ ਉਨ੍ਹਾਂ ਭਗਵੰਤ ਮਾਨ ਦੀਆਂ ਤਾਰੀਫ਼ਾਂ ਵੀ ਕੀਤੀਆਂ | ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅੱਜ ਇਕ ਕੱਟੜ ਅਤੇ ਇਮਾਨਦਾਰ ਮੁੱਖ ਮੰਤਰੀ ਦੀ ਲੋੜ ਹੈ | ਪੰਜਾਬ ਨੂੰ ਇਕ ਇਮਾਨਦਾਰ ਸਰਕਾਰ ਚਾਹੀਦੀ ਹੈ |
ਉਨ੍ਹਾਂ ਚੰਨੀ ਸਰਕਾਰ 'ਤੇ ਵੱਡਾ ਹਮਲਾ ਬੋਲਦੇ ਹੋਏ ਕਿਹਾ ਕਿ ਮੁੱਖ ਮੰਤਰੀ ਚੰਨੀ 'ਤੇ ਦੋਸ਼ ਲੱਗ ਰਹੇ ਹਨ ਕਿ ਚੰਨੀ ਸਾਹਬ ਰੇਤਾ ਚੋਰੀ ਕਰਦੇ ਹਨ | ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰ 'ਚ ਈ. ਡੀ. ਦੀ ਰੇਡ ਹੋਈ ਤਾਂ ਕਈ ਵੱਡੇ-ਵੱਡੇ ਨੋਟਾਂ ਦੀਆਂ ਥੱਦੀਆਂ ਮਿਲੀਆਂ ਸਨ | ਉਨ੍ਹਾਂ ਕਿਹਾ ਕਿ ਚੰਨੀ ਸਾਹਬ ਨੂੰ 111 ਦਿਨ ਮਿਲੇ ਸਨ ਅਤੇ ਇਨ੍ਹਾਂ 111 ਦਿਨਾਂ 'ਚ ਵੀ ਉਨ੍ਹਾਂ ਨੇ ਕਮਾਲ ਕਰ ਕੇ ਵਿਖਾਇਆ ਹੈ, ਪੰਜਾਬ ਨੂੰ ਲੁਟਣ 'ਚ ਉਨ੍ਹਾਂ ਨੇ ਕੋਈ ਵੀ ਕਸਰ ਨਹੀਂ ਛੱਡੀ | ਇਸ ਤਰ੍ਹਾਂ ਹੀ ਜੇਕਰ ਰੇਤਾ ਚੋਰੀ ਕਰਨ ਵਾਲਿਆਂ ਦੀ ਸਰਕਾਰ ਪੰਜਾਬ 'ਚ ਬਣੇਗੀ ਤਾਂ ਕੀ ਪੰਜਾਬ ਦੇ ਸਕੂਲ ਵਧੀਆ ਹੋ ਸਕਦੇ ਹਨ, ਕੀ ਪੰਜਾਬ ਦੇ ਬੱਚਿਆਂ ਨੂੰ ਚੰਗਾ ਭਵਿੱਖ ਮਿਲ ਸਕਦਾ ਹੈ? ਅੱਜ ਪੰਜਾਬ ਨੂੰ ਵਧੀਆ ਕੱਟੜ ਅਤੇ ਇਮਾਨਦਾਰ ਮੁੱਖ ਮੰਤਰੀ ਦੀ ਲੋੜ ਹੈ, ਜੋ ਪੰਜਾਬ ਦਾ ਭਵਿੱਖ ਬਣਾ ਸਕੇ |
ਅਕਾਲੀਆਂ 'ਤੇ ਵੀ ਰਗੜੇ ਲਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ 1966 'ਚ ਪੰਜਾਬ ਵਖਰਾ ਸੂਬਾ ਬਣਿਆ ਸੀ, ਉਦੋਂ ਕਾਂਗਰਸ ਦੀ ਸਰਕਾਰ ਬਣੀ ਅਤੇ 26 ਸਾਲਾਂ ਤਕ ਕਾਂਗਰਸ ਦੀ ਸਰਕਾਰ ਰਹੀ ਹੈ | ਪੰਜਾਬ ਵਿਚ 19 ਸਾਲ ਤਕ ਬਾਦਲਾਂ ਦੀ ਸਰਕਾਰ ਰਹੀ ਹੈ | ਕਾਂਗਰਸ ਅਤੇ ਅਕਾਲੀਆਂ ਨੇ ਮਿਲ ਕੇ ਪੰਜਾਬ ਨੂੰ ਲੁਟਿਆ ਹੈ | ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਕਾਂਗਰਸੀ ਅਕਾਲੀਆਂ 'ਤੇ ਕੋਈ ਐਕਸ਼ਨ ਨਹੀਂ ਲੈਂਦੇ ਹਨ ਤੇ ਜਦੋਂ ਅਕਾਲੀਆਂ ਦੀ ਸਰਕਾਰ ਆਉਂਦੀ ਹੈ ਤਾਂ ਅਕਾਲੀ ਕਾਂਗਰਸੀਆਂ 'ਤੇ ਕੋਈ ਐਕਸ਼ਨ ਨਹੀਂ ਲੈਂਦੇ | ਦੋਹਾਂ ਪਾਰਟੀਆਂ ਨੇ ਮਿਲ ਕੇ ਪੰਜਾਬ ਨੂੰ ਲੁਟਿਆ ਹੈ | ਕੇਜਰੀਵਾਲ ਨੇ ਕਿਹਾ ਕਿ ਇਕ ਪਾਸੇ ਬਾਦਲਾਂ ਦਾ ਪ੍ਰਵਾਰ, ਚੰਨੀ ਅਤੇ ਬਾਕੀ ਭਿ੍ਸ਼ਟ ਨੇਤਾ ਹਨ ਅਤੇ ਇਕ ਪਾਸੇ ਇਮਾਨਦਾਰ ਇਨਸਾਨ ਭਗਵੰਤ ਮਾਨ ਹਨ | ਭਗਵੰਤ ਮਾਨ ਪਿਛਲੇ 7 ਸਾਲਾਂ ਤੋਂ ਸੰਸਦ ਮੈਂਬਰ ਹਨ | ਲੋਕ ਸਭਾ 'ਚ ਭਾਸ਼ਣ ਵੀ ਬਹੁਤ ਵਧੀਆ ਦਿੰਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ 'ਚ ਜੇਕਰ ਕੋਈ ਇਕ ਵਾਰ ਵਿਧਾਇਕ ਬਣ ਜਾਵੇ ਤਾਂ 5 ਕੋਠੀਆਂ ਬਣਵਾਉਣ ਦੇ ਨਾਲ-ਨਾਲ ਕਈ ਕਾਰਾਂ ਵੀ ਲੈ ਲੈਂਦਾ ਹੈ | ਇਕ ਪਾਸੇ ਭਗੰਵਤ ਮਾਨ ਹਨ, ਜੋ ਕਿ 7 ਸਾਲ ਤੋਂ ਸੰਸਦ ਮੈਂਬਰ ਹੋਣ ਦੇ ਬਾਵਜੂਦ ਵੀ ਕਿਰਾਏ ਦੇ ਮਕਾਨ 'ਚ ਰਹਿ ਰਹੇ ਹਨ | ਅਸੀਂ ਦੋਹਾਂ ਨੇ ਬੈਠ ਕੇ ਕਈ ਘੰਟਿਆਂ ਤਕ ਪੰਜਾਬ ਦੇ ਮੁੱਦਿਆਂ 'ਤੇ ਗੱਲਬਾਤ ਕੀਤੀ ਹੈ | ਪੰਜਾਬ ਦੇ ਬੱਚੇ ਸਾਰੇ ਬਾਹਰ ਜਾ ਰਹੇ ਹਨ | ਜੋ ਬਚੇ ਹਨ, ਉਹ ਨਸ਼ੇ ਵਲ ਤੁਰ ਪਏ ਹਨ | ਦਿੱਲੀ 'ਚ ਅਸੀਂ ਬੇਹੱਦ ਸ਼ਾਨਦਾਰ ਸਕੂਲ ਬਣਾਏ ਹਨ |
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਪੰਜਾਬ 'ਚ ਵੀ ਦਿੱਲੀ ਦੀ ਤਰਜ਼ 'ਤੇ ਸਿਖਿਆ ਵਿਵਸਥਾ 'ਚ ਸੁਧਾਰ ਕੀਤਾ ਜਾਵੇਗਾ | ਪੰਜਾਬ 'ਚ ਵੀ ਦਿੱਲੀ ਦੀ ਤਰਜ਼ 'ਤੇ ਮੁਫ਼ਤ 'ਚ ਬਿਜਲੀ ਦਿਤੀ ਜਾਵੇਗੀ |
ਇਹ ਤਾਂ ਹੀ ਸਫ਼ਲ ਹੋਵੇਗਾ ਜਦੋਂ ਪੰਜਾਬ 'ਚ ਕੱਟੜ ਅਤੇ ਇਮਾਨਦਾਰ ਸਰਕਾਰ ਆਵੇਗੀ |
ਕੇਜਰੀਵਾਲ ਨੇ ਕਿਹਾ ਕਿ ਬਾਬਾ ਅੰਬੇਡਕਰ ਸਾਹਿਬ ਦਾ ਸੁਪਨਾ ਸੀ ਹਰ ਬੱਚੇ ਨੂੰ ਵਧੀਆ ਸਿਖਿਆ ਦਿਤੀ ਜਾਵੇ ਪਰ ਪੰਜਾਬ 'ਚ 70 ਸਾਲਾਂ ਬਾਅਦ ਵੀ ਬੱਚਿਆਂ ਨੂੰ ਚੰਗੀ ਸਿਖਿਆ ਨਹੀਂ ਮਿਲ ਰਹੀ | ਦਿੱਲੀ 'ਚ ਅਸੀਂ ਉਨ੍ਹਾਂ ਦਾ ਸੁਪਨਾ ਪੂਰਾ ਕੀਤਾ ਹੈ ਅਤੇ ਪੰਜਾਬ 'ਚ ਵੀ ਸਰਕਾਰ ਆਉਣ 'ਤੇ ਉਨ੍ਹਾਂ ਦਾ ਸੁਪਨਾ ਪੂਰਾ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਦਿੱਲੀ ਦੇ ਸਰਕਾਰੀ ਦਫ਼ਤਰਾਂ ਵਿਚ ਅੰਬੇਦਕਰ ਅਤੇ ਭਗਤ ਸਿੰਘ ਦੀਆਂ ਤਸਵੀਰਾਂ ਲਗਣਗੀਆਂ | ਉਨ੍ਹਾਂ ਕਿਹਾ ਕਿ ਅਸੀਂ ਫ਼ਿਲੌਰ ਹਲਕੇ ਤੋਂ ਪਿ੍ੰਸੀਪਲ ਪ੍ਰੇਮ ਕੁਮਾਰ ਨੂੰ ਟਿਕਟ ਦਿਤੀ ਹੋਈ ਹੈ, ਜੋ ਕਿ ਇਕ ਆਮ ਆਦਮੀ ਹਨ | ਜਦੋਂ ਇਨ੍ਹਾਂ ਦਾ ਨਾਂ ਸਾਡੀ ਕਮੇਟੀ 'ਚ ਆਇਆ ਤਾਂ ਇਸ 'ਤੇ ਚਰਚਾ ਹੋਣ ਲੱਗੀ ਪਿ੍ੰਸੀਪਲ ਪ੍ਰੇਮ ਕੁਮਾਰ ਬੇਹੱਦ ਕੱਟੜ ਅਤੇ ਇਮਾਨਦਾਰ ਆਦਮੀ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲ ਵੀ ਮੇਰੇ ਵਾਂਗ ਚੋਣਾਂ ਲੜਨ ਲਈ ਪੈਸੇ ਨਹੀਂ ਹਨ | ਮੈਂ ਵੀ ਜਦੋਂ ਪਹਿਲੀ ਵਾਰ ਚੋਣ ਲੜੀ ਸੀ ਤਾਂ ਮੇਰੇ ਕੋਲ ਵੀ ਪੈਸੇ ਨਹੀਂ ਸਨ | ਜੇਕਰ ਜਨਤਾ ਸਾਥ ਦੇਵੇਗੀ ਤਾਂ ਅਸੀਂ ਜ਼ਰੂਰ ਜਿੱਤਾਂਗੇ | ਇਸ ਮੌਕੇ ਉਨ੍ਹਾਂ ਲੋਕਾਂ ਨੂੰ ਇਕ ਮੌਕਾ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਨੂੰ ਦੇਣ ਦੀ ਅਪੀਲ ਵੀ ਕੀਤੀ |
ਫੋਟੋ : ਜਲੰਧਰ 7, 7 ਏ, ਬੀ