ਕਿਸਾਨ-ਮਜ਼ਦੂਰ ਜਥੇਬੰਦੀ ਅੱਜ ਪੰਜਾਬ ਵਿਚ 14 ਥਾਵਾਂ ’ਤੇ ਤਿੰਨ ਘੰਟੇ ਕਰੇਗੀ ਰੇਲਾਂ ਦਾ ਚੱਕਾ ਜਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਅਪਣੇ ਐਲਾਨੇ ਪਹਿਲੇ ਪ੍ਰੋਗਰਾਮ ਮੁਤਾਬਕ 29 ਜਨਵਰੀ ਨੂੰ 1 ਤੋਂ 4 ਵਜੇ ਤਕ ਪੰਜਾਬ ਭਰ ਵਿਚ ਰੇਲਾਂ

photo

 

ਚੰਡੀਗੜ੍ਹ : ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਅਪਣੇ ਐਲਾਨੇ ਪਹਿਲੇ ਪ੍ਰੋਗਰਾਮ ਮੁਤਾਬਕ 29 ਜਨਵਰੀ ਨੂੰ 1 ਤੋਂ 4 ਵਜੇ ਤਕ ਪੰਜਾਬ ਭਰ ਵਿਚ ਰੇਲਾਂ ਦਾ ਚੱਕਾ 14 ਥਾਵਾਂ ਉਤੇ ਜਾਮ ਕਰੇਗੀ। ਇਸ ਦੀਆਂ ਤਿਆਰੀਆਂ ਮੁਕੰਮਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਕ ਫ਼ਰਵਰੀ ਨੂੰ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦਾ ਜੱਥਾ ਕੌਮੀ ਇਨਸਾਫ਼ ਮੋਰਚੇ ਵਿਚ ਵੀ ਪਹੁੰਚੇਗਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੰਦੋਲਨ ਨਾਲ ਇਕਜੁਟਤਾ ਪ੍ਰਗਟ ਕਰੇਗਾ। 

ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜ: ਸਕੱਤਰ ਸਰਵਣ ਸਿੰਘ ਪੰਧੇਰ ਨੇ ਦਸਿਆ ਕਿ ਭਾਰਤ ਸਟੇਟ ਵਲੋਂ ਘੱਟ ਗਿਣਤੀਆਂ, ਕਿਸਾਨਾਂ-ਮਜ਼ਦੂਰਾਂ ਉਤੇ ਕਾਰਪੋਰੇਟ ਜਗਤ ਦੇ ਹੱਕ ਵਿਚ ਕੀਤੇ ਜਾ ਰਹੇ ਜ਼ੁਲਮ ਜਬਰ ਵਿਰੁਧ 29 ਜਨਵਰੀ ਨੂੰ ਪੰਜਾਬ ਭਰ ਵਿਚ ਰੇਲ ਰੋਕੋ ਐਕਸ਼ਨ ਕੀਤਾ ਜਾ ਰਿਹਾ ਹੈ। ਤਰਨਤਾਰਨ ਵਿਚ ਤਿੰਨ ਥਾਵਾਂ, ਫ਼ਿਰੋਜ਼ਪੁਰ ਦੋ ਥਾਵਾਂ, ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ, ਮੋਗਾ, ਫ਼ਾਜ਼ਿਲਕਾ, ਫ਼ਰੀਦਕੋਟ, ਮਲੋਟ,ਮਾਨਸਾ, ਸਮਰਾਲਾ ਆਦਿ ਵਿਚ ਹਜ਼ਾਰਾਂ ਕਿਸਾਨ-ਮਜ਼ਦੂਰ, ਰੇਲ ਰੋਕੋ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ।  

ਉਨ੍ਹਾਂ ਦਸਿਆ ਕਿ 1 ਫ਼ਰਵਰੀ ਨੂੰ ਮੁਹਾਲੀ-ਚੰਡੀਗੜ੍ਹ ਦੀ ਹੱਦ ਉਤੇ ਲੱਗੇ ਪੱਕੇ ਮੋਰਚੇ ਵਿਚ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦਾ ਜਥਾ ਸ਼ਾਮਲ ਹੋਵੇਗਾ ਅਤੇ ਮੰਗ ਕਰੇਗਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆ ਉਤੇ ਪਰਚੇ ਦਰਜ ਕਰ ਕੇ ਗਿ੍ਰਫ਼ਤਾਰ ਕੀਤਾ ਜਾਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਤੀਆਂ ਜਾਣ ਤੇ 328 ਸਰੂਪਾਂ ਦੇ ਚੋਰੀ ਹੋਣ ਦਾ ਮਸਲਾ ਨਿਜੱਠਿਆ ਜਾਵੇ।

ਇਹ ਖ਼ਬਰ ਵੀ ਪੜ੍ਹੋ:ਅਦਾਕਾਰਾ ਰਾਖੀ ਸਾਵੰਤ ਦੀ ਮਾਂ ਦਾ ਹੋਇਆ ਦਿਹਾਂਤ: ਸਿਹਤ ਖ਼ਰਾਬ ਹੋਣ ਕਾਰਨ ਕਈ ਦਿਨਾਂ ਤੋਂ ਹਸਪਤਾਲ ਚ ਸਨ ਦਾਖ਼ਲ

ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਦੇਸ਼ ਵਿਚ ਸਰਮਾਏਦਾਰਾਂ ਦੀ ਤਾਨਾਸ਼ਾਹੀ ਹੈ ਜਿਸ ਵਿਚ ਭਾਰਤ ਦੇ 99% ਕਿਰਤੀ-ਕਾਮੇ ਅਸੁਰੱਖਿਅਤ ਹਨ। ਅਡਾਨੀ, ਅੰਬਾਨੀ ਅਜਿਹੇ ਕੁੱਝ ਕਾਰਪੋਰੇਟ ਘਰਾਣੇ ਸਾਰੇ ਦੇਸ਼ ਲੁੱਟ ਰਹੇ ਹਨ ਤੇ ਵੋਟਾਂ ਨਾਲ ਬਣੇ ਭਾਰਤੀ ਹਾਕਮ ਭਿ੍ਰਸ਼ਟਾਚਾਰ ਵਿਚ ਡੁੱਬ ਕੇ ਸੱਭ ਕੁੱਝ ਲੁੱਟਾ ਰਹੇ ਹਨ, ਦੇਸ਼ ਵਿਚ ਹਾਕਮਾਂ ਵਲੋਂ ਫ਼ਿਰਕੂ ਜ਼ਹਿਰ ਘੋਲ ਕੇ ਸਮਾਜ ਨੂੰ ਤੋੜਿਆ ਜਾ ਰਿਹਾ। ਕਿਸਾਨ ਆਗੂਆਂ ਨੇ ਪੰਜਾਬ ਦੀ ਜਨਤਾ ਨੂੰ ਮੈਦਾਨ ਵਿਚ ਆਉਣ ਦਾ ਸੱਦਾ ਦਿਤਾ ਹੈ । ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਮੰਗਾਂ ਮੰਨਣ ਤੋਂ ਇਲਾਵਾ ਕੇਂਦਰ ਸਰਕਾਰ ਤੋਂ ਦਿੱਲੀ ਮੋਰਚੇ ਦੌਰਾਨ ਮੰਨੀਆਂ ਸਾਰੀਆਂ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ ਹੈ।