ਫਗਵਾੜਾ ਵਿੱਚ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ, ਵਾਹਨਾਂ ਦੀ ਲਈ ਗਈ ਤਲਾਸ਼ੀ
ਪੰਜਾਬ ਭਰ ਵਿੱਚ ਅਪਰਾਧੀਆਂ ਖ਼ਿਲਾਫ਼ ਵੱਡਾ ਐਕਸ਼ਨ
ਫਗਵਾੜਾ: ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਪੰਜਾਬ ਪੁਲਿਸ ਵੱਲੋਂ ਅੱਜ ਪੂਰੇ ਸੂਬੇ ਵਿੱਚ ਅਪਰਾਧੀਆਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਵਿਸ਼ਾਲ ਪੱਧਰ ‘ਤੇ ਸਪੈਸ਼ਲ ਨਾਕਾਬੰਦੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਸੂਬੇ ਭਰ ਵਿੱਚ 500 ਤੋਂ ਵੱਧ ਥਾਵਾਂ ‘ਤੇ ਆਉਣ-ਜਾਣ ਵਾਲੇ ਹਰ ਵਾਹਨ ਦੀ ਸਖ਼ਤੀ ਨਾਲ ਜਾਂਚ ਕੀਤੀ ਗਈ।
ਇਸੇ ਕੜੀ ਤਹਿਤ ਫਗਵਾੜਾ ਸ਼ਹਿਰ ਦੇ ਚੰਡੀਗੜ੍ਹ ਬਾਈਪਾਸ ‘ਤੇ ਵੀ ਫਗਵਾੜਾ ਪੁਲਿਸ ਵੱਲੋਂ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਦੋ ਪਹੀਆ ਵਾਹਨਾਂ ਤੋਂ ਲੈ ਕੇ ਭਾਰੀ ਟਰੱਕਾਂ ਤੱਕ ਹਰ ਇਕ ਵਾਹਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਅਤੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਗਈ।
ਚੈਕਿੰਗ ਦੌਰਾਨ ਮੌਕੇ ‘ਤੇ ਪਹੁੰਚੇ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਮੁੱਖ ਉਦੇਸ਼ ਮਾੜੇ ਅਨਸਰਾਂ ‘ਤੇ ਨੱਥ ਪਾਉਣਾ, ਗੈਰਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਆਵਾਜਾਈ ਨੂੰ ਰੋਕਣਾ ਅਤੇ ਸ਼ੱਕੀ ਤੱਤਾਂ ‘ਤੇ ਸਖ਼ਤ ਨਿਗਰਾਨੀ ਰੱਖਣਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਸਾਹਮਣੇ ਆਉਣ ‘ਤੇ ਤੁਰੰਤ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਨਾਕਾਬੰਦੀਆਂ ਰਾਹੀਂ ਸੂਬੇ ਵਿੱਚ ਅਪਰਾਧ ‘ਤੇ ਪ੍ਰਭਾਵਸ਼ਾਲੀ ਕੰਟਰੋਲ ਬਣਾਇਆ ਜਾ ਰਿਹਾ ਹੈ, ਤਾਂ ਜੋ ਆਮ ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ।
ਇਸ ਮੌਕੇ ਐਸਪੀ ਫਗਵਾੜਾ ਮਾਧਵੀ ਸ਼ਰਮਾ, ਡੀਐਸਪੀ ਫਗਵਾੜਾ ਭਾਰਤ ਭੂਸ਼ਣ, ਵੱਖ-ਵੱਖ ਥਾਣਿਆਂ ਦੇ ਐਸਐਚਓ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਮੌਜੂਦ ਰਹੇ, ਜਿਨ੍ਹਾਂ ਨੇ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਅੰਜਾਮ ਦਿੱਤਾ।