ਜ਼ੀਰਕਪੁਰ ’ਚ ਏਅਰਪੋਰਟ ਰੋਡ ’ਤੇ ਵਾਪਰਿਆ ਭਿਆਨਕ ਸੜਕ ਹਾਦਸਾ
ਤੇਜ਼ ਰਫ਼ਤਾਰ ਫਾਰਚੂਨਰ ਨੇ ਆਟੋ ਨੂੰ ਮਾਰੀ ਟੱਕਰ, ਫਿਰ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਟਕਰਾਈ, 3 ਮੌਤਾਂ
ਜ਼ੀਰਕਪੁਰ: ਜ਼ੀਰਕਪੁਰ ਦੇ ਪੀਆਰ-7 ਏਅਰਪੋਰਟ ਰੋਡ ‘ਤੇ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਬੇਕਾਬੂ ਤੇਜ਼ ਰਫ਼ਤਾਰ ਫਾਰਚੂਨਰ ਕਾਰ ਨੇ ਪਹਿਲਾਂ ਸਵਾਰੀਆਂ ਨਾਲ ਭਰੇ ਇੱਕ ਆਟੋ ਨੂੰ ਭਿਆਨਕ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਸੜਕ ਦੇ ਕਿਨਾਰੇ ਖੜੇ ਟਰਾਲੇ ਵਿੱਚ ਜਾ ਵੜੀ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਫਾਰਚੂਨਰ ਕਾਰ ਦੇ ਪਰਖੱਚੇ ਉੱਡ ਗਏ।
ਇਸ ਭਿਆਨਕ ਹਾਦਸੇ ਵਿੱਚ ਫਾਰਚੂਨਰ ਗੱਡੀ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਮੌਕੇ ‘ਤੇ ਅਫ਼ਰਾ-ਤਫ਼ਰੀ ਮਚ ਗਈ ਅਤੇ ਸੜਕ ‘ਤੇ ਲੰਮਾ ਜਾਮ ਲੱਗ ਗਿਆ।
ਮੌਕੇ ‘ਤੇ ਮੌਜੂਦ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਫਾਰਚੂਨਰ ਗੱਡੀ ਬਹੁਤ ਹੀ ਤੇਜ਼ ਰਫ਼ਤਾਰ ਵਿੱਚ ਸੀ ਅਤੇ ਡਰਾਈਵਰ ਗੱਡੀ ‘ਤੇ ਕੰਟਰੋਲ ਨਹੀਂ ਰੱਖ ਸਕਿਆ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਆਟੋ ਸਵਾਰੀਆਂ ਦੂਰ-ਦੂਰ ਤੱਕ ਜਾ ਡਿੱਗੀਆਂ।
ਹਾਦਸੇ ਵਿੱਚ ਫਾਰਚੂਨਰ ਗੱਡੀ ਵਿੱਚ ਸਵਾਰ ਮਹਿਲਾਵਾਂ ਅਤੇ ਛੋਟੇ ਬੱਚੇ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਭੇਜਿਆ ਗਿਆ। ਉੱਥੇ ਹੀ ਆਟੋ ਵਿੱਚ ਸਵਾਰ ਜ਼ਖਮੀਆਂ ਨੂੰ ਵੀ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਹਾਦਸਾ ਇੰਨਾ ਭਿਆਨਕ ਸੀ ਕਿ ਫਾਰਚੂਨਰ ਕਾਰ ਦਾ ਡਰਾਈਵਰ ਗੱਡੀ ਦੇ ਅੰਦਰ ਬੁਰੀ ਤਰ੍ਹਾਂ ਫਸ ਗਿਆ। ਪੁਲਿਸ ਅਤੇ ਸਥਾਨਕ ਲੋਕਾਂ ਨੇ ਕਾਫ਼ੀ ਮਸ਼ੱਕਤ ਕਰਕੇ ਕਰੀਬ ਅੱਧੇ ਘੰਟੇ ਬਾਅਦ ਡਰਾਈਵਰ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ।
ਸੂਚਨਾ ਮਿਲਦੇ ਹੀ ਥਾਣਾ ਜ਼ੀਰਕਪੁਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।