ਕਰਜ਼ੇ ਤੋਂ ਤੰਗ ਕਿਸਾਨ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਥੋਂ ਦੇ ਨੇੜਲੇ ਪਿੰਡ ਚੀਮਨਾਂ ਦੇ ਕਰੀਬ 48 ਸਾਲਾ ਕਿਸਾਨ ਜਗਰੂਪ ਸਿੰਘ ਪੁੱਤਰ ਬੂਟਾ ਸਿੰਘ ਜਿਸ ਨੇ ਅਪਣੇ ਸਿਰ ਚੜੇ ਕਰਜ਼ੇ ਤੋਂ...

suicide

ਜਗਰਾਉਂ (ਪਰਮਜੀਤ ਸਿੰਘ ਗਰੇਵਾਲ) : ਇਥੋਂ ਦੇ ਨੇੜਲੇ ਪਿੰਡ ਚੀਮਨਾਂ ਦੇ ਕਰੀਬ 48 ਸਾਲਾ ਕਿਸਾਨ ਜਗਰੂਪ ਸਿੰਘ ਪੁੱਤਰ ਬੂਟਾ ਸਿੰਘ ਜਿਸ ਨੇ ਅਪਣੇ ਸਿਰ ਚੜੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਸਿੱਧਵਾਂ ਬਰਾਂਚ ਨਹਿਰ ਦੇ ਗੋਰਸੀਆਂ ਮੱਖਣ ਵਾਲੇ ਪੁਲ ਤੋਂ ਛਾਲ ਮਾਰ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਬਹੁਤ ਹੀ ਦੁੱਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਜਗਰੂਪ ਸਿੰਘ ਅਪਣੇ ਸਿਰ ਚੜੇ ਸਹਿਕਾਰੀ ਖੇਤੀਬਾੜੀ ਸਭਾ ਦੇ ਕਰਜੇ ਸਮੇਤ ਹੋਰ ਕਰਜਿਆਂ ਨੂੰ ਲੈ ਕੇ ਪ੍ਰੇਸ਼ਾਨ ਸੀ। ਅੱਜ ਉਹ ਕਰੀਬ 8 ਵਜੇ ਮੋਟਰਸਾਈਕਲ 'ਤੇ ਅਪਣੇ ਖੇਤ ਵਿਚ ਮਜ਼ਦੂਰਾਂ ਨੂੰ ਰੋਟੀ ਦੇਣ ਉਪਰੰਤ ਸਿੱਧਵਾਂ ਬਰਾਂਚ ਨਹਿਰ 'ਤੇ ਆਇਆ ਅਤੇ ਅਪਣਾ ਮੋਟਰਸਾਈਕਲ ਖੜਾ ਕਰ ਕੇ ਨਹਿਰ ਵਿਚ ਛਾਲ ਮਾਰ ਦਿਤੀ।

 ਇਸ ਉਪਰੰਤ ਘਰਦਿਆਂ ਨੂੰ ਸ਼ੱਕ ਹੋ ਗਈ ਅਤੇ ਉਨਾਂ ਨੇ ਤਰੁੰਤ ਸਿੱਧਵਾਂ ਬੇਟ ਦੀ ਪੁਲਿਸ ਨੂੰ ਸੂਚਨਾ ਦਿਤੀ। ਇਸ ਉਪਰੰਤ ਪੁਲਿਸ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਜਗਰੂਪ ਸਿੰਘ ਦੀ ਨਹਿਰ ਵਿਚ ਭਾਲ ਕੀਤੀ ਸ਼ੁਰੂ ਕਰ ਦਿਤੀ ਅਤੇ ਉਸ ਦੀ ਲਾਸ਼ ਨੂੰ ਗੋਰਸੀਆਂ ਮੱਖਣ ਤੇ ਰਾਊਵਾਲ ਵਾਲੇ ਪੁਲ ਤੇ ਬਣੇ ਪਾਵਰ ਹਾਊਸ ਕੋਲੋਂ ਬਰਾਮਦ ਕਰ ਲਿਆ। ਥਾਣਾ ਸਿੱਧਵਾਂ ਵਿਖੇ ਤਾਇਨਾਤ ਥਾਣੇਦਾਰ ਬਹਾਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਜਗਰੂਪ ਸਿੰਘ ਦੇ ਪੁੱਤਰ ਪਰਮਪਾਲ ਸਿੰਘ ਨੇ ਦਰਜ਼ ਕਰਵਾਏ ਬਿਆਨਾਂ ਵਿਚ ਦਸਿਆ ਕਿ ਮੇਰਾ ਪਿਤਾ ਅਕਸਰ ਹੀ ਅਪਣੇ ਸਿਰ ਚੜੇ ਕਰਜ਼ੇ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਮੇਰੀ ਕੈਨੇਡਾ ਵਿਚ ਪੜਣ ਗਈ ਭੈਣ ਦੀ ਫ਼ੀਸ ਦਾ ਵੀ ਇੰਤਜ਼ਾਮ ਨਹੀ ਹੋ ਰਿਹਾ ਸੀ। ਇਸ ਤੋਂ ਦੁਖੀ ਹੋ ਕੇ ਉਸ ਨੇ ਨਹਿਰ ਵਿਚ ਛਾਲ ਮਾਰ ਦਿਤੀ। ਉਨਾ ਦਸਿਆ ਕਿ ਪਰਮਪਾਲ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਵਾਰਿਸਾਂ ਨੂੰ ਸ਼ੌਂਪ ਦਿਤੀ ਜਾਵੇਗੀ।