ਪਟਿਆਲਾ ਤੋਂ ਸਾਂਸਦ ਧਰਮਵੀਰ ਗਾਂਧੀ ਵਲੋਂ 'ਪੰਜਾਬ ਮੰਚ' ਦਾ ਐਲਾਨ
ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ 'ਪੰਜਾਬ ਮੰਚ' ਨਾਂ ਦੇ ਨਵੇਂ ਫੋਰਮ ਦੇ ਗਠਨ ਦਾ ਐਲਾਨ ਕੀਤਾ। ਡਾ. ਗਾਂਧੀ ਨੇ ਕਿਹਾ ਕਿ ਆਉਣ ਵਾਲੇ...
ਪਟਿਆਲਾ : ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ 'ਪੰਜਾਬ ਮੰਚ' ਨਾਂ ਦੇ ਨਵੇਂ ਫੋਰਮ ਦੇ ਗਠਨ ਦਾ ਐਲਾਨ ਕੀਤਾ। ਡਾ. ਗਾਂਧੀ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਹ ਫੋਰਮ ਇਕ ਸਿਆਸੀ ਪਾਰਟੀ ਦਾ ਰੂਪ ਧਾਰਨ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਲੋਕਾਂ ਨਾਲ ਮੁਲਾਕਾਤ ਕਰਾਂਗੇ, ਜਿਸ ਤੋਂ ਬਾਅਦ ਇਕ ਵੱਡੀ ਮੀਟਿੰਗ ਕੀਤੀ ਜਾਵੇਗੀ। ਡਾ. ਗਾਂਧੀ ਨੇ ਕਿਹਾ ਕਿ ਇਕ-ਦੋ ਮਹੀਨਿਆਂ ਅੰਦਰ ਸਿਆਸੀ ਪਾਰਟੀ ਬਣਾ ਲਈ ਜਾਵੇਗੀ।
ਧਰਮਵੀਰ ਗਾਂਧੀ ਦਾ ਇਹ ਮੰਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਪਣੀਆਂ ਸਰਗਰਮੀਆਂ ਸ਼ੁਰੂ ਕਰ ਦੇਵੇਗਾ। ਇਸ ਦਾ ਮਕਸਦ ਪੰਜਾਬੀਆਂ ਨੂੰ ਇਕਜੁੱਟ ਕਰਨਾ ਹੈ। ਜ਼ਿਕਰਯੋਗ ਹੈ ਕਿ ਡਾਂ. ਗਾਂਧੀ ਵਲੋਂ ਪਹਿਲਾਂ 'ਪੰਜਾਬ ਫਰੰਟ' ਦੇ ਨਾਂ 'ਤੇ ਸਿਆਸੀ ਸਰਗਰਮੀਆਂ ਚਲਾਈਆਂ ਜਾ ਰਹੀਆਂ ਸਨ ਪਰ ਹੁਣ ਇਹ ਨਵੇਂ ਸਿਆਸੀ ਮੰਚ 'ਤੇ ਕੰਮ ਕਰਨਗੇ। ਡਾ. ਗਾਂਧੀ ਨੇ ਕਿਹਾ ਕਿ ਇਹ ਅਜਿਹੇ ਸਿਆਸੀ ਮੰਚ ਦੀ ਇੱਛਾ ਰੱਖਦੇ ਹਨ, ਜੋ ਸਿੱਖਾਂ ਅਤੇ ਹਿੰਦੂਆਂ ਦੇ ਨਾਲ-ਨਾਲ ਦਲਿਤਾਂ ਦੀ ਵੀ ਪ੍ਰਤੀਨਿਧਤਾ ਕਰੇ। ਉਨ੍ਹਾਂ ਕਿਹਾ ਕਿ ਨਵਾਂ ਸਿਆਸੀ ਮੰਚ ਸਿਰਫ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਸਬੰਧਿਤ ਮਸਲਿਆਂ 'ਤੇ ਆਧਾਰਿਤ ਹੋਵੇਗਾ।
ਪੰਜਾਬ ਮੰਚ ਦੇ ਮੋਢੀ ਮੈਂਬਰ ਹਨ: ਡਾ ਧਰਮਵੀਰ ਗਾਂਧੀ, ਡਾ ਜਗਮੀਤ ਚੀਮਾ, ਪ੍ਰੋ ਬਾਵਾ ਸਿੰਘ, ਪ੍ਰੋ ਮਲਕੀਅਤ ਸਿੰਘ ਸੈਨੀ, ਪ੍ਰੋ ਰੌਣਕੀ ਰਾਮ, ਸ ਸੁਖਦੇਵ ਸਿੰਘ ਪੱਤਰਕਾਰ, ਸ੍ਰੀਮਤੀ ਹਰਮੀਤ ਬਰਾੜ, ਸ਼੍ਰੀਮਤੀ ਗੁਰਪ੍ਰਤੀ ਗਿੱਲ ਅਤੇ ਡਾ ਹਰਿੰਦਰ ਜ਼ੀਰਾ।