ਸਰਕਾਰ ਦੀ ਸਖ਼ਤੀ ਨੇ ਸਸਤੀ 'ਸ਼ਰਾਬ' ਦੇ ਸ਼ੌਕੀਨਾਂ ਦਾ ਸਬਰ ਤੋੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘੱਟ ਰੇਟ 'ਤੇ ਸ਼ਰਾਬ ਵੇਚਣ ਤੋਂ ਰੋਕਣ ਲਈ ਬਣਾਈਆਂ ਟੀਮਾਂ 

Liquor

 ਸਰਕਾਰ ਦੀ ਸਖ਼ਤੀ ਨੇ ਇਸ ਵਾਰ ਸਸਤੀ ਸ਼ਰਾਬ ਦੇ ਸ਼ੌਕੀਨਾਂ ਦੇ ਚਾਅ ਮੱਠੇ ਪਾ ਦਿਤੇ ਹਨ। ਨਵੇਂ ਠੇਕੇਦਾਰਾਂ ਨੂੰ ਖ਼ੁਸ਼ ਕਰਨ ਅਤੇ ਅਪਣੇ ਖ਼ਜ਼ਾਨੇ ਨੂੰ ਖੋਰਾ ਲੱਗਣ ਤੋਂ ਬਚਾਉਣ ਲਈ ਐਕਸਾਈਜ਼ ਵਿਭਾਗ ਨੇ ਬੀਤੇ ਕਲ ਤੋਂ 31 ਮਾਰਚ ਤਕ ਵਿਸ਼ੇਸ਼ ਟੀਮਾਂ ਬਣਾ ਕੇ ਵਿਸ਼ੇਸ਼ ਚੈਕਿੰਗਾਂ ਸ਼ੁਰੂ ਕਰ ਦਿਤੀਆਂ ਹਨ। ਵਿਭਾਗੀ ਸੂਤਰਾਂ ਮੁਤਾਬਕ ਇੰਨੀ ਸਖ਼ਤੀ ਪਹਿਲੀ ਵਾਰ ਕੀਤੀ ਹੈ ਜਿਸ ਦੇ ਚੱਲਦੇ ਐਕਸਾਈਜ਼ ਵਿੰਗ ਤੋਂ ਇਲਾਵਾ ਸੇਲ ਅਤੇ ਵੈਟ ਟੈਕਸ ਦੇ ਈ.ਟੀ.ਓਜ਼ ਅਤੇ ਇੰਸਪੈਕਟਰਾਂ ਨੂੰ ਵੀ ਇਸ ਕੰਮ ਵਿਚ ਲਗਾ ਦਿਤਾ ਹੈ। ਵਿਭਾਗ ਦੀ ਇਸ ਸਖ਼ਤੀ ਤੋਂ ਅੰਦਰਖਾਤੇ ਦੋ ਦਿਨਾਂ ਨੂੰ ਸਟਾਕ ਛੱਡ ਰਹੇ ਠੇਕੇਦਾਰ ਵੀ ਦੁਖੀ ਹਨ। ਸੂਤਰਾਂ ਅਨੁਸਾਰ ਵਿਭਾਗ ਦੇ ਅਧਿਕਾਰੀਆਂ ਨੇ ਠੇਕੇਦਾਰਾਂ ਨੂੰ ਸਰਕਾਰ ਵਲੋਂ ਤੈਅਸ਼ੁਦਾ ਘੱਟੋ-ਘੱਟ ਰੇਟ ਤੋਂ ਹੇਠਾਂ ਸ਼ਰਾਬ ਵੇਚਣ ਤੋਂ ਸਖ਼ਤ ਮਨਾਹੀ ਕਰ ਦਿਤੀ ਹੈ। ਪੰਜਾਬ 'ਚ ਪਹਿਲੀ ਵਾਰ 31 ਮਾਰਚ ਨੂੰ ਠੇਕੇ ਟੁੱਟਣ ਤੋਂ ਪਹਿਲਾਂ ਸਟਾਕ ਕੱਢਣ ਉਪਰ ਵਿਭਾਗ ਦੀ ਸਖ਼ਤੀ ਦੇਖੀ ਜਾ ਰਹੀ ਹੈ।ਸੂਤਰਾਂ ਅਨੁਸਾਰ ਹਾਲਾਂਕਿ ਪੰਜਾਬ ਦੇ ਸਾਰੇ ਹਿੱਸਿਆਂ ਵਿਚ ਹੀ ਵਿਭਾਗ ਵਲੋਂ ਇਹ ਹੁਕਮ ਕੱਢੇ ਹਨ ਪਰ ਬਠਿੰਡਾ, ਮਾਨਸਾ ਤੇ ਹਰਿਆਣਾ ਦੀ ਹੱਦ ਨਾਲ ਲੱਗਦੇ ਮਾਲਵਾ ਦੇ ਦੂਜੇ ਜ਼ਿਲ੍ਹਿਆਂ ਵਿਚ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ। ਪਿਛਲੇ ਸਮਿਆਂ ਦੌਰਾਨ ਸੱਭ ਤੋਂ ਵੱਡਾ ਮੁੱਦਾ ਹਰਿਆਣਾ ਤੋਂ ਤਸਕਰੀ ਹੋ ਕੇ ਆਉਂਦੀ ਸ਼ਰਾਬ ਦਾ ਹੀ ਬਣਿਆ ਰਿਹਾ ਹੈ। ਸੂਤਰਾਂ ਮੁਤਾਬਕ ਬੀਤੇ ਕਲ ਬਠਿੰਡਾ 'ਚ ਸਸਤੀ ਸ਼ਰਾਬ ਨੂੰ ਵੇਚਣ ਤੋਂ ਰੋਕਣ ਲਈ 10 ਦੇ ਕਰੀਬ ਟੀਮਾਂ ਬਣਾਈਆਂ ਗਈਆਂ ਹਨ। ਇਸੇ ਤਰ੍ਹਾਂ ਫ਼ਰੀਦਕੋਟ ਜ਼ਿਲ੍ਹੇ 'ਚ ਵੀ ਅੱਧੀ ਦਰਜਨ ਟੀਮਾਂ ਸਸਤੀ ਸ਼ਰਾਬ ਨੂੰ ਵਿਕਣ ਤੋਂ ਰੋਕਣ ਲਈ ਲੱਗੀਆਂ ਹੋਈਆਂ ਹਨ ਜਦਕਿ ਮਾਨਸਾ ਜ਼ਿਲ੍ਹੇ ਦੀ ਜ਼ਿਆਦਾਤਰ ਹੱਦ ਹਰਿਆਣਾ ਨਾਲ  ਲਗਦੀ ਹੋਣ ਕਾਰਨ ਇੱਥੇ ਜ਼ਿਆਦਾ ਚੌਕਸੀ ਦਿਖਾਈ ਜਾ ਰਹੀ ਹੈ। 

ਵਿਭਾਗ ਦੇ ਸੂਤਰਾਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਠੇਕੇਦਾਰਾਂ ਨੂੰ ਜਾਰੀ ਪਰਮਿਟ 'ਤੇ ਬਕਾਇਆ ਪਏ ਸਟਾਕ ਉਪਰ ਵਿਸ਼ੇਸ਼ ਨਜ਼ਰ ਰੱਖੀ ਹੋਈ ਹੈ। ਇਸ ਤੋਂ ਇਲਾਵਾ ਥੋਕ 'ਚ ਸਸਤੀ ਸ਼ਰਾਬ ਚੁੱਕਣ ਵਾਲਿਆਂ ਨੂੰ ਵੀ ਨੱਪਿਆ ਜਾ ਰਿਹਾ। ਇਕ ਅਧਿਕਾਰੀ ਨੇ ਪ੍ਰਗਟਾਵਾ ਕੀਤਾ ਕਿ ਵਿਭਾਗ ਅਜਿਹਾ ਕਰ ਕੇ ਇਕ ਤੀਰ ਨਾਲ ਦੋ ਨਿਸ਼ਾਨੇ ਲਗਾ ਰਿਹਾ ਹੈ। ਇਕ ਤਾਂ ਇਸ ਵਿਸ਼ੇਸ਼ ਮੁਹਿੰਮ ਨਾਲ ਇਕ ਅਪ੍ਰੈਲ ਤੋਂ ਪੰਜਾਬ ਸਰਕਾਰ ਦਾ ਖ਼ਜ਼ਾਨਾ ਭਰਨ ਵਾਲੇ ਠੇਕੇਦਾਰ ਖ਼ੁਸ਼ ਹੋ ਜਾਣਗੇ ਦੂਜਾ ਬਕਾਇਆ ਸਟਾਕ ਬਚਣ ਕਾਰਨ ਉਹ ਅਗਲੇ ਵਿੱਤੀ ਸਾਲ ਲਈ ਕੈਰੀਫ਼ਾਰਵਰਡ ਹੋ ਜਾਵੇਗਾ, ਜਿਸ ਤੋਂ ਸਰਕਾਰ ਨੂੰ ਭਾਰੀ ਆਮਦਨ ਹੋਵੇਗੀ। ਦਸਣਾ ਬਣਦਾ ਹੈ ਕਿ ਨਵੀਂ ਪਾਲਿਸੀ ਮੁਤਾਬਕ ਬਕਾਇਆ ਸਟਾਕ ਨੂੰ ਦੂਜੇ ਵਿੱਤੀ ਸਾਲ 'ਚ ਤਬਦੀਲ ਕਰਨ ਲਈ ਉਸ ਉਪਰ ਸਰਕਾਰ ਦੁਆਰਾ ਸਾਰੀਆਂ ਲੈਵੀਜ਼ ਲਈਆਂ ਜਾਣਗੀਆਂ। ਹਾਲਾਂਕਿ ਪਿਛਲੇ ਸਾਲਾਂ ਦੌਰਾਨ ਅਜਿਹਾ ਕਰਨ 'ਤੇ ਸਿਰਫ਼ ਲੈਵੀਜ਼ ਦਾ ਅੰਤਰ ਹੀ ਭਰਾਇਆ ਜਾਂਦਾ ਰਿਹਾ ਹੈ। ਇਸ ਵਾਰ ਗਰੁਪ ਛੋਟੇ ਹੋਣ ਕਾਰਨ ਠੇਕੇਦਾਰਾਂ ਦੇ ਖੇਤਰਾਂ 'ਚ ਨਾਜਾਇਜ਼ ਸ਼ਰਾਬ ਵਿਕਣ ਤੋਂ ਰੋਕਣ ਲਈ ਵੀ ਅਜਿਹਾ ਕੀਤਾ ਜਾ ਰਿਹਾ। ਦਸਣਾ ਬਣਦਾ ਹੈ ਕਿ ਪਿਛਲੇ ਸਾਲਾਂ ਦੌਰਾਨ 31 ਮਾਰਚ ਨੂੰ ਸਰਾਬ ਸਸਤੀ ਹੋਣ ਕਾਰਨ ਆਮ ਲੋਕ ਵੀ ਕਈ-ਕਈ ਮਹੀਨਿਆਂ ਦਾ ਕੋਟਾ ਇਕੱਠਾ ਕਰ ਲੈਂਦੇ ਸਨ, ਜਿਸ ਦੇ ਨਾਲ ਅਪ੍ਰੈਲ ਦਾ ਸਾਰਾ ਮਹੀਨਾ ਠੇਕੇਦਾਰਾਂ ਲਈ ਖ਼ਾਲੀ ਰਹਿੰਦਾ ਸੀ। ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਇਕ ਸਰਕਲ ਨੂੰ ਛੱਡ ਬਾਕੀ ਸਾਰੇ ਸਰਕਲ ਪੁਰਾਣੇ ਮਲਹੋਤਰਾ ਗਰੁਪ ਨੂੰ ਮੁੜ ਨਿਕਲ ਆਏ ਹਨ। ਇਸੇ ਤਰ੍ਹਾਂ ਫ਼ਰੀਦਕੋਟ 'ਚ ਵੀ ਇਸੇ ਗਰੁਪ ਦੀ ਸਰਦਾਰੀ ਹੈ। ਹਾਲਾਂ ਕਿ ਮਾਨਸਾ 'ਚ ਕਈ ਨਵੇਂ ਖਿਲਾੜੀ ਵੀ ਸਾਹਮਣੇ ਆਏ ਹਨ। ਵਿਭਾਗ ਦੇ ਸੂਤਰਾਂ ਮੁਤਾਬਕ ਮੁੜ ਪੁਰਾਣੇ ਠੇਕੇਦਾਰਾਂ ਦੀ ਸਰਦਾਰੀ ਹੋਣ ਦੇ ਬਾਵਜੂਦ ਮਲਹੋਤਰਾ ਪਰਿਵਾਰ ਦੀਆਂ ਦੋ ਡਿਸਟਿਲਰੀਆਂ ਹੋਣ ਕਾਰਨ ਵੀ ਅਧਿਕਾਰੀ ਕੋਈ ਢਿੱਲ ਨਹੀਂ ਦਿਖਾ ਰਹੇ।