ਗੁਰਦਵਾਰੇ 'ਚੋਂ ਹੋਇਆ ਸੀ ਦਲਿਤਾਂ ਦੇ ਬਾਈਕਾਟ ਦਾ ਐਲਾਨ
ਅਨੁਸੂਚਿਤ ਜਾਤੀ ਕਮਿਸ਼ਨ ਦੀ ਟੀਮ ਨੇ ਅੱਜ ਸੰਗਰੂਰ ਦੇ ਪਿੰਡ ਧੰਦੀਵਾਲ ਦਾ ਦੌਰਾ ਕੀਤਾ ਜਿਥੇ ਜਨਰਲ ਅਤੇ ਦਲਿਤ ਵਰਗਾਂ ਵਿਚਕਾਰ ਵਿਵਾਦ ਚੱਲ ਰਿਹਾ ਹੈ।
ਸੰਗਰੂਰ/ਸ਼ੇਰਪੁਰ, 6 ਅਗੱਸਤ (ਗੁਰਦਰਸ਼ਨ ਸਿੰਘ ਸਿੱਧੂ/ਬਲਜੀਤ ਸਿੰਘ ਸਿੱਧੂ) : ਅਨੁਸੂਚਿਤ ਜਾਤੀ ਕਮਿਸ਼ਨ ਦੀ ਟੀਮ ਨੇ ਅੱਜ ਸੰਗਰੂਰ ਦੇ ਪਿੰਡ ਧੰਦੀਵਾਲ ਦਾ ਦੌਰਾ ਕੀਤਾ ਜਿਥੇ ਜਨਰਲ ਅਤੇ ਦਲਿਤ ਵਰਗਾਂ ਵਿਚਕਾਰ ਵਿਵਾਦ ਚੱਲ ਰਿਹਾ ਹੈ।
ਮਜ਼ਦੂਰਾਂ ਵਲੋਂ ਦਿਹਾੜੀ ਵਧਾਏ ਜਾਣ ਦੀ ਮੰਗ ਕਾਰਨ ਜ਼ਿਮੀਂਦਾਰਾਂ ਦੁਆਰਾ ਦਲਿਤਾਂ ਦਾ ਬਾਈਕਾਟ ਕੀਤੇ ਜਾਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਡਾ. ਰਾਜ ਸਿੰਘ, ਮੈਂਬਰਾਨ ਤਰਸੇਮ ਸਿੰਘ ਸਿਆਲਕਾ ਅਤੇ ਦਰਸ਼ਨ ਸਿੰਘ ਕੋਟ ਕਰਾਰ ਖਾਂ ਪਿੰਡ ਧੰਦੀਵਾਲ ਪੁੱਜੇ ਤੇ ਦਲਿਤਾਂ ਤੇ ਜ਼ਿਮੀਂਦਾਰਾਂ ਦੇ ਬਿਆਨ ਦਰਜ ਕੀਤੇ। ਦਲਿਤਾਂ ਵਲੋਂ ਹੰਸ ਰਾਜ, ਸਰਪੰਚ ਕੁਲਵੰਤ ਸਿੰਘ ਅਤੇ ਪੰਚ ਰਣਜੀਤ ਕੌਰ ਨੇ ਦਿਹਾੜੀ ਤੋਂ ਬਾਈਕਾਟ ਤੇ ਸਮਝੌਤੇ ਤਕ ਦੇ ਪੂਰੇ ਮਾਮਲੇ ਬਾਰੇ ਵਿਸਥਾਰ ਨਾਲ ਦਸਿਆ। ਦਲਿਤ ਔਰਤਾਂ ਨੇ ਖੇਤ 'ਚੋਂ ਕੱਢੇ ਕੱਖ ਸੁਟਵਾ ਲੈਣ ਬਾਰੇ ਦਸਿਆ। ਦਲਿਤਾਂ ਨੇ 19 ਜੁਲਾਈ ਤੋਂ ਬਾਈਕਾਟ ਹੋਣ ਤੋਂ 4 ਅਗੱਸਤ ਨੂੰ ਸਮਝੌਤਾ ਹੋਣ ਤਕ ਦੇ ਘਟਨਾਕ੍ਰਮ ਦੌਰਾਨ ਖੇਤਾਂ 'ਚ ਦਲਿਤਾਂ ਦਾ ਜਾਣਾ ਬੰਦ ਕਰਨ, ਦੁਧ ਬੰਦ ਕਰਨ, ਰਾਸ਼ਨ ਬੰਦ ਕਰਨ ਬਾਰੇ ਦਸਿਆ। (ਬਾਕੀ ਸਫ਼ਾ 11 'ਤੇ)
ਕਿਸਾਨਾਂ ਵਲੋਂ ਸਮਿਤੀ ਮੈਂਬਰ ਰਹੇ ਰਾਜਕੁਮਾਰ,ਗੁਰਮੀਤ ਸਿੰਘ ਨੇ ਪਿੰਡ ਵਿਚ ਕਿਸੇ ਵੀ ਕਿਸਮ ਦਾ ਬਾਈਕਾਟ ਹੋਣ ਤੋਂ ਇਨਕਾਰ ਕਰਦਿਆਂ ਪੂਰੇ ਘਟਨਾਕ੍ਰਮ ਨੂੰ ਮਹਿਜ਼ ਦਿਹਾੜੀ ਸਬੰਧੀ ਰੌਲਾ ਦਸਿਆ। ਕੱਖ ਰਖਾਏ ਜਾਣ ਵਾਲੇ ਮਾਮਲੇ ਸਬੰਧੀ ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਛੋਟਾ ਕਿਸਾਨ ਹੈ, ਉਸ ਨੇ ਇਹੋ ਕਿਹਾ ਸੀ ਕਿ ਉਸ ਦੇ ਪਸ਼ੂਆਂ ਨੂੰ ਹਰੇ ਚਾਰੇ ਦੀ ਘਾਟ ਹੈ।
ਡਾ. ਰਾਜ ਸਿੰਘ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਮੰਨਿਆ ਕਿ ਮੁਢਲੀ ਪੜਤਾਲ ਦੌਰਾਨ ਇਹ ਸਾਫ਼ ਹੈ ਕਿ ਦਲਿਤਾਂ ਦੇ ਬਾਈਕਾਟ ਦੀ ਗੁਰੂ ਘਰ 'ਚੋਂ ਅਨਾਊਂਸਮੈਂਟ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਦਲਿਤਾਂ ਨੇ ਦਸਿਆ ਹੈ ਕਿ ਦਿਹਾੜੀ ਦੇ ਰੇਟਾਂ 'ਤੇ ਸਹਿਮਤੀ ਹੋਣ ਨਾਲ ਦੋਵੇਂ ਧਿਰਾਂ ਵਿਚਾਲੇ ਰਾਜ਼ੀਨਾਮਾ ਹੋ ਗਿਆ ਹੈ ਅਤੇ ਉਨ੍ਹਾਂ ਦਾ ਰਾਜ਼ੀਨਾਮਾ ਕਿਸੇ ਦਬਾਅ ਨਾਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਦੀ ਤਫ਼ਤੀਸ਼ ਮਗਰੋਂ ਰੀਪੋਰਟ ਬਣਾਈ ਜਾਵੇਗੀ ਤੇ ਕਮਿਸ਼ਨ ਦੇ ਚੇਅਰਮੈਨ ਨੂੰ ਭੇਜੀ ਜਾਵੇਗੀ।
ਇਸ ਮੌਕੇ ਐਸਜੀਪੀਸੀ ਮੈਂਬਰ ਮਲਕੀਤ ਸਿੰਘ ਚੰਗਾਲ, ਏਡੀਸੀ ਰਜਿੰਦਰ ਬਤਰਾ, ਐਸਡੀਐਮ ਧੂਰੀ ਅਮਰੇਸ਼ਵਰ ਸਿੰਘ, ਐਸਪੀ (ਡੀ) ਹਰਿੰਦਰ ਸਿੰਘ, ਡੀਐਸਪੀ ਅਕਾਸ਼ਦੀਪ ਔਲਖ, ਇੰਸਪੈਕਟਰ ਵਿਜੇ ਕੁਮਾਰ, ਚੌਂਕੀ ਇੰਚਾਰਜ ਰਣੀਕੇ ਹਰਦਿਆਲ ਦਾਸ ਵੀ ਹਾਜ਼ਰ ਸਨ।