ਪਤੀ ਵਲੋਂ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਲੁਧਿਆਣਾ ਦੇ ਇਲਾਕਾ ਜਨਤਾ ਨਗਰ ਦੀ ਗਲੀ ਨੰਬਰ 5 ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਤੀ ਨੇ ਪਤਨੀ ਦੇ ਸਿਰ ਵਿਚ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕਰ ਕੇ ਉਸ ਨੂੰ..
ਲੁਧਿਆਣਾ ਦੇ ਇਲਾਕਾ ਜਨਤਾ ਨਗਰ ਦੀ ਗਲੀ ਨੰਬਰ 5 ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਤੀ ਨੇ ਪਤਨੀ ਦੇ ਸਿਰ ਵਿਚ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਗਲੀ ਵਿਚ ਖੇਡ ਰਹੇ ਬੱਚੇ ਬੁੱਧਵਾਰ ਰਾਤ ਨੂੰ ਘਰ ਅੰਦਰ ਦਾਖ਼ਲ ਹੋਏ।
ਜਾਣਕਾਰੀ ਮੁਤਾਬਕ ਪੂਜਾ ਅਪਣੇ ਪਤੀ ਨਾਲ ਜਨਤਾ ਨਗਰ ਇਲਾਕੇ ਵਿਚ ਲੰਮੇ ਸਮੇਂ ਤੋਂ ਰਹਿ ਰਹੀ ਸੀ। ਬੀਤੀ ਰਾਤ ਜਦ ਬੱਚਿਆਂ ਨੇ ਖ਼ੂਨ ਨਾਲ ਲਥਪਥ ਬੈੱਡ ‘ਤੇ ਪਈ ਲਾਸ਼ ਦੇਖ ਕੇ ਰੌਲਾ ਪਾਇਆ ਤਾਂ ਆਂਢੀ-ਗੁਆਂਢੀ ਇਕੱਠੇ ਹੋ ਗਏ ਤੇ ਪੁਲਿਸ ਨੂੰ ਸੂਚਨਾ ਦਿਤੀ ਗਈ।
ਮ੍ਰਿਤਕਾ ਦੀ ਪਛਾਣ ਪੂਜਾ (28) ਵਜੋਂ ਹੋਈ ਹੈ। ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਪੂਜਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ।
ਏ.ਡੀ.ਸੀ.ਪੀ. ਸੰਦੀਪ ਸ਼ਰਮਾ, ਏ.ਸੀ.ਪੀ. ਗੁਰਦੀਪ ਸਿੰਘ, ਥਾਣਾ ਸ਼ਿਮਲਾਪੁਰੀ ਦੇ ਮੁਖੀ ਰਵੀ ਕੁਮਾਰ ਤੇ ਫ਼ਿੰਗਰ ਪ੍ਰਿੰਟਸ ਐਕਸਪਰਟ ਟੀਮਾਂ ਮੌਕੇ ‘ਤੇ ਪਹੁੰਚੀਆਂ ਸਨ। ਥਾਣਾ ਸ਼ਿਮਲਾਪੁਰੀ ਦੇ ਮੁਖੀ ਆਈ.ਪੀ.ਐੱਸ. ਰਵੀ ਕੁਮਾਰ ਨੇ ਦਸਿਆ ਕਿ ਪੁਲਿਸ ਨੇ ਔਰਤ ਦੇ ਪਤੀ ਚਰਨਜੀਤ ਸਿੰਘ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫ਼ੁਟੇਜ ਵੀ ਚੈੱਕ ਕਰ ਰਹੀ ਹੈ।