ਆਵਾਰਾ ਪਸ਼ੂਆਂ ਕਾਰਨ ਵਾਪਰਨ ਵਾਲੇ ਹਾਦਸਿਆਂ 'ਚ ਹੋਇਆ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਿਆਲਾ, 6 ਅਗੱਸਤ (ਰਣਜੀਤ ਰਾਣਾ ਰੱਖੜਾ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਆਵਾਰਾ ਪਸ਼ੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ।

accident

 


ਪਟਿਆਲਾ, 6 ਅਗੱਸਤ (ਰਣਜੀਤ ਰਾਣਾ ਰੱਖੜਾ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਆਵਾਰਾ ਪਸ਼ੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਆਵਾਰਾ ਪਸ਼ੂਆਂ ਕਾਰਨ ਨਿੱਤ ਦਿਨ ਵਾਪਰਨ ਵਾਲੇ ਹਾਦਸਿਆਂ ਦੀ ਗਿਣਤੀ ਲਗਾਤਾਰਾ ਵਧ ਰਹੀ ਹੈ ਅਤੇ ਇਨ੍ਹਾਂ ਹਾਦਸਿਆਂ ਵਿਚ ਅਨੇਕਾਂ ਮੌਤਾਂ ਹੋ ਚੁੱਕੀਆਂ ਹਨ, ਅਨੇਕਾਂ ਹੀ ਅਪਾਹਜ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪੂਰੇ ਸੂਬੇ ਅੰਦਰ ਕਾਂਗਰਸ ਸਰਕਾਰ ਬਣਦਿਆਂ ਹੀ ਕਾਂਗਰਸੀਆਂ ਉਪਰ ਦਰਜ ਹੋਏ ਝੂਠੇ ਪੁਲਿਸ ਮੁਕਾਬਲਿਆਂ ਲਈ ਤਾਂ ਕਮਿਸ਼ਨ ਬਣਾ ਦਿਤਾ ਗਿਆ ਪਰ ਆਵਾਰਾ ਸਾਨ੍ਹਾਂ ਕਾਰਨ ਸਰਕਾਰ ਬਣਨ ਤੋਂ ਪਹਿਲਾਂ ਅਤੇ ਹੁਣ ਤਕ ਹੋ ਰਹੀਆਂ ਮੌਤਾਂ ਬਾਰੇ ਅਤੇ ਹਾਦਸਿਆਂ ਦੇ ਸ਼ਿਕਾਰ ਲੋਕਾਂ ਦੀ ਸਾਰ ਲੈਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ, ਉਨ੍ਹਾਂ ਨੂੰ ਮੁਆਵਜ਼ਾ ਦੇਣਾ ਤਾਂ ਦੂਰ ਦੀ ਗੱਲ ਹੈ।
ਬੀਤੇ ਦਿਨੀਂ ਪਟਿਆਲਾ ਨਿਵਾਸੀ ਰਾਜਿੰਦਰ ਕੁਮਾਰ ਉਰਫ਼ ਕ੍ਰਿਸ਼ਣ ਕੁਮਾਰ ਨੂੰ 10 ਦਿਨ ਪਹਿਲਾਂ ਇਕ ਸਾਨ੍ਹ ਦੁਆਰਾ ਟੱਕਰ ਮਾਰ ਕਰ ਜ਼ਖ਼ਮੀ ਕਰ ਦਿਤਾ ਗਿਆ ਸੀ ਜਿਸ ਦਾ ਇਲਾਜ ਪਟਿਆਲਾ ਦੇ ਇਕ ਨਿਜੀ  ਹਸਪਤਾਲ ਵਿਚ ਚੱਲਣ ਮਗਰੋਂ ਉਸ ਨੂੰ ਚੰਡੀਗੜ੍ਹ ਰੈਫ਼ਰ ਕਰ ਦਿਤਾ ਗਿਆ। ਜਿਸ ਦੀ ਮੌਤ ਹੋ ਜਾਣ ਉਪਰੰਤ ਮ੍ਰਿਤਕ ਸਰੀਰ ਪਟਿਆਲਾ ਪਹੁੰਚਿਆ ਅਤੇ ਸਸਕਾਰ ਕੀਤਾ ਗਿਆ। ਇਸ ਮੌਕੇ  ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ. ਹਨੀ ਸੇਖੋਂ, ਕਾਂਗਰਸੀ ਆਗੂ ਸੰਜੀਵ ਬਿੱਟੂ, ਸੰਜੀਵ ਸ਼ਰਮਾ, ਆਸ਼ੂਤੋਸ਼ ਗੌਤਮ ਪਰਵਾਰ ਦੇ ਕੋਲ ਪੁੱਜੇ।
ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਦੀ ਗਾਜੀਪੁਰ ਵਿਖੇ ਬਣੀ ਸਰਕਾਰੀ ਗਊਸ਼ਾਲਾ ਵਿਖੇ ਗਊਵੰਸ਼ ਦੇ ਰੱਖ ਰਖਾਓ ਲਈ ਪ੍ਰਬੰਧ ਕੀਤੇ ਗਏ ਹਨ ਪਰ ਇਹ ਨਾਕਾਫ਼ੀ ਹੈ, ਦੂਜਾ ਪੂਰੇ ਜ਼ਿਲ੍ਹੇ ਅੰਦਰ ਆਵਾਰਾ ਪਸ਼ੂਆਂ ਅਤੇ ਬੇਸਹਾਰਾ ਗਊਵੰਸ਼ ਘੁੰਮ ਰਹੇ ਹਨ ਜਿਸ ਕਾਰਨ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹਾਲਾਂਕਿ ਇਸ ਗਊਸ਼ਾਲਾ ਸਮੇਤ ਜ਼ਿਲ੍ਹੇ ਅੰਦਰ ਹੋਰ ਵੀ ਅਨੇਕਾਂ ਗਊਸ਼ਾਲਾਵਾਂ ਹਨ ਜਿਨ੍ਹਾਂ ਵਿਚ ਗਊਆਂ ਤਾਂ ਰੱਖੀਆਂ ਜਾਂਦੀਆਂ ਹਨ ਪਰ ਸਾਨ੍ਹਾਂ ਨੂੰ ਰੱਖਣ ਦਾ ਕੋਈ ਯੋਗ ਪ੍ਰਬੰਧ ਨਹੀਂ ਹੈ। ਜਦੋਂ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਨਗਰ ਨਿਗਮ ਵਲੋਂ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਕਹਾਵਤ ਵਾਂਗ ਇਕ ਦੋ ਦਿਨ ਕਾਰਵਾਈ ਕਰ ਕੇ ਸਾਨ੍ਹਾਂ ਨੂੰ ਕਾਬੂ ਕਰ ਕੇ ਗਊਸ਼ਾਲਾ ਭੇਜਿਆ ਜਾਂਦਾ ਹੈ ਪਰ ਬਾਅਦ ਵਿਚ ਜਾਂ ਤਾਂ ਇਹ ਸਾਨ੍ਹ ਮੁੜ ਛੱਡ ਦਿਤੇ ਜਾਂਦੇ ਹਨ ਜਾਂ ਫਿਰ ਹੋਰ ਸਾਨ੍ਹ ਆ ਜਾਂਦੇ ਹਨ ਪਰ ਸ਼ਹਿਰ ਵਿਚ ਸਾਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਹੀ ਦਿਸਦੀ ਹੈ।