ਸਮਾਜ ਨੇ ਸ਼ਹੀਦਾਂ ਨੂੰ ਜਾਤਾਂ, ਧਰਮਾਂ 'ਚ ਵੰਡਿਆ : ਰਾਣਾ ਕੇਪੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਸ਼ਹੀਦਾਂ ਨੇ ਕਿਸੇ ਫ਼ਿਰਕੇ, ਕੌਮ, ਜਾਤ ਵਿਸ਼ੇਸ਼ ਲਈ ਨਹੀਂ ਸਗੋਂ ਪੂਰੀ ਮਾਨਵਤਾ ਲਈ ਅਪਣੀ ਸ਼ਹੀਦੀ ਦਿਤੀ ਹੈ ਪਰ

Rana KP

 


ਚੰਡੀਗੜ੍ਹ, 6 ਅਗੱਸਤ (ਜੈ ਸਿੰਘ ਛਿੱਬਰ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਸ਼ਹੀਦਾਂ ਨੇ ਕਿਸੇ ਫ਼ਿਰਕੇ, ਕੌਮ, ਜਾਤ ਵਿਸ਼ੇਸ਼ ਲਈ ਨਹੀਂ ਸਗੋਂ ਪੂਰੀ ਮਾਨਵਤਾ ਲਈ ਅਪਣੀ ਸ਼ਹੀਦੀ ਦਿਤੀ ਹੈ ਪਰ ਦੁੱਖ ਦੀ ਗੱਲ ਹੈ ਕਿ ਅੱਜ ਸਮਾਜ ਨੇ ਸ਼ਹੀਦਾਂ ਨੂੰ ਜਾਤਾਂ, ਧਰਮਾਂ, ਫ਼ਿਰਕਿਆਂ, ਇਲਾਕਾਬਾਦ 'ਚ ਵੰਡ ਲਿਆ ਹੈ। ਉਹ ਅੱਜ ਸੈਕਟਰ-45 'ਚ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕੰਵਰਪਾਲ ਸਿੰਘ ਨੇ ਕਿਹਾ ਕਿ ਜਾਤ ਪਾਤ, ਧਰਮ ਤੇ ਫਿਰਕਿਆਂ ਤੋਂ ਉਪਰ ਉਠ ਕੇ ਸ਼ਹੀਦਾਂ ਨੂੰ ਯਾਦ ਕਰਨ ਚਾਹੀਦਾ ਹੈ ਕਿਉਂਕਿ ਸ਼ਹੀਦਾਂ ਨੇ ਮਨੁੱਖਤਾ ਦੀ ਭਲਾਈ ਤੇ ਆਜ਼ਾਦੀ ਲਈ ਕੁਰਬਾਨੀ ਦਿਤੀ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਵਿਅਕਤੀ ਵਿਦੇਸ਼ਾਂ ਨਾਲ ਤੁਲਨਾ ਕਰ ਕੇ ਭਾਰਤ ਦੀ ਆਲੋਚਨਾ ਕਰਦਾ ਹੈ ਪਰ, ਵਿਅਕਤੀ ਨੂੰ ਅਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਉਸ ਨੇ ਦੇਸ਼ ਤੇ ਕੌਮ ਲਈ ਕੀ ਕੀਤਾ ਹੈ? ਉਨ੍ਹਾਂ ਕਿਹਾ ਕਿ ਆਲੋਚਨਾ ਸਾਰਥਕ ਹੋਣੀ ਚਾਹੀਦੀ ਹੈ ਅਤੇ ਆਲੋਚਨਾ ਵਿਚੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਪਰ ਬਿਨਾਂ ਵਜ੍ਹਾ ਅਪਣੇ ਦੇਸ਼ ਦੀ ਨਿੰਦਾ ਨਹੀਂ ਕਰਨੀ ਚਾਹੀਦੀ।
ਉਨ੍ਹਾਂ ਲੋਕਾਂ ਨੂੰ ਰਾਸ਼ਟਰ ਨਿਰਮਾਣ ਲਈ ਅੱਗੇ ਆਉਣ ਦੀ ਅਪੀਲ  ਕੀਤੀ। ਸਪੀਕਰ ਨੇ ਸ਼ਹੀਦ ਊਧਮ ਸਿੰਘ ਭਵਨ ਸੁਸਾਇਟੀ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਬਲਵੀਰ ਸਿੰਘ ਸਿੱਧੂ, ਵਿਧਾਇਕ ਮਦਨ ਲਾਲ ਜਲਾਲਪੁਰ, ਡਾ. ਪਿਆਰਾ ਲਾਲ ਗਰਗ,  ਸੰਸਥਾ ਦੇ ਚੇਅਰਮੈਨ ਜਰਨੈਲ ਸਿੰਘ ਸੰਧਾ, ਬਲਵਿੰਦਰ ਸਿੰਘ ਜੰਮੂ, ਵੀਨਾ ਜੰਮੂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਡਾ. ਪਰਮਜੀਤ ਸਿੰਘ ਰਾਣੂੰ ਦੀ ਅਗਵਾਈ ਹੇਠ ਮੁਫ਼ਤ ਹੈਮਿਉਪੈਥਿਕ ਜਾਂਚ ਕੈਂਪ ਲਾਇਆ ਗਿਆ। ਡਾ ਰਾਣੂ ਨੇ ਦਸਿਆ ਕਿ ਮਰੀਜ਼ ਦੇ ਠੀਕ ਹੋਣ ਤਕ ਮੁਫ਼ਤ ਇਲਾਜ ਕੀਤਾ ਜਾਵੇਗਾ।