ਕੈਪਟਨ ਵੱਲੋਂ ਮਹਿਲਾ ਡਰੱਗ ਇੰਸਪੈਕਟਰ ਨੂੰ ਹੱਤਿਆ ਦੀ ਫ਼ੌਰੀ ਜਾਂਚ ਦੇ ਨਿਰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੈਬਾਰਟਰੀ 'ਚ ਬਲਵਿੰਦਰ ਸਿੰਘ ਨਾਂ ਦੇ ਲੜਕੇ ਨੇ ਮਹਿਲਾ ਡਰੱਗ ਇੰਸਪੈਕਟਰ ਨੂੰ ਗੋਲੀਆਂ ਮਾਰੀਆਂ

Neha Shori

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਪੁਲਿਸ ਮੁਖੀ ਨੂੰ ਖਰੜ ਦੀ ਡਰੱਗ ਤੇ ਫੂਡ ਕੈਮੀਕਲ ਲੈਬਾਰਟਰੀ ਵਿਖੇ ਜ਼ੋਨਲ ਲਾਇਸੰਸਿੰਗ ਅਥਾਰਟੀ ਵਜੋਂ ਤਾਇਨਾਤ ਨੇਹਾ ਸ਼ੋਰੀ ਦੀ ਹੱਤਿਆ ਦੀ ਫੌਰੀ ਜਾਂਚ ਨੂੰ ਯਕੀਨੀ ਬਣਾਉਣ ਲਈ ਆਖਿਆ ਹੈ।

ਮਹਿਲਾ ਅਧਿਕਾਰੀ ਦੀ ਹੱਤਿਆ 'ਤੇ ਚਿੰਤਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਇਸ ਮਾਮਲੇ ਦੀ ਜਾਂਚ ਤੇਜ਼ ਕਰਨ ਦੇ ਹੁਕਮ ਦਿੱਤੇ ਹਨ ਤਾਂ ਕਿ ਕੇਸ ਦੀ ਤਹਿ ਤੱਕ ਜਾਣ ਤੋਂ ਇਲਾਵਾ ਦੋਸ਼ੀ ਨੂੰ ਮਿਸਾਲੀ ਸਜ਼ਾ ਦਿਵਾਉਣੀ ਯਕੀਨੀ ਬਣਾਈ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਜਨਤਕ ਸੇਵਕ ਨੂੰ ਆਪਣੀ ਡਿਊਟੀ ਨਿਭਾਉਣ ਵਿੱਚ ਕਿਸੇ ਦੇ ਦਖ਼ਲ ਦੇਣ ਜਾਂ ਧਮਕਾਉਣ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਦੱਸਣਯੋਗ ਹੈ ਕਿ ਅੱਜ ਸਵੇਰੇ 11.40 ਵਜੇ ਦੇ ਲਗਭਗ ਮੋਰਿੰਡਾ ਵਾਸੀ ਬਲਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਨੇਹਾ ਸ਼ੋਰੀ ਪਤਨੀ ਵਰੁਣ ਮੌਂਗਾ ਵਾਸੀ ਪੰਚਕੂਲ ਦੀ ਹੱਤਿਆ ਕਰ ਦਿੱਤੀ। ਦੋਸ਼ੀ, ਪੀੜਤਾ ਦੇ ਦਫ਼ਤਰ 'ਚ ਗਿਆ ਅਤੇ ਦੋ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਕਾਬੂ ਆਉਣ 'ਤੇ ਆਪਣੇ ਆਪ ਨੂੰ ਗੋਲੀ ਮਾਰ ਲਈ। ਖਰੜ ਦੇ ਡੀ.ਐਸ.ਪੀ., ਜੋ ਤੁਰੰਤ ਘਟਨਾਸਥਾਨ 'ਤੇ ਪਹੁੰਚੇ, ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ। ਉਹ ਇਸ ਵੇਲੇ ਪੀ.ਜੀ.ਆਈ. ਵਿਖੇ ਜ਼ੇਰੇ ਇਲਾਜ ਹੈ।

ਦੱਸਿਆ ਜਾਂਦਾ ਹੈ ਕਿ ਬਲਵਿੰਦਰ ਸਿੰਘ ਨੇ ਨਿੱਜੀ ਰੰਜ਼ਿਸ਼ ਕਰ ਕੇ ਡਾ. ਨੇਹਾ ਨੂੰ ਗੋਲੀ ਮਾਰੀ। ਹਮਲਾਵਰ ਬਲਵਿੰਦਰ ਸਿੰਘ ਮੈਡੀਕਲ ਸਟੋਰ ਚਲਾਉਂਦਾ ਸੀ ਅਤੇ ਮੋਰਿੰਡਾ ਦਾ ਰਹਿਣ ਵਾਲਾ ਹੈ। ਉਹ ਆਪਣੇ ਸਟੋਰ ਦਾ ਲਾਇਸੈਂਸ ਰੱਦ ਹੋਣ ਤੋਂ ਨਿਰਾਸ਼ ਸੀ। ਨੇਹਾ ਨੂੰ ਮਾਰਨ ਲਈ ਉਸ ਨੇ ਆਪਣੇ 32 ਬੋਰ ਦੇ ਲਾਇਸੈਂਸੀ ਪਸਤੌਲ ਦਾ ਇਸਤੇਮਾਲ ਕੀਤਾ। ਐਸਐਸਪੀ ਮੁਤਾਬਕ 2009 ਵਿੱਚ ਨੇਹਾ ਅੱਜ ਤੋਂ 10 ਸਾਲ ਪਹਿਲਾਂ ਡਰੱਗ ਇੰਸਪੈਕਟਰ ਨੇਹਾ ਰੋਪੜ ਤਾਇਨਾਤ ਸਨ। 10 ਸਾਲ ਪਹਿਲਾਂ ਨੇਹਾ ਨੇ ਬਲਵਿੰਦਰ ਸਿੰਘ ਦੇ ਮੈਡੀਕਲ ਸਟੋਰ 'ਤੇ ਰੇਡ ਮਾਰ ਕੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸੀ ਤੇ ਮੁਲਜ਼ਮ ਦੀ ਦੁਕਾਨ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ। ਹਾਲੇ ਕੁਝ ਦਿਨ ਪਹਿਲਾਂ 12 ਮਾਰਚ ਨੂੰ ਹੀ ਬਲਵਿੰਦਰ ਸਿੰਘ ਦੇ ਪਿਸਤੌਲ ਦਾ ਲਾਇਸੈਂਸ ਬਣਿਆ ਸੀ।