ਬੰਗਾਲ ਵਿਚ ਕਾਮਾਗਾਟਾ ਮਾਰੂ ਜਹਾਜ਼ ਦੀ ਯਾਦਗਾਰ ਬਚਾਉਣ ਲਈ ਉਥੇ ਰਹਿੰਦੇ 30-35 ਸਿੱਖ ਘਰਾਂ ਦਾ ਤਰਲਾ

ਏਜੰਸੀ

ਖ਼ਬਰਾਂ, ਪੰਜਾਬ

ਬੰਗਾਲ ਵਿਚ ਕਾਮਾਗਾਟਾ ਮਾਰੂ ਜਹਾਜ਼ ਦੀ ਯਾਦਗਾਰ ਬਚਾਉਣ ਲਈ ਉਥੇ ਰਹਿੰਦੇ 30-35 ਸਿੱਖ ਘਰਾਂ ਦਾ ਤਰਲਾ

image


ਕਿਸੇ ਵੀ ਸਰਕਾਰ ਨੂੰ  ਆਜ਼ਾਦੀ ਅੰਦੋਲਨ ਦੀ ਸਿੱਖ ਯਾਦਗਾਰ ਬਚਾਉਣ ਵਿਚ ਕੋਈ ਦਿਲਚਸਪੀ ਨਹੀਂ

ਕੋਲਕਾਤਾ, ਪੱਛਮੀ ਬੰਗਾਲ, 28 ਮਾਰਚ (ਚਰਨਜੀਤ ਸਿੰਘ ਸੁਰਖ਼ਾਬ): ਪਛਮੀ ਬੰਗਾਲ ਦੇ ਸਿੱਖਾਂ ਨੇ ਕਾਮਾਗਾਟਾਮਾਰੂ ਦੇ ਸ਼ਹੀਦਾਂ ਦਾ ਇਤਿਹਾਸ ਦਸਦਿਆਂ ਕਿਹਾ ਕਿ ਉਸ ਵਕਤ ਦੇ ਸਿੱਖਾਂ ਨੇ ਅੰਗਰੇਜ਼ ਸਰਕਾਰ ਦੇ ਸਾਹਮਣੇ ਹਾਰ ਨਹੀਂ ਸੀ ਮੰਨੀ | ਕਾਮਾਗਾਟਾ ਨਿਵਾਸੀਆਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦਸਿਆ ਕਿ ਉਸ ਸਮੇਂ ਪੰਜਾਬੀ ਸਿੱਖ ਵਿਦੇਸ਼ਾਂ ਵਿਚ ਅਪਣੇ ਰੁਜ਼ਗਾਰ ਲਈ ਗਏ ਸਨ, ਜਦੋਂ ਉੱਥੇ ਜਾ ਕੇ ਉਨ੍ਹਾਂ ਨੂੰ  ਅਪਣੀ ਆਜ਼ਾਦੀ ਦਾ ਅਹਿਸਾਸ ਹੋ ਗਿਆ ਤਾਂ ਉਨ੍ਹਾਂ ਨੇ ਭਾਰਤ ਵਾਪਸ ਆ ਕੇ ਅੰਗਰੇਜ਼ਾਂ ਵਿਰੁਧ ਲੜਦਿਆਂ ਅਪਣੀਆਂ ਕੁਰਬਾਨੀਆਂ ਦਿਤੀਆਂ |  
ਉਨ੍ਹਾਂ ਦਸਿਆ ਕਿ ਕਾਮਾਗਾਟਾ ਮਾਰੂ ਜਹਾਜ਼ ਦਾ ਅਪਣਾ ਇਕ ਵਖਰਾ ਇਤਿਹਾਸ ਹੈ, ਸਿੱਖਾਂ ਨੇ ਕਿਹਾ ਕਿ ਕਾਮਾਗਾਟਾ ਮਾਰੂ ਦੇ ਸਿੱਖ ਅਤੇ ਕਾਮਾਗਾਟਾਮਾਰੂ ਦਾ ਜਹਾਜ਼ ਨੂੰ  ਅੱਜ ਵੀ ਪੂਰੀ ਦੁਨੀਆਂ ਜਾਣਦੀ ਹੈ | ਪਛਮੀ ਬੰਗਾਲ ਦੇ ਕਾਮਾਗਾਟਾ ਮਾਰੂ ਦੇ ਨਿਵਾਸੀਆਂ ਨੇ ਦਸਿਆ ਕਿ ਬੇਸ਼ੱਕ ਸ਼ਹੀਦਾਂ ਦੀ ਯਾਦ ਵਿਚ ਯਾਦਗਾਰ ਬਣਾਈ ਗਈ ਹੈ ਪਰ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਇਸ ਯਾਦਗਾਰ ਨੂੰ  ਬਚਾਉਣ ਲਈ ਕੇਂਦਰ ਅਤੇ ਰਾਜ ਸਰਕਾਰ ਵਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ |  ਉੁਨ੍ਹਾਂ ਦਸਿਆ ਕਿ ਇਥੇ ਸਿੱਖਾਂ ਦੇ 30-35 ਘਰ ਹਨ , ਅਸੀਂ ਸਾਰੇ ਪ੍ਰਵਾਰ ਆਪਸ ਵਿਚ ਮਿਲ ਕੇ ਅਪਣਾ ਗੁਰਦੁਆਰਾ ਵੀ ਚਲਾਉਂਦੇ ਹਾਂ ਅਤੇ ਇਸ ਸਮਾਰਕ ਦੀ ਸਾਂਭ ਸੰਭਾਲ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ | 
ਉਨ੍ਹਾਂ ਦਸਿਆ ਕਿ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਮੌਕੇ 72 ਸਿੱਖਾਂ ਨੇ ਅਪਣੀਆਂ ਕੁਰਬਾਨੀਆਂ ਦਿਤੀਆਂ, ਜਿਨ੍ਹਾਂ ਨੂੰ  ਸਰਕਾਰਾਂ ਅੱਜ ਬਿਲਕੁਲ ਭੁੱਲ ਚੁਕੀਆਂ ਹਨ  | ਉਨ੍ਹਾਂ ਕਿਹਾ ਕਿ ਹੁਣ ਲੋੜ ਬਣਦੀ ਹੈ ਕਿ ਸਰਕਾਰਾਂ ਅਪਣੇ ਸ਼ਹੀਦਾਂ ਲਈ ਕੁੱਝ ਕਰਨ | ਉਨ੍ਹਾਂ ਕੇਂਦਰ ਅਤੇ ਰਾਜ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਯਾਦਗਾਰ ਬਹੁਤ ਵਡਮੁੱਲੀ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਜਿਹੀਆਂ ਯਾਦਗਾਰਾਂ ਨੂੰ  ਬਚਾਵੇਗੀ ਤਾਂ ਆਉਣ ਵਾਲੀ ਪੀੜ੍ਹੀ ਤਾਂ ਹੀ ਅਪਣੇ ਸ਼ਹੀਦਾਂ ਨੂੰ  ਯਾਦ ਰੱਖ ਸਕੇਗੀ | ਉਨ੍ਹਾਂ ਕਿਹਾ ਕਿ ਸ਼ਹੀਦ ਦੇਸ਼ ਦੇ ਸਰਮਾਇਆ ਹੁੰਦੇ ਹਨ |  ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰਾਂ ਸ਼ਹੀਦਾਂ ਦੇ ਨਾਮ ਉੱਤੇ ਵੱਡੇ ਵੱਡੇ ਐਲਾਨ ਕਰਦੀਆਂ ਹਨ ਪਰ ਅਮਲ ਵਿਚ ਸ਼ਹੀਦਾਂ ਦੇ ਨਾਮ 'ਤੇ ਸਰਕਾਰਾਂ ਕੁਝ ਵੀ ਨਹੀਂ ਕਰ ਰਹੀਆਂ ਜਿਸ ਕਰ ਕੇ ਸ਼ਹੀਦਾਂ ਦੀਆਂ ਯਾਦਗਾਰਾਂ ਦੀ ਸਾਂਭ ਸੰਭਾਲ ਦਾ ਖ਼ਰਚ ਵੀ ਰੁਕਿਆ ਪਿਆ ਹੈ |