ਰਿਆਦ, 28 ਮਾਰਚ : ਇਸਲਾਮ ਦੇ ਪਵਿੱਤਰ ਮਹੀਨੇ ਰਮਜਾਨ ਤੋਂ ਪਹਿਲਾਂ ਸਾਊਦੀ ਅਰਬ ਵਿਚ ਇਕ ਊਠ ਦੀ ਜਿੰਨੀ ਬੋਲੀ ਲਗਾਈ ਗਈ ਹੈ ਉਸ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਉਗੇ। ਇਹ ਸਾਊਦੀ ਅਰਬ ਦੇ ਹੁਣ ਤਕ ਦੇ ਸੱਭ ਤੋਂ ਮਹਿੰਗੇ ਊਠਾਂ ਵਿਚੋਂ ਇਕ ਦਸਿਆ ਜਾ ਰਿਹਾ ਹੈ। ਸਾਊਦੀ ਅਰਬ ਦੇ ਇਸ ਵਿਲੱਖਣ ਊਠ ਦੀ ਬੋਲੀ ਇਕ ਨੀਲਾਮੀ ਦੌਰਾਨ 7 ਮਿਲੀਅਨ ਸਾਊਦੀ ਰਿਆਲ (14,23,45,462 ਰੁਪਏ) ਲਗਾਈ ਗਈ।
ਸਾਊਦੀ ਅਰਬ ਦੇ ਸਥਾਨਕ ਨਿਊਜ਼ ਪੋਰਟਲ ਅਲ ਮਾਰਡ ਨੇ ਜਾਣਕਾਰੀ ਦਿਤੀ ਹੈ ਕਿ ਸਾਊਦੀ ਦੇ ਸੱਭ ਤੋਂ ਮਹਿੰਗੇ ਊਠਾਂ ਵਿਚੋਂ ਇਕ ਇਸ ਊਠ ਲਈ ਜਨਤਕ ਨੀਲਾਮੀ ਦਾ ਆਯੋਜਨ ਕੀਤਾ ਗਿਆ। ਨੀਲਾਮੀ ਦਾ ਇਕ ਵੀਡੀਉ ਵੀ ਸਾਹਮਣੇ ਆਇਆ ਹੈ, ਜਿਸ ਵਿਚ ਬੋਲੀ ਲਗਾਉਣ ਵਾਲਾ ਸ਼ਖ਼ਸ ਰਵਾਇਤੀ ਪਹਿਰਾਵੇ ਵਿਚ ਭੀੜ ਵਿਚ ਮਾਈਕ੍ਰੋਫ਼ੋਨ ਫੜੇ ਹੋਏ ਨੀਲਾਮੀ ਦੀ ਬੋਲੀ ਲਗਾ ਰਿਹਾ ਹੈ। ਊਠ ਦੀ ਸ਼ੁਰੂਆਤੀ ਬੋਲੀ 5 ਮਿਲੀਅਨ ਸਾਊਦੀ ਰਿਆਲ (10,16,48,880 ਰੁਪਏ) ਲਗਾਈ ਗਈ। ਊਠ ਲਈ ਸੱਭ ਤੋਂ ਵੱਧ ਬੋਲੀ 7 ਮਿਲੀਅਨ ਸਾਊਦੀ ਰਿਆਲ ਦੀ ਲਗਾਈ ਗਈ ਜਿਸ ’ਤੇ ਉਸ ਨੂੰ ਨੀਲਾਮ ਕਰ ਦਿਤਾ ਗਿਆ। ਹਾਲਾਂਕਿ ਊਠ ਨੂੰ ਇੰਨੀ ਉੱਚੀ ਕੀਮਤ ਦੇ ਕੇ ਕਿਹੜੇ ਸ਼ਖ਼ਸ ਨੇ ਖ਼ਰੀਦਿਆ ਇਸ ਗੱਲ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਹੈ। (ਏਜੰਸੀ)
ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਕਿ ਊਠ ਨੂੰ ਇਕ ਧਾਤ ਦੇ ਵਾੜੇ ਅੰਦਰ ਰਖਿਆ ਗਿਆ ਹੈ। ਉਸ ਦੇ ਆਲੇ-ਦੁਆਲੇ ਰਵਾਇਤੀ ਪਹਿਰਾਵਾ ਪਹਿਨੇ ਨੀਲਾਮੀ ਵਿਚ ਸ਼ਾਮਲ ਲੋਕਾਂ ਦੀ ਭੀੜ ਖੜ੍ਹੀ ਹੈ। ਨੀਲਾਮ ਕੀਤਾ ਗਿਆ ਊਠ ਬਹੁਤ ਦੁਰਲੱਭ ਮੰਨਿਆ ਜਾਂਦਾ ਹੈ। ਅਪਣੀ ਵਖਰੀ ਸੁੰਦਰਤਾ ਅਤੇ ਵਿਲੱਖਣਤਾ ਲਈ ਇਹ ਊਠ ਮਸ਼ਹੂਰ ਹੈ। ਇਸ ਪ੍ਰਜਾਤੀ ਦੇ ਊਠ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। (ਏਜੰਸੀ)