ਕੇਂਦਰ ਨੇ ਪੰਜਾਬ ਪੁਨਰ ਗਠਨ ਐਕਟ 1966 ਦੀ ਉਲੰਘਣਾ ਕੀਤੀ : ਚੰਦੂਮਾਜਰਾ
ਕੇਂਦਰ ਨੇ ਪੰਜਾਬ ਪੁਨਰ ਗਠਨ ਐਕਟ 1966 ਦੀ ਉਲੰਘਣਾ ਕੀਤੀ : ਚੰਦੂਮਾਜਰਾ
ਮਾਮਲਾ ਯੂ.ਟੀ. ਕੇਡਰ ਦੇ ਕਰਮਚਾਰੀਆਂ ਦਾ : ਸ਼ੋ੍ਰਮਣੀ ਅਕਾਲੀ ਦਲ ਦਾ ਵਫ਼ਦ ਰਾਸ਼ਟਰਪਤੀ ਨੂੰ ਮਿਲੇਗਾ
ਚੰਡੀਗੜ੍ਹ, 28 ਮਾਰਚ (ਜੀ.ਸੀ. ਭਾਰਦਵਾਜ): ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਵਲੋਂ ਯੂ.ਟੀ. ਚੰਡੀਗੜ੍ਹ ਦੇ ਸਰਕਾਰੀ ਕਰਮਚਾਰੀਆਂ ਵਾਸਤੇ ਨਵੇਂ ਤਨਖ਼ਾਹ ਸਕੇਲ, 60 ਸਾਲ 'ਤੇ ਸੇਵਾ ਮੁਕਤੀ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਬਰਾਬਰ ਹੋਰ ਸਹੂਲਤਾਂ ਦਾ ਐਲਾਨ ਅਤੇ ਨੋਟੀਫ਼ੀਕੇਸ਼ਨ ਜਾਰੀ ਕਰਨ 'ਤੇ ਇਸ ਮੁੱਦੇ ਨੂੰ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰਨਾ ਤੇ ਫ਼ੈਡਰਲ ਢਾਂਚੇ ਨੂੰ ਸੱਟ ਮਾਰਨਾ ਕਰਾਰ ਦਿੰਦੇ ਹੋਏ ਸ਼ੋ੍ਰਮਣੀ ਅਕਾਲੀ ਦਲ ਦੀ ਚੋਟੀ ਦੀ ਲੀਡਰਸ਼ਿਪ ਨੇ ਕਿਹਾ ਕਿ ਇਕ ਉਚ ਪਧਰੀ ਵਫ਼ਦ ਜਲਦੀ ਹੀ ਰਾਸ਼ਟਰਪਤੀ ਨੂੰ ਮਿਲ ਕੇ ਰੋਸ ਜ਼ਾਹਰ ਕਰੇਗਾ ਅਤੇ ਨੋਟੀਫ਼ੀਕੇਸ਼ਨ ਵਾਪਸ ਕਰਾਉਣ ਲਈ ਜ਼ੋਰ ਪਾਏਗਾ |
ਪੰਜਾਬ ਵਿਧਾਨ ਸਭਾ ਚੋਣਾਂ ਵਿਚ 'ਆਪ' ਹੱਥੋਂ ਕਰਾਰੀ ਹਾਰ ਖਾਣ ਉਪਰੰਤ ਹਾਰ ਦੀ ਪੜਚੋਲ ਕਰਨ ਤੇ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਬਣਾਈ 16 ਮੈਂਬਰੀ ਕਮੇਟੀ ਦੇ 6 ਮੈਂਬਰਾਂ ਪ੍ਰੋ. ਚੰਦੂਮਾਜਰਾ, ਮਹੇਸ਼ਇੰਦਰ ਗਰੇਵਾਲ, ਚਰਨਜੀਤ ਅਟਵਾਲ, ਗੁਲਜ਼ਾਰ ਸਿੰਘ ਰਣੀਕੇ, ਡਾ. ਦਲਜੀਤ ਚੀਮਾ ਤੇ ਹੀਰਾ ਸਿੰਘ ਗਾਬੜੀਆ ਨੇ ਅੱਜ ਇਕ ਪ੍ਰੈਸ ਕਾਨਫ਼ਰੰਸ ਵਿਚ ਦਸਿਆ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਯੂ.ਟੀ. ਬਣਾਉਣਾ ਇਕ ਆਰਜ਼ੀ ਪ੍ਰਬੰਧ ਸੀ ਅਤੇ ਪਿਛਲੇ 56 ਸਾਲਾਂ ਤੋਂ ਕੇਂਦਰ ਸਰਕਾਰਾਂ ਨੇ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰਨਾ ਜਾਰੀ ਰਖਿਆ ਹੈ ਅਤੇ ਸਮੇਂ ਸਮੇਂ ਸਿਰ, ਪੰਜਾਬ ਸਰਕਾਰ ਅਤੇ ਇਸ ਸੂਬੇ ਦੇ ਲੋਕਾਂ ਦੇ ਅਧਿਕਾਰਾਂ ਵਿਰੁਧ ਬੇਇਨਸਾਫ਼ੀਆਂ ਤੇ ਸੱਟ ਮਾਰਨ ਵਾਲੇ ਫ਼ਸਲੇ ਲਗਾਤਾਰ ਚਲਾਈ ਰੱਖੇ ਹਨ |
ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਖੋਹ ਕੇ ਗੁਆਂਢੀ ਸੂਬਿਆਂ ਹਰਿਆਣਾ ਰਾਜਸਥਾਨ ਨੂੰ ਦੇਣਾ ਅਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਤੋਂ ਦੂਰ ਰਖਣਾ, ਪੰਜਾਬ ਤੋਂ ਬਾਹਰੋਂ ਅਫ਼ਸਰਸ਼ਾਹੀ ਤੇ ਸੀਨੀਅਰ ਅਧਿਕਾਰੀਆਂ ਨੂੰ ਤੈਨਾਤ ਕਰਨਾ ਅਤੇ ਬੀ.ਐਸ.ਐਫ਼ ਦੇ ਅਧਿਕਾਰਾਂ ਵਿਚ 15 ਕਿਲੋਮੀਟਰ ਦਾਇਰਾ ਵਧਾ ਕੇ 50 ਕਿਲੋਮੀਟਰ ਕਰਨਾ ਆਦਿ ਹੋਰ ਕਈ ਵਿਤਕਰੇ ਕਰ ਕੇ ਕੇਂਦਰ ਸਰਕਾਰ ਨੇ ਪੰਜਾਬੀਆਂ ਨੂੰ ਠੇਸ ਪਹੁੰਚਾਈ ਹੈ | ਪੰਜਾਬ ਵਿਚ ਨਵੀਂ ਬਣੀ 'ਆਪ' ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਖਿਚਾਈ ਕਰਦੇ ਹੋਏ ਇਨ੍ਹਾਂ ਅਕਾਲੀ ਨੇਤਾਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਛੇਤੀ ਹੀ ਆਲ ਪਾਰਟੀ ਮੀਟਿੰਗ ਬੁਲਾਈ ਜਾਵੇ ਅਤੇ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਛੇੜਨ ਦੀ ਲੋੜ ਹੋਵੇ ਤਾਂ ਸ਼ੋ੍ਰਮਣੀ ਅਕਾਲੀ ਦਲ, ਉਨ੍ਹਾਂ ਨਾਲ ਖੜਾ ਹੋਵੇਗਾ |
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ 1966 ਦੇ ਪੰਜਾਬ ਪੁਨਰ ਗਠਨ ਐਕਟ ਵਿਰੁਧ ਪੰਜਾਬ ਸਰਕਾਰ ਕਾਨੂੰਨੀ ਲੜਾਈ ਸੁਪਰੀਮ ਕੋਰਟ ਵਿਚ ਲੜੇ ਅਤੇ ਕੇਂਦਰ ਸਰਕਾਰ ਵਿਰੁਧ ਇਨ੍ਹਾਂ ਨਾਜਾਇਜ਼ ਫ਼ੈਸਲਿਆਂ ਨੂੰ ਥੋਪਣ 'ਤੇ ਰੋਕ ਲਾਵੇ | ਇਨ੍ਹਾਂ ਅਕਾਲੀ ਨੇਤਾਵਾਂ ਨੇ ਕਿਹਾ ਕਿ ਕੁੱਝ ਹਫ਼ਤੇ ਪਹਿਲਾਂ ਕੇਂਦਰ ਨੇ ਬੀ.ਬੀ.ਐਮ.ਬੀ. ਦੇ ਨਿਯਮ ਤੋੜੇ, ਮੈਂਬਰ ਪਾਵਰ ਦੀ ਨਿਯੁਕਤੀ ਸਬੰਧੀ ਪੰਜਾਬ ਦੇ ਹੱਕ ਖੋਹਣ ਵਾਲੀ ਤਰਮੀਮ ਕੀਤੀ, ਹੁਣ ਚੰਡੀਗੜ੍ਹ ਦੇ ਸਰਕਾਰੀ ਕਰਮਚਾਰੀਆਂ ਨੂੰ ਸਹੂਲਤਾਂ ਦੇ ਕੇ ਲੋਕਾਂ ਤੋਂ ਵੱਖ ਕੀਤਾ ਅਤੇ ਜੇ ਇਹੀ ਸਿਲਸਿਲਾ ਜਾਰੀ ਰਿਹਾ ਤਾਂ ਅਕਾਲੀ ਦਲ, ਮੂਕ ਦਰਸ਼ਕਬਣ ਕੇ ਨਹੀਂ ਬੈਠਾ ਰਹੇਗਾ, ਸੰਘਰਸ਼ ਕਰੇਗਾ, ਧਰਨੇ ਲਾਵੇਗਾ ਅਤੇ ਮੋਰਚਿਆਂ ਸਮੇਤ ਜੇਲਾਂ ਵੀ ਭਰੇਗਾ |
ਵਿਧਾਨ ਸਭਾ ਚੋਣਾਂ ਵਿਚ ਵੱਡੀ ਹਾਰ ਦੇ ਕਾਰਨ ਅਤੇ 16 ਮੈਂਬਰੀ ਕਮੇਟੀ ਦੀ ਰੀਪੋਰਟ ਸਬੰਧੀ ਪੁਛੇ ਸਵਾਲਾਂ ਦਾ ਜਵਾਬ ਦਿੰੰਦਿਆਂ ਸ. ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਇਸ ਕਮੇਟੀ ਦੇ ਚੇਅਰਮੈਨ ਸ. ਬਲਵਿੰਦਰ ਸਿੰਘ ਭੂੰਦੜ, ਕੁੱਝ ਦਿਨਾਂ ਲਈ ਵਿਦੇਸ਼ ਗਏ ਹਨ ਪਰ ਇਕ ਸਬ ਕਮੇਟੀ ਬਣਾ ਦਿਤੀ ਹੈ ਜੋ ਹੇਠਲੇ ਪੱਧਰ 'ਤੇ ਪੰਜਾਬ ਦੀਆਂ ਵੱਖ ਵੱਖ ਥਾਵਾਂ ਦਾ ਦੌਰਾ ਕਰ ਕੇ, ਜ਼ਮੀਨੀ ਹਕੀਕਤ ਦੀ ਰੀਪੋਰਟ ਇਕ ਮਹੀਨੇ ਵਿਚ ਜ਼ਰੂਰ ਦੇਵੇਗੀ |
ਫ਼ੋਟੋ- ਸੰਤੋਖ ਸਿੰਘ