ਚੀਨ ’ਚ ਫਿਰ ਤੋਂ ਕੋਰੋਨਾ ਦਾ ਕਹਿਰ, ਸ਼ੰਘਾਈ ਸ਼ਹਿਰ ’ਚ ਫਿਰ ਤੋਂ ਸਖ਼ਤ ਤਾਲਾਬੰਦੀ

ਏਜੰਸੀ

ਖ਼ਬਰਾਂ, ਪੰਜਾਬ

ਚੀਨ ’ਚ ਫਿਰ ਤੋਂ ਕੋਰੋਨਾ ਦਾ ਕਹਿਰ, ਸ਼ੰਘਾਈ ਸ਼ਹਿਰ ’ਚ ਫਿਰ ਤੋਂ ਸਖ਼ਤ ਤਾਲਾਬੰਦੀ

image

ਬੀਜਿੰਗ, 28 ਮਾਰਚ : ਭਾਰਤ ਵਿਚ ਭਾਵੇਂ ਕੋਰੋਨਾ ਸੰਕਰਮਣ ਦੇ ਅੰਕੜੇ ਰੁਕ ਗਏ ਹਨ ਅਤੇ ਲੋਕ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਵਿਚ ਲਾਪਰਵਾਹੀ ਕਰ ਰਹੇ ਹਨ, ਪਰ ਅਜਿਹਾ ਮੰਨਣਾ ਇਕ ਵੱਡੀ ਗ਼ਲਤੀ ਹੋ ਸਕਦੀ ਹੈ। ਦਰਅਸਲ, ਚੀਨ ਵਿਚ ਇੱਕ ਵਾਰ ਫਿਰ ਤੋਂ ਕੋਰੋਨਾ ਦਾ ਸੰਕਰਮਣ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਇਸ ਕਾਰਨ ਚੀਨ ਦੀ ਸਰਕਾਰ ਨੇ ਸ਼ੰਘਾਈ ਸ਼ਹਿਰ ਵਿਚ ਫਿਰ ਤੋਂ ਸਖ਼ਤ ਤਾਲਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਚੀਨ ਦੇ ਸੱਭ ਤੋਂ ਵੱਡੇ ਸ਼ਹਿਰ ਸ਼ੰਘਾਈ ਵਿਚ ਮੁੜ ਤਾਲਾਬੰਦੀ ਨੇ ਸੜਕਾਂ ਨੂੰ ਸੁੰਨਸਾਨ ਦਿਖਾਈ ਦਿਤੀ ਹੈ ਅਤੇ ਸ਼ੰਘਾਈ ਦੀ ਸਥਾਨਕ ਸਰਕਾਰ ਨੇ ਕਿਹਾ ਕਿ ਸੋਮਵਾਰ ਤੋਂ ਸ਼ੁਕਰਵਾਰ ਤਕ ਪੁਡੋਂਗ ਅਤੇ ਆਸ ਪਾਸ ਦੇ ਖੇਤਰਾਂ ਵਿਚ ਤਾਲਾਬੰਦੀ ਲਾਗੂ ਰਹੇਗੀ। ਇਨ੍ਹਾਂ ਦੋਹਾਂ ਖੇਤਰਾਂ ਵਿਚ ਕੋਵਿਡ-19 ਦੇ ਟੈਸਟ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਹਨ।
ਸ਼ੰਘਾਈ ਦੇ ਸਥਾਨਕ ਪ੍ਰਸ਼ਾਸਨ ਨੇ ਕਿਹਾ ਕਿ ਸ਼ੁੱਕਰਵਾਰ ਤੋਂ ਹੁਆਂਗਪੁ ਨਦੀ ਦੇ ਪੱਛਮ ਵਿਚ ਡਾਊਨਟਾਊਨ ਖੇਤਰ ਵਿਚ ਸਖ਼ਤ ਕਦਮ ਚੁਕੇ ਜਾ ਰਹੇ ਹਨ। ਲੋਕਾਂ ਨੂੰ ਘਰਾਂ ਵਿਚ ਰਹਿਣ ਅਤੇ ਬਿਨਾਂ ਲੋੜ ਤੋਂ ਬਾਹਰ ਨਾ ਨਿਕਲਣ ਲਈ ਕਿਹਾ ਗਿਆ ਹੈ। ਲੋਕਾਂ ਨੂੰ ਖਾਣ-ਪੀਣ ਦਾ ਸਾਮਾਨ ਆਨਲਾਈਨ ਮੰਗਵਾਉਣ ਦੀ ਅਪੀਲ ਕੀਤੀ ਗਈ ਹੈ। ਸਰਕਾਰੀ ਹੁਕਮਾਂ ਅਨੁਸਾਰ ਜ਼ਰੂਰੀ ਦਫ਼ਤਰਾਂ ਨੂੰ ਛੱਡ ਕੇ ਬਾਕੀ ਸਾਰੇ ਦਫ਼ਤਰ ਬੰਦ ਕਰਨ ਦੇ ਹੁਕਮ ਦਿਤੇ ਗਏ ਹਨ।
ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਜਨਤਕ ਆਵਾਜਾਈ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। 26 ਮਿਲੀਅਨ ਦੀ ਆਬਾਦੀ ਵਾਲੇ ਸ਼ਹਿਰ ਸ਼ੰਘਾਈ ਵਿਚ ਕਈ ਨਾਮੀ ਕੰਪਨੀਆਂ ਦੇ ਦਫ਼ਤਰ ਬੰਦ ਕਰ ਦਿਤੇ ਗਏ ਹਨ। ਸ਼ਹਿਰ ਵਿਚ ਕਈ ਥਾਵਾਂ ’ਤੇ ਕੋਵਿਡ-19 ਦੇ ਟੈਸਟ ਕੀਤੇ ਜਾ ਰਹੇ ਹਨ। ਤਾਲਾਬੰਦੀ ਕਾਰਨ ਸ਼ੰਘਾਈ ਦੀ ਅਰਥਵਿਵਸਥਾ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ ਕਿਉਂਕਿ ਸ਼ੰਘਾਈ ਦਾ ਡਿਜ਼ਨੀ ਥੀਮ ਪਾਰਕ ਕੋਰੋਨਾ ਕਾਰਨ ਪਹਿਲਾਂ ਹੀ ਬੰਦ ਹੈ। ਇਥੇ ਵਪਾਰੀਆਂ ਨੂੰ ਕਾਫ਼ੀ ਘਾਟਾ ਝਲਣਾ ਪੈ ਰਿਹਾ ਹੈ।
ਚੀਨ ਦੇ ਉੱਤਰ ਪੂਰਬੀ ਸੂਬੇ ਜਿਲਿਨ ਵਿਚ ਕੋਰੋਨਾ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ। ਧਿਆਨ ਯੋਗ ਹੈ ਕਿ ਚੀਨ ਵਿਚ ‘ਡਾਇਨੈਮਿਕ ਜ਼ੀਰੋ-ਕੋਵਿਡ’ ਨੀਤੀ  ਤਹਿਤ ਕੋਵਿਡ ਤੋਂ ਬਚਾਅ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਚੀਨ ਸਰਕਾਰ ਦੇ ਸਿਹਤ ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਕੋਵਿਡ ਦੀ ਪ੍ਰਭਾਵੀ ਰੋਕਥਾਮ ਲਈ ਇਹ ਜ਼ਰੂਰੀ ਹੈ ਕਿ ਤੁਰਤ ਪ੍ਰਭਾਵ ਨਾਲ ਤਾਲਾਬੰਦੀ ਲਾਗੂ ਕੀਤੀ ਜਾਵੇ। ਸਾਡਾ ਪੂਰਾ ਧਿਆਨ ਕੋਰੋਨਾ ਦੀ ਜਲਦੀ ਤੋਂ ਜਲਦੀ ਰੋਕਥਾਮ ’ਤੇ ਹੈ। ਇਸ ਦੇ ਲਈ ਲਾਕਡਾਊਨ ਵਰਗੇ ਸਖ਼ਤ ਕਦਮ ਚੁਕਣ ਦੀ ਲੋੜ ਹੈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੋਰੋਨਾ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਮਹਾਮਾਰੀ ਨੂੰ ਰੋਕਣ ਲਈ ਜੋ ਵੀ ਉਪਾਅ ਕੀਤੇ ਜਾ ਰਹੇ ਹਨ, ਉਹ ਬਿਹਤਰ ਹਨ। ਹੁਣ ਤਕ ਚੀਨ ਵਿਚ 87 ਫ਼ੀ ਸਦੀ ਲੋਕਾਂ ਦਾ ਟੀਕਾਕਰਨ ਹੋ ਚੁਕਾ ਹੈ। (ਏਜੰਸੀ)