ਬਹਿਬਲ ਕਲਾਂ ਧਰਨੇ 'ਤੇ ਪਹੁੰਚੇ ਨਵਜੋਤ ਸਿੱਧੂ, ਪੀੜਤ ਪਰਿਵਾਰਾਂ ਨਾਲ ਕੀਤੀ ਗੱਲਬਾਤ
ਕਿਹਾ -'ਇੰਤਹਾ ਹੋ ਗਈ ਇੰਤਜ਼ਾਰ ਕੀ'
ਬਹਿਬਲ ਕਲਾਂ : ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਵਾਪਰੇ ਗੋਲੀ ਕਾਂਡ ਲਈ ਇਨਸਾਫ਼ ਦੀ ਮੰਗ ਜਾਰੀ ਹੈ।
ਪੀੜਤ ਪਰਿਵਾਰਾਂ ਵਲੋਂ ਧਰਨਾ ਲਗਾਇਆ ਗਿਆ ਹੈ ਅਤੇ ਅੱਜ ਇਸੇ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਹਿਬਲ ਕਲਾਂ ਪਹੁੰਚੇ। ਇਸ ਦੌਰਾਨ ਉਨ੍ਹਾਂ ਧਰਨੇ ’ਤੇ ਬੈਠੇ ਲੋਕਾਂ ਨਾਲ ਗੱਲਬਾਤ ਕੀਤੀ।
ਇਸ ਤੋਂ ਬਾਅਦ ਸਿੱਧੂ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਇਸ ਧਰਨੇ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ''ਇੰਤਹਾ ਹੋ ਗਈ ਇੰਤਜ਼ਾਰ ਕੀ'। ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਆਗੂ ਅਸ਼ਵਨੀ ਸੇਖੜੀ, ਨਾਜ਼ਰ ਸਿੰਘ ਮਾਨਸ਼ਾਹੀਆ ਸਮੇਤ ਕਈ ਹੋਰ ਆਗੂ ਹਾਜ਼ਰ ਸਨ।
ਦੱਸ ਦੇਈਏ ਕਿ ਬਹਿਬਲ ਕਲਾਂ 'ਚ ਪੁਲਿਸ ਗੋਲੀਬਾਰੀ 'ਚ ਜਾਨ ਗਵਾਉਣ ਵਾਲੇ ਦੋ ਸਿੱਖ ਨੌਜਵਾਨਾਂ ਦੇ ਪਰਿਵਾਰ 6 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਹਨ।
ਧਰਨੇ 'ਤੇ ਪਹੁੰਚੇ ਨਵਜੋਤ ਸਿੱਧੂ ਨੇ ਕਿਹਾ ਕਿ ਧਰਮ ਤੋਂ ਬਿਨ੍ਹਾਂ ਕੋਈ ਵੀ ਸੱਤਾ ਕਾਮਯਾਬ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਇਹ ਮਸਲਾ ਇਕੱਲੇ ਧਰਨੇ 'ਤੇ ਬੈਠੇ ਪੀੜਤ ਪਰਿਵਾਰਾਂ ਦਾ ਨਹੀਂ ਹੈ ਸਗੋਂ ਇਹ ਨਿਆਂ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਰਾਜਸੱਤਾ ਧਰਮ ਦੀ ਰਾਖੀ ਨਹੀਂ ਕਰ ਸਕਦੀ ਉਸ ਦਾ ਕੋਈ ਵਜੂਦ ਨਹੀਂ ਹੈ।
ਸਿੱਧੂ ਨੇ ਕਿਹਾ ਕੇ ਮੈਂ ਸੱਤਾ ਛੱਡ ਕੇ ਝੋਲੀਆਂ ਵੀ ਅੱਡਿਆਂ, ਮੁੱਖ ਮੰਤਰੀਆਂ ਦੇ ਸਾਹਮਣੇ ਡੱਟਿਆ ਵੀ, ਤਿੰਨ ਸਿੱਟਾਂ (ਵਿਸ਼ੇਸ਼ ਜਾਂਚ ਟੀਮਾਂ), ਚਾਰ ਗ੍ਰਹਿ ਮੰਤਰੀ ਅਤੇ ਤਿੰਨ ਮੁੱਖ ਮੰਤਰੀ; ਇਹ ਸਭ ਕਪੜੇ ਹੀ ਬਦਲਦੇ ਰਹੇ ਪਰ ਨਿਆਂ ਕਿਸੇ ਨੇ ਨਹੀਂ ਕੀਤਾ। ਉਹ ਇੱਕ ਗੱਲ ਨਹੀਂ ਸਮਝੇ ਕਿ ਇਹ ਪੰਜਾਬ ਦੇ ਲੋਕਾਂ ਲਈ ਇੱਕ ਨਾਸੂਰ ਹੈ ਜੋ ਅੱਜ ਵੀ ਅੱਲਾ ਹੈ। ਇਸ ਲਈ ਜਦੋ ਜਦੋਂ ਵੀ ਮੌਕਾ ਮਿਲਿਆ ਮੈਂ ਇਸ ਮਸਲੇ ਨੂੰ ਚੁੱਕਦਾ ਰਿਹਾ ਹਾਂ ਕਿਉਂਕਿ ਮੈਂ ਇਸ ਪਾਪ ਦਾ ਭਾਗੀਦਾਰ ਨਹੀਂ ਬਣਨਾ ਚਾਹੁੰਦਾ ਸੀ।
ਇਸ ਮੌਕੇ ਉਨ੍ਹਾਂ ਸਿਆਸੀ ਪਾਰਟੀਆਂ 'ਤੇ ਤੰਜ਼ ਕੱਸਦਿਆਂ ਕਿਹਾ ਕਿ ਜਿਹੜੇ ਕਹਿੰਦੇ ਸੀ ਕਿ ਬੇਅਦਬੀ ਕਰਵਾਉਣ ਵਾਲਿਆਂ ਦਾ ਕੱਖ ਨਾ ਰਹੇ ਉਨ੍ਹਾਂ ਦਾ ਕੀ ਰਿਹਾ? ਇੰਨਾ ਹੀ ਨਹੀਂ ਜਿਹੜੇ ਇਨ੍ਹਾਂ ਮਾਮਲਿਆਂ ਵਿਚ ਇਨਸਾਫ ਨਹੀਂ ਕਰ ਸਕੇ, ਚਾਰ ਗ੍ਰਹਿ ਮੰਤਰੀ ਬਦਲੇ ਸਨ, ਉਨ੍ਹਾਂ ਦਾ ਵੀ ਕੀ ਰਿਹਾ?
ਇਸ ਮੌਕੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਜਿਸ ਸ਼ਰਤ 'ਤੇ ਪਿੱਛਲੀ ਸਰਕਾਰ ਵਿਚ ਮੁੱਖ ਮੰਤਰੀ ਬਦਲਿਆ ਗਿਆ ਉਹ ਵੀ ਜਿਉਂ ਦੀ ਤਿਉਂ ਰਹਿ ਗਈ। 'ਆਪ' ਸੁਪ੍ਰੀਮੋ ਕੇਜਰੀਵਾਲ ਨੇ ਕਿਹਾ ਸੀ ਕਿ ਸਾਨੂੰ 24 ਘੰਟੇ ਦੀਓ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ।
ਹੁਣ ਸਰਕਾਰ ਵੀ ਤੁਹਾਡੀ ਹੈ, ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵੀ ਤੁਹਾਡੇ ਹਨ, ਇਥੋਂ ਤੱਕ ਕਿ ਜਿਸ ਸ਼ਖ਼ਸ ਨੇ ਰਿਪੋਰਟ ਤਿਆਰ ਕੀਤੀ ਉਹ ਵਿਧਾਇਕ ਵੀ ਤੁਹਾਡੀ ਹੀ ਪਾਰਟੀ ਦਾ ਹੈ। ਤੁਸੀਂ 24 ਘੰਟੇ ਕਹੇ ਸਨ, 20 ਦਿਨ ਬੀਤ ਗਏ ਪਰ ਅਸੀਂ ਤੁਹਾਨੂੰ 2 ਮਹੀਨੇ ਦਿੰਦੇ ਹਾਂ। ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੋ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ 'ਆਪ' ਸਰਕਾਰ ਇਹ ਮਸਲਾ ਸੁਲਝਾਏਗੀ ਤਾਂ ਕਰਾਂਗਾ ਜੈ-ਜੈ ਕਰ ਨਹੀਂ ਤਾਂ ਜਿਵੇਂ ਆਪਣੀ ਸਰਕਾਰ ਨੂੰ ਸਵਾਲ ਕਰਦਾ ਸੀ ਇਨ੍ਹਾਂ ਨੂੰ ਵੀ ਸਵਾਲ ਕਰਾਂਗਾ।