ਪ੍ਰਵਾਸੀ ਭਾਰਤੀ ਭਾਈ ਥਮਿੰਦਰ ਸਿੰਘ ਵਲੋਂ ਗਿਆਨੀ ਹਰਪ੍ਰੀਤ ਸਿੰਘ ਅਤੇ ਐਡਵੋਕੇਟ ਧਾਮੀ ਨੂੰ ਸਵਾਲ
ਪ੍ਰਵਾਸੀ ਭਾਰਤੀ ਭਾਈ ਥਮਿੰਦਰ ਸਿੰਘ ਵਲੋਂ ਗਿਆਨੀ ਹਰਪ੍ਰੀਤ ਸਿੰਘ ਅਤੇ ਐਡਵੋਕੇਟ ਧਾਮੀ ਨੂੰ ਸਵਾਲ
ਗੁਰੂ ਗ੍ਰੰਥ ਸਾਹਿਬ ਛਾਪਣ ਲਈ ਇਕੱਲੀ ਸ਼ੋ੍ਰਮਣੀ ਕਮੇਟੀ ਦੀ ਹੀ ਮਨਾਪਲੀ ਕਿਉਂ?
ਕੋਟਕਪੂਰਾ, 28 ਮਾਰਚ (ਗੁਰਿੰਦਰ ਸਿੰਘ) : ਪਿਛਲੇ ਦਿਨੀਂ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਵਲੋਂ ਅਮਰੀਕਾ ਵਿਚ ਹੋ ਰਹੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਬਾਰੇ ਜਾਰੀ ਕੀਤਾ ਗਿਆ ਬਿਆਨ ਹੁਣ ਉਨ੍ਹਾਂ ਲਈ ਹੀ ਮੁਸੀਬਤ ਦਾ ਸਬੱਬ ਬਣ ਸਕਦਾ ਹੈ ਕਿਉਂਕਿ ਪ੍ਰਵਾਸੀ ਭਾਰਤੀ ਥਮਿੰਦਰ ਸਿੰਘ ਨੇ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਸਮੇਤ ਅਹੁਦੇਦਾਰਾਂ ਨੂੰ ਕੁੱਝ ਅਜਿਹੇ ਸਵਾਲ ਕਰ ਦਿਤੇ ਹਨ, ਜਿਨ੍ਹਾਂ ਦਾ ਜਵਾਬ ਦੇਣਾ 'ਜਥੇਦਾਰਾਂ' ਲਈ ਔਖਾ ਹੋਵੇਗਾ |
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਗਿਆਨੀ ਹਰਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ 'ਚ ਹੋ ਰਹੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਬਾਰੇ ਇਕ ਬਿਆਨ ਜਾਰੀ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਤੋਂ ਸਿਵਾਏ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਛਾਪਣ ਦਾ ਅਧਿਕਾਰ ਨਹੀਂ ਹੈ ਅਤੇ ਨਾਹੀਂ ਛਪਾਈ ਵੇਲੇ ਜਾਂ ਉਤਾਰੇ ਕਰਦਿਆਂ ਰਹਿ ਗਈਆਂ ਗ਼ਲਤੀਆਂ ਨੂੰ ਵੀ ਠੀਕ ਕਰਨ ਦਾ ਕੋਈ ਅਧਿਕਾਰ ਹੈ | ਇਸ ਸਬੰਧੀ ਭਾਈ ਥਮਿੰਦਰ ਸਿੰਘ ਨੇ ਸਮੁੱਚੇ ਸਿੱਖ ਪੰਥ ਨੂੰ ਕੱੁਝ ਬੇਨਤੀਆਂ ਕਰਨ ਦੇ ਨਾਲ-ਨਾਲ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼ੋ੍ਰਮਣੀ ਕਮੇਟੀ ਨੂੰ ਸਵਾਲ ਵੀ ਕੀਤੇ ਹਨ |
1. ਮੇਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਨਿਮਰ ਬੇਨਤੀ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਛਾਪਣਾ ਆਰੰਭ ਕੀਤਾ ਸੀ ਤਾਂ ਕਿਹੜੇ ਵਿਦਵਾਨਾਂ ਦੀ ਕਮੇਟੀ ਬਣਾਈ ਸੀ ਅਤੇ ਕਿਸ ਹੱਥ ਲਿਖਤ ਬੀੜ ਨੂੰ ਆਧਾਰ ਬਣਾਇਆ ਗਿਆ ਸੀ?
2. ਸ਼੍ਰੋਮਣੀ ਕਮੇਟੀ ਦੇ ਅਪਣੇ ਹੀ ਛਾਪੇ ਸਰੂਪਾਂ 'ਚ ਉਨ੍ਹਾਂ ਵਲੋਂ ਕਈ ਵਾਰੀ ਤਬਦੀਲੀਆਂ ਕਿਉਂ ਕੀਤੀਆਂ ਗਈਆਂ? ਜਿਸ 'ਚੋਂ ਕਈ ਤਬਦੀਲੀਆਂ ਦਾ ਸਬੰਧ ਕੀ ਸਿਆਸੀ ਪ੍ਰਭਾਵ ਅਤੇ ਵੋਟਾਂ ਲੈਣ ਦੀ ਖ਼ਾਤਰ ਸੀ? ਇਸ 'ਚ ਮੂਲ ਮੰਤਰਾਂ ਦੀ ਬੇਤਰਤੀਬੀ ਸੱਭ ਤੋਂ ਵਧੇਰੇ ਵਰਨਣਯੋਗ ਹੈ, ਜਿਹੜੀ ਸ਼੍ਰੋਮਣੀ ਕਮੇਟੀ ਵਲੋਂ ਕੀਮਤੀ ਬਲਾਕਾਂ ਨੂੰ ਤੋੜ ਕੇ ਨਵੇਂ ਸਰੂਪ ਛਾਪ ਕੇ ਕੀਤੀ ਗਈ | ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਕੋਈ ਵਿਦਵਾਨਾਂ ਦਾ ਪੈਨਲ ਨਹੀਂ ਬਣਾਇਆ ਅਤੇ ਨਾ ਹੀ ਅੱਜ ਤਕ ਦਸਿਆ ਹੈ ਕਿ ਕਿਹੜਾ ਸਰੂਪ ਪ੍ਰਮਾਣਤ ਹੈ?
3. ਜਦੋਂ ਸ਼੍ਰੋਮਣੀ ਕਮੇਟੀ ਹੋਂਦ 'ਚ ਆਈ ਸੀ, ਉਦੋਂ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦੀ ਇਸ 'ਚ ਕੋਈ ਨੁਮਾਇੰਦਗੀ ਨਹੀਂ ਰੱਖੀ ਗਈ ਸੀ | ਹੁਣ ਸ਼੍ਰੋਮਣੀ ਕਮੇਟੀ ਦੀ ਹੱਦ ਵੀ ਸੁੰਗੜ ਕੇ ਸ਼ੰਭੂ ਬਾਰਡਰ ਤਕ ਰਹਿ ਗਈ ਹੈ | ਦੂਜੇ ਪਾਸੇ ਸੰਸਾਰ ਭਰ 'ਚ ਸਿੱਖਾਂ ਦੀ ਆਬਾਦੀ ਵਧਦੀ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਵਧਦੀਆਂ ਜਾ ਰਹੀਆਂ ਹਨ, ਇਸ ਪਾਸੇ ਸ਼੍ਰੋਮਣੀ ਕਮੇਟੀ ਦਾ ਕੋਈ ਧਿਆਨ ਨਹੀਂ ਹੈ ਅਤੇ ਨਾ ਹੀ ਸ਼੍ਰੋਮਣੀ ਕਮੇਟੀ 'ਚ ਵਿਦੇਸ਼ਾਂ 'ਚ ਰਹਿੰਦੇ ਸਿੱਖਾਂ ਦੀ ਕੋਈ ਨੁਮਾਇੰਦਗੀ ਦਾ ਹੀ ਪ੍ਰਬੰਧ ਕੀਤਾ ਗਿਆ ਹੈ ਤਾਕਿ ਉਹ ਅਪਣੀਆਂ ਸਮੱਸਿਆਵਾਂ ੳੁੱਥੇ ਰੱਖ ਸਕਣ, ਆਖ਼ਰ ਕਿਉਂ?
4. ਦੁਨੀਆਂ ਭਰ 'ਚ ਗੁਰਦਵਾਰੇ ਵੀ ਵੱਧ ਰਹੇ ਹਨ ਅਤੇ ਸਿੱਖਾਂ ਦੀ ਆਬਾਦੀ ਵੀ ਵੱਧ ਰਹੀ ਹੈ ਜਿਸ ਕਰ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਮੰਗ ਦਾ ਵੀ ਦਿਨੋਂ ਦਿਨ ਵਧਣਾ ਸੁਭਾਵਕ ਹੈ | ਇਸ ਦਾ ਕੋਈ ਯੋਗ ਪ੍ਰਬੰਧ ਅੱਜ ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਹੀਂ ਕੀਤਾ ਗਿਆ ਅਤੇ ਨਾ ਹੀ ਅਕਾਲ ਤਖ਼ਤ ਸਾਹਿਬ ਨੇ ਹੀ ਕਦੀ ਇਸ ਵਲ ਕੋਈ ਧਿਆਨ ਦਿਤਾ ਹੈ |
5. ਜਦੋਂ ਕੋਈ ਵਿਦੇਸ਼ੀ ਸਿੱਖ ਅਪਣੇ ਮਸਲੇ ਆਪ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਜਾਂ ਕੋਈ ਖੋਜ ਕਾਰਜ ਕਰਦੇ ਹਨ ਤਾਂ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਅਪਣੀ ਮਨਾਪਲੀ ਅਧੀਨ ਉਨ੍ਹਾਂ ਨੂੰ ਵਰਜਣ ਦੀ ਕੋਸ਼ਿਸ਼ ਕਿਉਂ ਕਰਦੇ ਹਨ?
6. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਥਾਪਤ ਕਮੇਟੀ, ਜਿਸ 'ਚ ਉਨ੍ਹਾਂ ਦੇ ਅਪਣੇ ਰਿਸਰਚ ਸਕਾਲਰ ਰਣਧੀਰ ਸਿੰਘ ਅਤੇ ਦੋ ਹੋਰ ਖੋਜੀ ਸੱਜਣ ਗਿਆਨੀ ਕੁੰਦਨ ਸਿੰਘ ਅਤੇ ਨਿਹੰਗ ਭਾਈ ਗਿਆਨ ਸਿੰਘ 'ਤੇ ਆਧਾਰਤ ਇਕ ਸਬ ਕਮੇਟੀ ਬਣਾਈ | ਇਸ ਕਮੇਟੀ ਨੇ ਸਾਲਾਂਬੱਧੀ ਮਿਹਨਤ ਕਰ ਕੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ 'ਚ ਹੱਥ ਲਿਖਤ ਬੀੜਾਂ ਦੇ ਆਧਾਰ 'ਤੇ ਛਪੀ ਹੋਈ ਬੀੜ 'ਚ ਰਹਿ ਗਈਆਂ ਉਕਾਈਆਂ ਅਤੇ ਪਾਠ-ਭੇਦਾਂ ਬਾਰੇ ਇਕ ਰਿਪੋਰਟ ਤਿਆਰ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਅਤੇ ਉਹ ਰਿਪੋਰਟ ਸ਼੍ਰੋਮਣੀ ਕਮੇਟੀ ਨੇ ਛਪਾ ਕੇ ਸੰਗਤਾਂ ਸਾਹਮਣੇ ਲਿਆਂਦੀ ਪਰ ਅੱਜ ਤਕ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ | ਪੰਥ ਦੇ ਗਿਆਤ ਹਿਤ ਦਸਿਆ ਜਾਂਦਾ ਹੈ ਕਿ ਇਸ ਦੀ ਭੂਮਿਕਾ ਮਰਹੂਮ ਗਿਆਨੀ ਕਿ੍ਪਾਲ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਲਿਖੀ ਹੋਈ ਹੈ |
7. ਇਸ ਤੋਂ ਬਾਅਦ ਮੁੜ ਮਾਰਚ, 1996 'ਚ ਜਥੇਦਾਰ ਅਕਾਲ ਸਾਹਿਬ ਦੇ ਆਦੇਸ਼ਾਂ ਅਨੁਸਾਰ ਵਿਦਵਾਨਾਂ ਦੀ ਇਕ ਹੋਰ ਕਮੇਟੀ ਬਣਾਈ ਗਈ ਜਿਸ 'ਚ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਭਾਈ ਜੋਗਿੰਦਰ ਸਿੰਘ ਤਲਵਾੜਾ, ਗਿਆਨੀ ਹਰਬੰਸ ਸਿੰਘ ਪਟਿਆਲਾ, ਪ੍ਰੋ. ਬਿਕਰਮ ਸਿੰਘ, ਜਥੇਦਾਰ ਅਵਤਾਰ ਸਿੰਘ ਬੱਧਨੀਕਲਾਂ, ਪ੍ਰੋ. ਪ੍ਰਕਾਸ਼ ਸਿੰਘ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ਼ਾਮਲ ਵੀ ਸਨ | ਇਸ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ-ਸਰੂਪਾਂ ਅਤੇ ਸ਼ਬਦਾਰਥ ਸੈਂਚੀਆਂ 'ਚ ਪਾਠ-ਭੇਦਾਂ ਅਤੇ ਛਾਪੇ ਦੀਆਂ ਗ਼ਲਤੀਆਂ ਬਾਰੇ ਸ਼੍ਰੋਮਣੀ ਕਮੇਟੀ ਨੂੰ ਅਪਣੀ ਰਿਪੋਰਟ ਸੌਂਪੀ ਪਰ ਅੱਜ ਤਕ ਉਸ 'ਤੇ ਵੀ ਕੋਈ ਅਮਲ ਨਹੀਂ ਕੀਤਾ ਗਿਆ?
8. ਇਸ ਤੋਂ ਇਲਾਵਾ ਦਮਦਮੀ ਟਕਸਾਲ ਨੇ ਅਪਣੀ ਛਾਪੀ ਪੋਥੀ ਗੁਰਬਾਣੀ ਪਾਠ ਦਰਪਣ 'ਚ ਤਕਰੀਬਨ 1500 ਪਾਠ-ਭੇਦਾਂ ਬਾਰੇ ਲਿਖਤੀ ਸੂਚਨਾ ਦਿਤੀ ਹੋਈ ਹੈ | ਇਸ ਪਾਸੇ ਵੀ ਸ਼੍ਰੋਮਣੀ ਕਮੇਟੀ ਵਲੋਂ ਅੱਜ ਤਕ ਸੋਚਣ ਦਾ ਕੋਈ ਯਤਨ ਕਿਉਂ ਨਹੀਂ ਕੀਤਾ ਗਿਆ?
9. ਗਿਆਨੀ ਜਗਤਾਰ ਸਿੰਘ ਜਾਚਕ ਸਾਬਕਾ ਗ੍ਰੰਥੀ ਹਰਿਮੰਦਰ ਸਾਹਿਬ ਨੇ ਵੀ ਅਪਣੀ ਪੁਸਤਕ ਸਰਬੋਤਮਤਾ ਗੁਰੂ ਗ੍ਰੰਥ ਸਾਹਿਬ 'ਚ ਇਸ ਸਬੰਧੀ ਬਹੁਤ ਹੀ ਅਹਿਮ ਸੂਚਨਾਵਾਂ ਦਰਜ ਕੀਤੀਆਂ ਹੋਈਆਂ ਹਨ, ਹੋਰ ਬਹੁਤ ਸਾਰੇ ਵਿਦਵਾਨਾਂ ਨੇ ਵੀ ਇਸ ਪਾਸੇ ਵਲ ਕਾਫ਼ੀ ਕੰਮ ਕੀਤਾ ਹੋਇਆ ਹੈ | ਭਾਈ ਥਮਿੰਦਰ ਸਿੰਘ ਮੁਤਾਬਕ ਇਸ ਅਹਿਮ ਸਮੱਸਿਆਵਾਂ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਬਣਦੀ ਸੀ, ਕਿਉਂਕਿ ਉਹ ਹੀ ਅਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਮੰਨਦੀ ਹੈ | ਉਸ ਨੇ ਅੱਜ ਤਕ ਇਸ ਪਾਸੇ ਵਲ ਕੋਈ ਧਿਆਨ ਨਹੀਂ ਦਿਤਾ | ਦੇਵੇ ਵੀ ਕਿਵੇਂ ਜੇ ਸਿਆਸਤ ਵਲੋਂ ਧਿਆਨ ਹਟੇ ਤਾਂ ਹੀ ਇਨ੍ਹਾਂ ਗਹਿਰ ਗੰਭੀਰ ਸਮੱਸਿਆਵਾਂ ਦਾ ਹੱਲ ਕਢਿਆ ਸਕਦਾ ਹੈ | ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਵਲ ਅੱਜ ਤਕ ਕੋਈ ਕਦਮ ਨਹੀਂ ਉਠਾਇਆ | ਹੁਣ ਜਦ ਵਿਦੇਸ਼ਾਂ 'ਚ ਵਸਦੇ ਸਿੱਖਾਂ ਨੇ ਅਪਣੇ ਖ਼ਰਚੇ 'ਤੇ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਉਪਰਾਲਾ ਕੀਤਾ ਹੈ ਤਾਂ ਐਨਾ ਵਾਵੇਲਾ ਕਿਉਂ ਮਚਾਇਆ ਜਾ ਰਿਹਾ ਹੈ?
ਇਕ ਪਾਸੜ ਸੋਚ ਵਾਲੇ ਅਪਣੇ ਝੋਲੀ ਚੁੱਕ ਚਾਰ ਕੁ ਵਿਦਵਾਨਾਂ ਦੀ ਰਾਇ ਲੈ ਕੇ ਕੌਮ ਦੇ ਐਨੇ ਗਹਿਰ ਗੰਭੀਰ ਮਸਲਿਆਂ ਦਾ ਹੱਲ ਨਹੀਂ ਕਰ ਸਕਦੇ, ਹਾਂ ਇਹ ਜ਼ਰੂਰ ਹੈ ਕਿ ਤੁਸੀਂ ਜ਼ੋਰ ਜ਼ਬਰਦਸਤੀ ਇਸ ਆਵਾਜ਼ ਨੂੰ ਬੰਦ ਕਰਨ ਦਾ ਯਤਨ ਕਰੋਗੇ ਪਰ ਮਸਲਾ ਉੱਥੇ ਦਾ ਉੱਥੇ ਹੀ ਰਹੇਗਾ, ਜਦੋਂ ਤਕ ਕਿ ਸਮੁੱਚੇ ਪੰਥ ਦੇ ਵਿਦਵਾਨਾਂ ਅਤੇ ਵਿਦੇਸ਼ਾਂ 'ਚ ਰਹਿੰਦੇ ਗੁਰਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਕੋਈ ਵਡੇਰਾ ਯਤਨ ਨਹੀਂ ਆਰੰਭਿਆ ਜਾਂਦਾ | ਇਹ ਵੀ ਸਪੱਸ਼ਟ ਕੀਤਾ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਛਾਪਣ ਦੀ ਇਕੱਲੀ ਸ਼੍ਰੋਮਣੀ ਕਮੇਟੀ ਦੀ ਹੀ ਮਨਾਪਲੀ ਕਿਉਂ ਹੈ? ਉਸ ਦੀ ਹੱਦ ਤਾਂ ਕੇਵਲ ਪੰਜਾਬ ਤਕ ਹੀ ਸੀਮਤ ਹੈ? ਵਿਦੇਸ਼ੀ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਕੌਣ ਹੱਲ ਕਰੇਗਾ? ਉਹ ਵਿਦੇਸ਼ਾਂ 'ਚ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕਿਉਂ ਨਹੀਂ ਕਰ ਸਕਦੇ? ਪੁਰਾਤਨ ਸਮੇਂ 'ਚ ਤਾਂ ਕੋਈ ਵੀ ਗੁਰਸਿੱਖ ਆਪ ਸਿਆਹੀ ਬਣਾ ਕੇ ਕਾਗ਼ਜ਼ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤੀ ਸਰੂਪ ਤਿਆਰ ਗੁਰਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਤਿਆਰ ਕਰਦੇ ਸਨ, ਫਿਰ ਹੁਣ ਕਿਉਂ ਨਹੀਂ ਛਾਪੇ ਜਾ ਸਕਦੇ?