ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ’ਚ ਇਮਰਾਨ ਵਿਰੁਧ ਵਿਰੋਧੀ ਧਿਰ ਨੇ ਪੇਸ਼ ਕੀਤਾ ਅਵਿਸ਼ਵਾਸ ਪ੍ਰਸਤਾਵ

ਏਜੰਸੀ

ਖ਼ਬਰਾਂ, ਪੰਜਾਬ

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ’ਚ ਇਮਰਾਨ ਵਿਰੁਧ ਵਿਰੋਧੀ ਧਿਰ ਨੇ ਪੇਸ਼ ਕੀਤਾ ਅਵਿਸ਼ਵਾਸ ਪ੍ਰਸਤਾਵ

image

ਇਸਲਾਮਾਬਾਦ, 28 ਮਾਰਚ : ਪਾਕਿਸਤਾਨ ਵਿਚ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਅੱਜ ਸ਼ੁਰੂ ਹੋਇਆ। ਦੇਸ਼ ’ਚ ਚੱਲ ਰਹੇ ਸਿਆਸੀ ਅੰਦੋਲਨ ਦੇ ਵਿਚਕਾਰ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਰੁਧ ਬੇਭਰੋਸਗੀ ਮਤਾ ਪੇਸ਼ ਕੀਤਾ ਹੈ। ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਵਿਰੋਧੀ ਧਿਰ ਦੇ ਆਗੂਅਤੇ ਪੀਐਮਐਲ-ਐਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੇ ਇਹ ਮਤਾ (ਅਵਿਸ਼ਵਾਸ ਮਤਾ) ਪੇਸ਼ ਕੀਤਾ।
ਪਾਕਿਸਤਾਨ ਦੀ ਰਾਜਨੀਤੀ ਵਿਚ ਇਸ ਨੂੰ ਬਹੁਤ ਮਹੱਤਵਪੂਰਨ ਘਟਨਾਕ੍ਰਮ ਮੰਨਿਆ ਜਾ ਰਿਹਾ ਹੈ ਕਿਉਂਕਿ ਸੱਤਾ ਦੇ ਬਦਲਦੇ ਸਮੀਕਰਨਾਂ ਅਤੇ ਸਹਿਯੋਗੀਆਂ ਦੇ ਬਾਗ਼ੀ ਰਵਈਏ ਕਾਰਨ ਇਮਰਾਨ ਖ਼ਾਨ ਦੀ ਸਿਆਸੀ ਕਿਸਮਤ ਅਸੰਤੁਲਨ ਵਿਚ ਲਟਕ ਰਹੀ ਹੈ। ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਸੰਸਦ ਦੇ ਉਨ੍ਹਾਂ ਮੈਂਬਰਾਂ ਨੂੰ ਸੈਸ਼ਨ ਦੌਰਾਨ ਖੜ੍ਹੇ ਹੋਣ ਲਈ ਕਿਹਾ ਜੋ ਇਸ ਮਤੇ ਦੇ ਹੱਕ ਵਿਚ ਹਨ ਤਾਂ ਜੋ ਮਤੇ ਦਾ ਸਮਰਥਨ ਕਰਨ ਵਾਲੇ ਮੈਂਬਰਾਂ ਦੀ ਗਿਣਤੀ ਦਾ ਪਤਾ ਲੱਗ ਸਕੇ।
ਸੂਤਰਾਂ ਨੇ ਪਾਕਿਸਤਾਨੀ ਨਿਊਜ਼ ਚੈਨਲ ਜੀਓ ਨਿਊਜ਼ ਨੂੰ ਦਸਿਆ ਕਿ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਨੇ ਸੈਸ਼ਨ ਤੋਂ ਕੱੁਝ ਸਮਾਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਨਾਲ ਮੁਲਾਕਾਤ ਕੀਤੀ ਅਤੇ ਭਰੋਸਾ ਦਿਤਾ ਕਿ ਬੇਭਰੋਸਗੀ ਮਤਾ ਪੇਸ਼ ਹੋਣ ਤੋਂ ਬਾਅਦ ਸੈਸ਼ਨ ਨੂੰ ਮੁਲਤਵੀ ਕਰ ਦਿਤਾ ਜਾਵੇਗਾ। ਆਗੂਆਂ ਨੇ ਇਸ ਦੀ ਹਾਮੀ ਭਰੀ। ਸੈਸ਼ਨ ਮੁੜ ਸ਼ੁਰੂ ਹੋਣ ’ਤੇ ਬੇਭਰੋਸਗੀ ਮਤੇ ’ਤੇ ਬਹਿਸ ਹੋਵੇਗੀ। ਸੱਤਾਧਾਰੀ ਪੀ.ਟੀ.ਆਈ. ਮੈਂਬਰ ਖ਼ਯਾਲ ਜ਼ਮਾਨ (ਮਰਹੂਮ) ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸ਼ੁਕਰਵਾਰ ਨੂੰ ਸੈਸ਼ਨ ਮੁਲਤਵੀ ਕਰ ਦਿਤਾ ਗਿਆ। (ਏਜੰਸੀ)