ਦੋ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਹੋਈ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਸੂਮ ਬੱਚਿਆਂ ਦੇ ਪਾਲਣ ਪੋਸ਼ਣ ਲਈ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ

Harish (file photo)

ਫ਼ਿਰੋਜ਼ਪੁਰ : ਸੂਬੇ ਅੰਦਰ ਨਸ਼ੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬੇਸ਼ੱਕ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਨਸ਼ਾ ਖਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਅਤੇ ਨਸ਼ਾ ਵਿਰੋਧੀ ਮੁਹਿੰਮ ਵੀ ਚਲਾਈ ਜਾਂਦੀ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਨਸ਼ਾ ਅੱਜ ਵੀ ਧੜੱਲੇ ਨਾਲ ਵਿਕ ਰਿਹਾ ਹੈ। ਜਿਸ ਨਾਲ ਆਏ ਦਿਨ ਪੰਜਾਬ ਦੀ ਨੌਜਵਾਨੀ ਖਤਮ ਹੁੰਦੀ ਜਾ ਰਹੀ ਹੈ। ਤਾਜ਼ਾ ਮਾਮਲਾ ਫ਼ਿਰੋਜ਼ਪੁਰ ਦੀ ਬਾਗ਼ ਵਾਲੀ ਬਸਤੀ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ 25 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਹਰੀਸ਼ ਦੀ ਪਤਨੀ ਨੇ ਦੱਸਿਆ ਕਿ ਹਰੀਸ਼ ਨਸ਼ਾ ਕਰਨ ਦਾ ਆਦੀ ਸੀ। ਜਿਸ ਦੇ ਚਲਦੇ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਦੇ ਦੋ ਛੋਟੇ-ਛੋਟੇ ਬੱਚੇ ਵੀ ਹਨ। ਉਸ ਨੇ ਦੱਸਿਆ ਕਿ ਬੇਸ਼ੱਕ ਉਸ ਦਾ ਪਤੀ ਨਸ਼ਾ ਕਰਦਾ ਸੀ ਪਰ ਥੋੜ੍ਹਾ ਬਹੁਤਾ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ ਅਤੇ ਉਹ ਖੁਦ ਵੀ ਮਿਹਨਤ ਮਜ਼ਦੂਰੀ ਕਰ ਆਪਣੇ ਬੱਚੇ ਪਾਲ ਰਹੀ ਸੀ। 

ਇਹ ਵੀ ਪੜ੍ਹੋ: AI ਦਾ ਕਮਾਲ! ਨਮੋ ਐਪ 'ਚ ਲੋਕ ਲੱਭ ਸਕਣਗੇ PM ਮੋਦੀ ਨਾਲ ਫੋਟੋ

ਉਨ੍ਹਾਂ ਦਾ ਕਹਿਣਾ ਹੈ ਕਿ ਹਰੀਸ਼ ਦੀ ਮੌਤ ਤੋਂ ਬਾਅਦ ਉਸ ਨੂੰ ਇਕੱਲੀ ਨੂੰ ਘਰ ਚਲਾਉਣਾ ਬਹੁਤ ਮੁਸ਼ਕਿਲ ਹੋ ਜਾਣਾ ਹੈ। ਗੱਲਬਾਤ ਦੌਰਾਨ ਸਥਾਨਕ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਕੋਲ ਰਹਿਣ ਲਈ ਸਿਰ ਤੇ ਖੁਦ ਦੀ ਛੱਤ ਵੀ ਨਹੀਂ ਕਿਉਂਕਿ ਜਿਥੇ ਉਹ ਰਹਿ ਰਹੇ ਹਨ ਉਹ ਕਿਰਾਏ ਦਾ ਮਕਾਨ ਹੈ। ਇਸ ਦੇ ਚਲਦੇ ਹੁਣ ਉਸ ਨੂੰ ਛੋਟੇ-ਛੋਟੇ ਬੱਚੇ ਪਾਲਣੇ ਬਹੁਤ ਮੁਸ਼ਕਿਲ ਹੋ ਜਾਣਗੇ। 

ਉਥੇ ਹੀ ਸਥਾਨਕ ਲੋਕਾਂ ਅਤੇ ਮ੍ਰਿਤਕ ਦੀ ਮਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਨਸ਼ੇ ਨੂੰ ਬੰਦ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੇ ਇਲਾਕੇ ਵਿੱਚ ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ। ਪੀੜਤ ਪਰਿਵਾਰ ਨੇ ਸਮਾਜਸੇਵੀ ਸੰਸਥਾਵਾਂ ਅਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।