Punjab News: ਜੱਦੀ ਜਾਇਦਾਦ ਦੇ ਲਾਲਚ 'ਚ ਆ ਕੇ ਭਰਾ ਨੇ ਕੀਤਾ ਭੈਣ ਤੇ ਜੀਜੇ ਦਾ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਭੈਣ ਹਰਪ੍ਰੀਤ ਬਿਮਾਰ ਪਿਤਾ ਦੀ ਸਾਂਭ-ਸੰਭਾਲ ਲਈ ਰਹਿ ਰਹੀ ਸੀ ਪੇਕੇ ਘਰ

Brother killed sister and brother-in-law in greed for ancestral property

 

Punjab News : ਜ਼ਿਲ੍ਹੇ ਦੇ ਪਿੰਡ ਕਾਂਨਿਆਂਵਾਲੀ ਵਿਖੇ ਜ਼ਮੀਨੀ ਵਿਵਾਦ ਦੇ ਮਾਮਲੇ ਵਿਚ ਮਾਮੂਲੀ ਤਕਰਾਰ ਤੋਂ ਬਾਅਦ ਭਰਾ ਵਲੋਂ ਅਪਣੀ ਸਕੀ ਭੈਣ ਅਤੇ ਜੀਜੇ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰਨ ਦੀ ਦੁਖਦਾਇਕ ਖ਼ਬਰ ਮਿਲੀ ਹੈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਪੋਸਟਮਾਰਟਮ ਲਈ ਭੇਜ ਦਿਤਾ ਹੈ। 

ਜਾਣਕਾਰੀ ਅਨੁਸਾਰ ਮ੍ਰਿਤਕ ਹਰਪ੍ਰੀਤ ਕੌਰ ਦਾ ਵਿਆਹ ਰੇਸ਼ਮ ਸਿੰਘ ਵਾਸੀ ਪਿੰਡ ਆਲਮ ਵਾਲਾ ਜ਼ਿਲ੍ਹਾ ਮੋਗਾ ਨਾਲ ਹੋਇਆ ਸੀ ਪਰ ਉਹ ਕੁੱਝ ਸਮੇਂ ਬਾਅਦ ਅਪਣੇ ਪਤੀ ਨਾਲ ਪੇਕੇ ਪਿੰਡ ਕਾਨਿਆਂਵਾਲੀ ਵਿਖੇ ਰਹਿ ਰਹੀ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜਸਮੀਤ ਸਿੰਘ ਐਸ.ਪੀ. ਫ਼ਰੀਦਕੋਟ ਦੀ ਅਗਵਾਈ ਵਿਚ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ।

 ਉਨ੍ਹਾਂ ਦਸਿਆ ਕਿ ਹਰਪ੍ਰੀਤ ਕੌਰ ਅਪਣੇ ਬਿਮਾਰ ਪਿਤਾ ਦੀ ਦੇਖਭਾਲ ਅਤੇ ਸਾਂਭ-ਸੰਭਾਲ ਲਈ ਪਤੀ ਸਮੇਤ ਪੇਕੇ ਪਿੰਡ ਰਹਿ ਰਹੀ ਸੀ ਪਰ ਉਸ ਦੇ ਭਰਾ ਅਰਸ਼ਦੀਪ ਸਿੰਘ ਨੂੰ ਜ਼ਮੀਨ ਦੀ ਵੰਡ ਦਾ ਖ਼ਦਸ਼ਾ ਸਤਾਉਣ ਲੱਗਾ। ਉਨ੍ਹਾਂ ਦਸਿਆ ਕਿ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਦੋਵਾਂ ਧਿਰਾਂ ਦਰਮਿਆਨ ਤਕਰਾਰ ਹੋਇਆ ਅਤੇ ਅਰਸ਼ਦੀਪ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਅਪਣੀ ਭੈਣ ਅਤੇ ਜੀਜੇ ਦਾ ਬੇਰਹਿਮੀ ਨਾਲ ਘਰ ਵਿਚ ਹੀ ਕਤਲ ਕਰ ਦਿਤਾ। ਉਨ੍ਹਾਂ ਦਸਿਆ ਕਿ ਪਰਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਦੋਹਰੇ ਕਤਲਕਾਂਡ ਸਬੰਧੀ ਮਾਮਲਾ ਦਰਜ ਕਰਨ ਉਪਰੰਤ ਮੁਲਜ਼ਮ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।