ਕੈਪਟਨ ਨੇ ਇਤਿਹਾਸ ਦੀ ਕਿਤਾਬ 'ਚੋਂ ਗੁਰੂਆਂ ਤੇ ਸਿੱਖਾਂ ਦਾ ਇਤਿਹਾਸ ਹਟਾਉਣ ਦੇ ਦੋਸ਼ਾਂ ਨੂੰ ਖ਼ਾਰਜ ਕੀਤਾ
ਸਿੱਖ ਗੁਰੂਆਂ ਬਾਰੇ ਕੋਈ ਪਾਠ ਨਹੀਂ ਹਟਾਇਆ : ਕੈਪਟਨ
ਚੰਡੀਗੜ੍ਹ, 28 ਅਪ੍ਰੈਲ (ਸਪੋਕਸਮੈਨ ਡੈਸਕ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਕੂਲ ਸਿਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿਚੋਂ ਸਿੱਖ ਗੁਰੂਆਂ ਬਾਰੇ ਪਾਠ ਹਟਾਉਣ ਬਾਰੇ ਅਕਾਲੀ ਦਲ ਦੇ ਦੋਸ਼ਾਂ ਨੂੰ ਰੱਦ ਕਰ ਦਿਤਾ ਹੈ।ਸਾਬਕਾ ਸਿਖਿਆ ਮੰਤਰੀ ਅਤੇ ਸੀਨੀਅਰ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਇਆ ਸੀ ਕਿ ਬੋਰਡ ਵਲੋਂ 12ਵੀਂ ਜਮਾਤ ਦੀ ਇਤਿਹਾਸ ਦੀ ਨਵੀਂ ਕਿਤਾਬ ਵਿਚੋਂ ਪੰਜਾਬ ਦੇ ਅਸਲੀ ਤੇ ਬੇਮਿਸਾਲ ਇਤਿਹਾਸਕ ਸੋਮਿਆਂ, ਗੁਰੂ ਸਾਹਿਬਾਨ ਦੀਆਂ ਜੀਵਨ ਸਿਖਿਆਵਾਂ ਨੂੰ ਬੇਰਹਿਮੀ ਨਾਲ ਕੱਟ ਦਿਤਾ ਗਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 5 ਸਫ਼ਿਆਂ ਦੀ ਚਿੱਠੀ ਲਿਖ ਕੇ ਪੁਛਿਆ ਸੀ ਕਿ ਸਿੱਖ ਕੌਮ, ਸਿੱਖ ਇਤਿਹਾਸ, ਗੁਰੂ ਸਾਹਿਬਾਨ ਤੇ ਸਿੱਖ ਯੋਧਿਆਂ ਦੇ ਕਿਰਦਾਰ ਬਾਰੇ ਬੱਚਿਆਂ ਨੂੰ ਜਾਣਕਾਰੀ ਨਾ ਦੇਣਾ ਹੀ ਕਾਂਗਰਸ ਸਰਕਾਰ ਦੀ ਡਿਊਟੀ ਹੈ?
ਅਕਾਲੀ ਲੀਡਰਾਂ 'ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਤੱਥਾਂ ਦੀ ਪੜਚੋਲ ਕੀਤੇ ਬਿਨਾਂ ਬੇਬੁਨਿਆਦ ਜਨਤਕ ਬਿਆਨਬਾਜ਼ੀ ਕਰ ਕੇ ਘੋਰ ਗ਼ੈਰ-ਜ਼ਿੰਮੇਵਾਰੀ ਦਾ ਪ੍ਰਗਟਾਵਾ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਸਲ 'ਚ ਕੋਰਸਾਂ ਨੂੰ ਮਹਿਜ਼ ਐਨ.ਸੀ.ਆਈ.ਆਰ.ਟੀ. ਦੇ ਸਿਲੇਬਸ ਨਾਲ ਮੁੜ ਸੰਗਠਤ ਕੀਤਾ ਗਿਆ ਹੈ ਤਾਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਕੌਮੀ ਪੱਧਰ ਦੇ ਮੁਕਾਬਲੇ ਦੇ ਯੋਗ ਬਣਾਇਆ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਬੋਰਡ ਵਲੋਂ ਇਕ ਵੀ ਪਾਠ ਜਾਂ ਸ਼ਬਦ ਨਹੀਂ ਹਟਾਇਆ ਗਿਆ। ਉਨ੍ਹਾਂ ਕਿਹਾ ਕਿ ਮਾਹਰਾਂ ਦੀ ਕਮੇਟੀ ਦੀਆਂ ਸਿਫ਼ਾਰਸ਼ਾਂ 'ਤੇ ਗਿਆਰਵੀਂ ਤੇ ਬਾਰ੍ਹਵੀਂ ਜਮਾਤਾਂ ਵਿਚ ਇਤਿਹਾਸ ਨਾਲ ਸਬੰਧਤ ਪਾਠਾਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਗਿਆ ਹੈ ਅਤੇ ਇਸ ਮਾਹਰ ਕਮੇਟੀ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਸ਼ਾਮਲ ਹੈ।ਕਮੇਟੀ ਦੀਆਂ ਸਿਫ਼ਾਰਸ਼ਾਂ 'ਤੇ ਹੀ ਬੋਰਡ ਨੇ ਪਹਿਲਾਂ ਐਨ.ਸੀ.ਆਈ.ਆਰ.ਟੀ. ਦੀਆਂ ਲੀਹਾਂ 'ਤੇ ਫ਼ਿਜ਼ਿਕਸ ਅਤੇ ਕੈਮਿਸਟਰੀ ਦੇ ਕੋਰਸਾਂ ਅਤੇ ਹੁਣ ਇਤਿਹਾਸਕ ਕਿਤਾਬਾਂ ਨੂੰ ਨਵਾਂ ਰੂਪ ਦਿਤਾ। ਮੁੱਖ ਮੰਤਰੀ ਨੇ ਕਿਹਾ ਕਿ ਕਮੇਟੀ ਨੇ ਇਸ ਨੁਕਤੇ 'ਤੇ ਵਿਚਾਰ ਕੀਤੀ ਸੀ ਕਿ ਵਿਦਿਆਰਥੀਆਂ ਨੂੰ ਗਿਆਰਵੀਂ ਜਮਾਤ ਤੋਂ ਹੀ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿਤੀ ਜਾਣੀ ਚਾਹੀਦੀ ਹੈ ਜਿਸ ਕਰ ਕੇ 'ਪੰਜਾਬ ਤੇ ਸਿੱਖ ਇਤਿਹਾਸ' ਬਾਰੇ ਚੈਪਟਰ ਗਿਆਰਵੀਂ ਦੇ ਸਿਲੇਬਸ ਦਾ ਹਿੱਸਾ ਬਣਾ ਦਿਤੇ ਗਏ ਜਦਕਿ 'ਭਾਰਤ ਤੇ ਆਧੁਨਿਕ ਇਤਿਹਾਸ' ਅਤੇ 'ਆਧੁਨਿਕ ਸਿੱਖ ਇਤਿਹਾਸ' ਨੂੰ ਬਾਰ੍ਹਵੀਂ ਜਮਾਤ ਦੇ ਸਿਲੇਬਸ ਨਾਲ ਜੋੜ ਦਿਤਾ ਗਿਆ।ਮੁੱਖ ਮੰਤਰੀ ਨੇ ਕਿਹਾ ਕਿ ਬੋਰਡ ਨੇ ਸਿੱਖ ਗੁਰੂਆਂ ਬਾਰੇ ਇਕ ਵੀ ਚੈਪਟਰ ਨਹੀਂ ਹਟਾਇਆ ਸਗੋਂ ਚਾਰ ਸਾਹਿਬਜ਼ਾਦਿਆਂ ਬਾਰੇ ਚੈਪਟਰ ਸਕੂਲ ਦੀਆਂ ਕਿਤਾਬਾਂ ਵਿਚ ਸ਼ਾਮਲ ਕੀਤੇ ਗਏ।