ਅਕਾਲ ‘ਵਰਸਿਟੀ ਦੀਆਂ ਵਿਦਿਆਰਥਣਾਂ ਨੇ ਲਾਏ ਦੁਰਵਿਵਹਾਰ ਦੇ ਇਲਜ਼ਾਮ, 4 ਕਰਮਚਾਰੀ ਸਸਪੈਂਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਿਲਾ ਸਟਾਫ਼ ਵਲੋਂ ਲੜਕੀਆਂ ਨੂੰ ਕੀਤਾ ਜਾਂਦਾ ਸੀ ਜਲੀਲ

Akal University

ਬਠਿੰਡਾ: ਅਕਾਲ ਯੂਨੀਵਰਸਿਟੀ ਵਿਚ ਬੀਤੇ ਸ਼ੁੱਕਰਵਾਰ ਦੀ ਸ਼ਾਮ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਹੋਸਟਲ ਵਾਰਡਨ ਸਮੇਤ ਹੋਸਟਲ ਵਿਚ ਤੈਨਾਤ ਮਹਿਲਾ ਕਰਮਚਾਰੀਆਂ ਉਤੇ ਦੁ‌ਰਵਿਵਹਾਰ ਕਰਨ ਦੇ ਇਲਜ਼ਾਮ ਲਗਾਏ। ਵਿਦਿਆਰਥਣਾਂ ਨੇ ਯੂਨੀਵਰਸਿਟੀ ਪ੍ਰਬੰਧਨ ਦੇ ਵਿਰੁਧ ਜੱਮ ਕੇ ਰੋਸ ਪ੍ਰਦਰਸ਼ਨ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਤਲਵੰਡੀ ਸਾਬੋ ਪੁਲਿਸ ਮੌਕੇ ’ਤੇ ਪਹੁੰਚੀ।

ਯੂਨੀਵਰਸਿਟੀ ਵਿਚ ਛੁੱਟੀ ਹੋ ਜਾਣ ਤੋਂ ਬਾਅਦ ਵੱਡੀ ਗਿਣਤੀ ਵਿਦਿਆਰਥਣਾਂ ਨੇ ਯੂਨੀਵਰਸਿਟੀ ਪ੍ਰਬੰਧਨ ਵਿਰੁਧ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਇਲਜ਼ਾਮ ਸੀ ਕਿ ਲੜਕੀਆਂ ਦੇ ਹੋਸਟਲ ਵਿਚ ਤੈਨਾਤ ਮਹਿਲਾ ਸਟਾਫ਼ ਵਲੋਂ ਉਨ੍ਹਾਂ ਨਾਲ ਦੁ‌ਰਵਿਵਹਾਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਜਲੀਲ ਕੀਤਾ ਜਾਂਦਾ ਹੈ। ਵਿਦਿਆਰਥਣਾਂ ਵਲੋਂ ਪ੍ਰਦਰਸ਼ਨ ਕਰਨ ਤੋਂ ਬਾਅਦ ਪ੍ਰਬੰਧਨ ਨੇ ਯੂਨੀਵਰਸਿਟੀ ਦਾ ਗੇਟ ਬੰਦ ਕਰ ਦਿਤਾ ਤੇ ਜਿਹੜੀਆਂ ਵਿਦਿਆਰਥਣਾਂ ਯੂਨੀਵਰਸਿਟੀ ਤੋਂ ਬਾਹਰ ਆਉਣਾ ਚਾਹੁੰਦੀਆਂ ਸਨ ਉਨ੍ਹਾਂ ਨੂੰ ਵੀ ਬਾਹਰ ਨਹੀਂ ਆਉਣ ਦਿਤਾ ਗਿਆ।

ਇਸ ਦੇ ਚਲਦੇ ਗਰਮੀ ਵਿਚ ਕਈ ਵਿਦਿਆਰਥਣਾਂ ਬੇਹੋਸ਼ ਹੋ ਗਈਆਂ। ਮੌਕੇ ’ਤੇ ਪੁੱਜੇ ਥਾਣੇਦਾਰ ਜਸਵਿੰਦਰ ਸਿੰਘ ਨੇ ਹਾਲਾਤ ਕਾਬੂ ਵਿਚ ਕੀਤੇ ਤੇ ਵਿਦਿਆਰਥਣਾਂ ਦੀ ਪ੍ਰਬੰਧਨ ਨਾਲ ਬੈਠਕ ਕਰਵਾਈ। ਯੂਨੀਵਰਸਿਟੀ ਪ੍ਰਬੰਧਨ ਨੇ ਵਿਦਿਆਰਥਣਾਂ ਦੇ ਰੋਸ ਅੱਗੇ ਗੋਡੇ ਟੇਕਦੇ ਹੋਏ ਹੋਸਟਲ ਵਿਚ ਤੈਨਾਤ ਚਾਰ ਮਹਿਲਾ ਕਰਮਚਾਰੀਆਂ ਮੁੱਖ ਵਾਰਡਨ ਵਿਨੋਦ ਦੁੱਗਲ, ਸਹਾਇਕ ਵਾਰਡਨ ਪਰਮਜੀਤ ਕੌਰ,

ਸੁਰੱਖਿਆ ਕਰਮਚਾਰੀ ਤਰੁਨਪ੍ਰੀਤ ਕੌਰ ਅਤੇ ਦਿਲਜੀਤ ਕੌਰ ਨੂੰ ਸਸਪੈਂਡ ਕਰ ਦਿਤਾ। ਯੂਨੀਵਰਸਿਟੀ ਦੇ ਡੀਨ ਅਕੈਡਮਿਕ ਐਮਐਸ ਜੌਹਲ ਅਤੇ ਥਾਣੇਦਾਰ ਜਸਵਿੰਦਰ ਸਿੰਘ ਨੇ ਚਾਰ ਕਰਮਚਾਰੀਆਂ ਨੂੰ ਸਸਪੈਂਡ ਕਰਨ ਦੀ ਪੁਸ਼ਟੀ ਕੀਤੀ।