ਮੁੱਖ ਮੰਤਰੀ ਪਿੰਡਾਂ ਅਤੇ ਮੰਡੀਆਂ ਦਾ ਦੌਰਾ ਕਰਨ : ਮਜੀਠੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਸ ਹਲਕੇ ਅੰਦਰ ਦੂਜੀ ਸੈਨੇਟਾਈਜੇਸ਼ਨ ਮੁਹਿੰਮ ਸ਼ੁਰੂ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ

File photo

ਅੰਮ੍ਰਿਤਸਰ 28 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ) : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਸ ਹਲਕੇ ਅੰਦਰ ਦੂਜੀ ਸੈਨੇਟਾਈਜੇਸ਼ਨ ਮੁਹਿੰਮ ਸ਼ੁਰੂ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਜ਼ਮੀਨੀ ਹਕੀਕਤ ਨੂੰ ਸਮਝਣ ਅਤੇ ਲੋਕਾਂ ਦੀਆਂ ਸਮੱਸਿਆਂਵਾਂ ਦੂਰ ਕਰਨ ਲਈ ਪਿੰਡਾਂ ਅਤੇ ਮੰਡੀਆਂ ਦਾ ਦੌਰਾ ਕਰਨ।

ਇਥੇ ਇਕ ਜਾਪਾਨੀ ਮਸ਼ੀਨ ਨਾਲ ਇੱਕ ਹੋਰ ਸੈਨੇਟਾਈਜੇਸ਼ਨ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪ੍ਰੈਸ ਜ਼ਰੀਏ ਬਿਆਨਬਾਜ਼ੀ ਨਾਲ ਬਹੁਤੀ ਦੇਰ ਕੰਮ ਨਹੀਂ ਚੱਲੇਗਾ। ਹੁਣ ਤਾਂ ਸਿੱਧੀ ਕਾਰਵਾਈ ਦੀ ਲੋੜ ਹੈ। ਮੁੱਖ ਮੰਤਰੀ ਨੂੰ ਸਾਰੇ ਖੇਤ ਮਜ਼ਦੂਰਾਂ ਅਤੇ ਦਿਹਾੜੀਦਾਰਾਂ ਨੂੰ 6 ਹਜ਼ਾਰ ਰੁਪਏ ਦੀ ਸਿੱਧੀ ਨਗਦ ਸਹਾਇਤਾ ਦੇਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਸਾਰੇ ਘਰੇਲੂ ਖ਼ਪਤਕਾਰਾਂ ਦੇ ਬਿਜਲੀ ਦੇ ਬਿਲ ਅੱਧੇ ਕਰ ਦੇਣੇ ਚਾਹੀਦੇ ਹਨ, ਨਗਰਪਾਲਿਕਾ ਦੇ ਟੈਕਸ ਹਟਾ ਦੇਣੇ ਚਾਹੀਦੇ ਹਨ ਅਤੇ ਉਦਯੋਗਾਂ ਦੇ ਬਿਜਲੀ ਦੇ ਪੱਕੇ ਖਰਚੇ ਬੰਦ ਕਰ ਦੇਣੇ ਚਾਹੀਦੇ ਹਨ। ਮਜੀਠੀਆ ਨੇ ਕੈਪਟਨ ਨੂੰ ਕਿਹਾ ਕਿ  ਉਹ ਮੰਡੀਆਂ ਵਿਚ ਜਾ ਕੇ ਉੱਥੇ ਦੇ ਹਾਲਾਤ ਆਪਣੀਆਂ ਅੱਖਾਂ ਨਾਲ ਵੇਖਣ।  ਮੰਡੀਆਂ ਵਿਚ ਬਾਰਦਾਨੇ ਦੀ ਕਮੀ ਕਰਕੇ ਕਿਸਾਨਾਂ ਨੂੰ ਪਾਸ ਜਾਰੀ ਨਹੀਂ ਕੀਤੇ ਜਾ ਰਹੇ ਹਨ।

ਨਮੀ ਸੰਬੰਧੀ ਸਖ਼ਤ ਨਿਯਮਾਂ ਕਿਸਾਨਾਂ ਨੂੰ ਖਰੀਦ ਏਜੰਸੀਆਂ ਕੋਲ ਅਪਣੀ ਫਸਲ ਵੇਚਣ ਵਿਚ ਮੁਸ਼ਕਿਲਾਂ ਆ ਰਹੀਆਂ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵਾਅਦੇ ਅਨੁਸਾਰ ਉਹਨਾਂ ਦੀ ਫਸਲ ਦੀ ਕੀਮਤ ਨਹੀਂ ਮਿਲ ਰਹੀ ਹੈ। ਲਿਫ਼ਟਿੰਗ ਨਾ ਹੋਣ ਕਰ ਕੇ ਮੰਡੀਆਂ ਨੱਕੋ ਨੱਕ ਭਰ ਚੁੱਕੀਆਂ ਹਨ।  ਇਥੋਂ ਤਕ ਕਿ ਝਾੜ ਵੀ ਘਟ ਗਿਆ ਹੈ ਅਤੇ ਇਸ ਸੰਕਟ ਦੀ ਘੜੀ ਵਿਚ ਕਿਸਾਨਾਂ ਦੀ ਮੱਦਦ ਲਈ ਕਣਕ ਦੀ ਐਮਐਸਪੀ ਉੱਤੇ ਬੋਨਸ ਦੇਣ ਦੀ ਲੋੜ ਹੈ।