ਸਰਕਾਰੀ ਆਈ.ਟੀ.ਆਈਜ਼ ਦੇ ਵਿਦਿਆਰਥੀਆਂ ਨੇ ਹੁਣ ਤਕ 2.5 ਲੱਖ ਤੋਂ ਵੱਧ ਮਾਸਕ ਬਣਾਏ : ਚੰਨੀ
ਪੰਜਾਬ ਦੇ ਸਰਕਾਰੀ ਆਈ.ਟੀ.ਆਈਜ਼ ਦੇ ਵਿਦਿਆਰਥੀ ਦੇਸ਼ ਭਰ ਅੰਦਰ ਮਾਸਕ ਬਣਾਉਣ 'ਚ ਰਹੇ ਅੱਵਲ
ਚੰਡੀਗੜ੍ਹ, 28 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਬਹੁਤ ਮੁਸ਼ਕਲਾਂ ਭਰੇ ਦੌਰ ਵਿਚੋਂ ਲੰਘ ਰਿਹਾ ਹੈ ਅਤੇ ਤਾਲਾਬੰਦੀ ਦੌਰਾਨ ਸੂਬੇ ਦੇ ਸਰਕਾਰੀ ਆਈ.ਟੀ.ਆਈਆਂ ਦੇ ਵਿਦਿਆਰਥੀਆਂ ਨੇ ਮਾਸਕ ਤਿਆਰ ਕਰ ਕੇ ਰਾਜ ਦਾ ਮਾਣ ਵਧਾਇਆ ਹੈ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅਧਿਕਾਰੀਆਂ, ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿਤੀ। ਮੰਤਰੀ ਨੇ ਕਿਹਾ ਕਿ ਪੰਜਾਬ ਵਾਸੀਆਂ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿਤਾ ਹੈ ਕਿ ਦੇਸ਼ ਨੂੰ ਲੋੜ ਪੈਣ 'ਤੇ ਸੰਕਟ ਦੀ ਸਥਿਤੀ ਵਿਚ ਕੋਈ ਵੀ ਡਿਊਟੀ ਜਾਂ ਜ਼ਿੰਮੇਵਾਰੀ ਨਿਭਾਉਣ ਵਿਚ ਪੰਜਾਬੀ ਹਮੇਸ਼ਾ ਮੋਹਰੀ ਰਹਿੰਦੇ ਹਨ।
ਤਕਨੀਕੀ ਸਿਖਿਆ ਮੰਤਰੀ ਨੇ ਕਿਹਾ ਕਿ ਸਾਡੀਆਂ ਆਈ.ਟੀ.ਆਈਜ਼ ਨੇ ਅੱਜ ਤਕ ਢਾਈ ਲੱਖ ਤੋਂ ਵੱਧ ਮਾਸਕ ਬਣਾਏ ਹਨ। ਉਨ੍ਹਾਂ ਅਧਿਕਾਰੀਆਂ, ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਨੂੰ ਇਸ ਚੰਗੇ ਕੰਮ ਨੂੰ ਹੋਰ ਚੜ੍ਹਦੀ ਕਲਾ ਨਾਲ ਜਾਰੀ ਰੱਖਣ ਦੀ ਅਪੀਲ ਵੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਮਾਸਕ ਬਣਾਉਣ ਸਮੇਂ ਲੋੜੀਂਦੀਆਂ ਸਾਵਧਾਨੀ ਵਰਤਣ ਦੀ ਸਲਾਹ ਵੀ ਦਿਤੀ।
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਦਸਿਆ ਕਿ ਕੇਂਦਰੀ ਹੁਨਰ ਵਿਕਾਸ ਅਤੇ ਉੱਦਮ ਮੰਤਰੀ ਸ੍ਰੀ ਮਹਿੰਦਰਾ ਨਾਥ ਪਾਂਡੇ ਨੇ ਅੱਜ ਕੋਵਿਡ ਨਾਲ ਸਬੰਧਤ ਚੰਗੇ ਕਾਰਜ ਕਰਨ ਵਾਲੀਆਂ ਦੇਸ਼ ਭਰ ਦੀਆਂ 28 ਆਈ.ਟੀ.ਆਈ ਦੇ ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਨਾਲ ਇਕ ਵੀਡੀਉ ਕਾਨਫ਼ਰੰਸ ਕੀਤੀ, ਇਨ੍ਹਾਂ ਵਿਚੋਂ 6 ਆਈ.ਟੀ.ਆਈਜ਼ ਵਿਚੋਂ ਪੰਜਾਬ ਦੀਆਂ ਹਨ। ਕੇਂਦਰੀ ਮੰਤਰੀ ਨੇ ਮਾਸਕ ਬਣਾਉਣ ਲਈ ਪੰਜਾਬ ਦੀਆਂ ਆਈ.ਟੀ.ਆਈਜ਼ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ।
ਉਨ੍ਹਾਂ ਦਸਿਆ ਕਿ ਪੰਜਾਬ ਤੋਂ ਦਲਜੀਤ ਕੌਰ ਸਿੱਧੂ, ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਵਧੀਕ ਡਾਇਰੈਕਟਰ, ਆਈਟੀਆਈ ਰਾਜਪੁਰਾ, ਪਟਿਆਲਾ, ਮੋਗਾ, ਰੱਈਆ, ਐਸ.ਏ.ਐਸ.ਨਗਰ ਅਤੇ ਗਾਰਮੈਂਟ ਟੈਕਨਾਲੋਜੀ ਅੰਮ੍ਰਿਤਸਰ ਦੇ ਸਰਕਾਰੀ ਇੰਸਟੀਚਿਊਟ ਦੇ ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਨੇ ਕੇਂਦਰੀ ਮੰਤਰੀ ਨਾਲ ਵੀਡੀਉ ਕਾਨਫ਼ਰੰਸਿੰਗ ਵਿਚ ਹਿੱਸਾ ਲਿਆ।
ਸ੍ਰੀ ਵਰਮਾ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪਹਿਲਾਂ ਹੀ ਲਿਖ ਕੇ ਕਿਹਾ ਹੈ ਕਿ ਉਹ ਆਈ.ਟੀ.ਆਈ. ਦੇ ਵਿਦਿਆਰਥੀਆਂ ਤੋਂ ਮੁਫ਼ਤ ਮਾਸਕ ਸਿਲਾਈ ਕਰਵਾ ਸਕਦੇ ਹਨ। ਵਰਮਾ ਨੇ ਅੱਗੇ ਕਿਹਾ ਕਿ ਸੱਭ ਤੋਂ ਵਧੀਆ ਗੱਲ ਇਹ ਹੈ ਕਿ ਮਾਸਕ ਬਣਾਉਣ ਲਈ ਕੱਚਾ ਮਾਲ ਦਾਨ ਰਾਹੀਂ ਇਕੱਤਰ ਕੀਤਾ ਜਾ ਰਿਹਾ ਹੈ ਅਤੇ ਸਿਲਾਈ ਸੇਵਾ ਦੇ ਰੂਪ ਵਿਚ ਕੀਤੀ ਜਾ ਰਹੀ ਹੈ ਅਤੇ ਮਾਸਕ ਮੁਫ਼ਤ ਵੰਡੇ ਜਾ ਰਹੇ ਹਨ।