ਰਾਜਸਥਾਨ ਤੋਂ ਤਾਲਾਬੰਦੀ ਕਾਰਨ ਫਸੇ ਪੰਜਾਬੀ ਮਜ਼ਦੂਰਾਂ ਨੂੰ ਲੈਣ ਗਏ ਬੱਸ ਚਾਲਕਾਂ ਨਾਲ ਹੋਈ ਗੁੰਡਾਗਰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁੰਡਾ ਅਨਸਰਾਂ ਨੇ ਜਨਰਲ ਮੈਨੇਜਰ ਅਤੇ ਹੋਰ ਅਧਿਕਾਰੀਆਂ ਨਾਲ ਵੀ ਕੀਤੀ ਬਦਤਮੀਜ਼ੀ

File Photo

ਕੋਟਕਪੂਰਾ, 28 ਅਪ੍ਰੈਲ (ਗੁਰਿੰਦਰ ਸਿੰਘ) : ਦੇਸ਼ ਭਰ 'ਚ ਅਚਾਨਕ ਲੱਗੀ ਤਾਲਾਬੰਦੀ ਕਾਰਨ ਪੰਜਾਬ ਤੋਂ ਬਾਹਰਲੇ ਰਾਜਾਂ 'ਚ ਫਸੇ ਗਰੀਬ ਮਜਦੂਰਾਂ ਨੂੰ ਲੈਣ ਗਏ ਸਰਕਾਰੀ ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ, ਹੋਰ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਟੋਲ ਟੈਕਸ ਦੇ ਨਾਂਅ 'ਤੇ ਗੁੰਡਾਗਰਦੀ ਕਰਕੇ ਉਨਾਂ ਨੂੰ ਜਲੀਲ ਕਰਨ ਦੀ ਖਬਰ ਮਿਲੀ ਹੈ। ਪਤਾ ਲੱਗਾ ਹੈ ਕਿ ਜੇਕਰ ਪੀਆਰਟੀਸੀ ਦੇ ਜਨਰਲ ਮੈਨੇਜਰ ਅਤੇ ਇੰਸਪੈਕਟਰ ਵਲੋਂ ਸਾਵਧਾਨੀ ਨਾ ਵਰਤੀ ਜਾਂਦੀ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ।

ਪੀਆਰਟੀਸੀ ਦੇ ਇੰਸਪੈਕਟਰ ਸੁਖਚਰਨ ਸਿੰਘ ਸੇਖੋਂ ਨੇ ਦਸਿਆ ਕਿ ਰਾਜਸਥਾਨ ਦੇ ਵੱਖ ਵੱਖ ਇਲਾਕਿਆਂ 'ਚ ਹਜਾਰਾਂ ਦੀ ਗਿਣਤੀ 'ਚ ਫਸੇ ਪੰਜਾਬੀ ਮਜਦੂਰਾਂ ਨੂੰ ਲਿਆਉਣ ਲਈ ਪੰਜਾਬ ਤੋਂ ਪੀਆਰਟੀਸੀ ਦੀਆਂ 23 ਤੇ ਪੰਜਾਬ ਰੋਡਵੇਜ ਦੀਆਂ 37 ਅਰਥਾਤ ਕੁੱਲ 60 ਬੱਸਾਂ ਗਈਆਂ ਸਨ, ਉਹ ਅਪਣੇ ਜਨਰਲ ਮੈਨੈਜਰ (ਜੀ.ਐੱਮ.) ਰਮਨ ਸ਼ਰਮਾ ਨਾਲ ਸਰਕਾਰੀ ਗੱਡੀ 'ਚ ਸੀ। ਬੀਕਾਨੇਰ ਨੇੜੇ ਨਉਖੜਾ ਦੇ ਟੋਲ ਟੈਕਸ 'ਤੇ ਗੁੰਡਿਆਂ ਨੇ ਉਨਾਂ ਨੂੰ ਘੇਰ ਲਿਆ ਅਤੇ ਤੇਜਧਾਰ ਹਥਿਆਰਾਂ ਦਾ ਡਰਾਵਾ ਦੇਣ ਲੱਗੇ।

ਉਨ੍ਹਾਂ ਪੀਆਰਟੀਸੀ ਦੇ ਪੰਜਾਬ ਤੋਂ ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ ਨਾਲ ਸੰਪਰਕ ਕੀਤਾ ਤੇ ਸਬੱਬ ਨਾਲ ਬੱਬੂ ਬਰਾੜ ਵੀ ਬੀਕਾਨੇਰ ਨੇੜੇ ਸਥਿੱਤ ਅਪਣੀ ਰਿਹਾਇਸ਼ ਨੇੜਲੀ ਜਮੀਨ 'ਚ ਉੱਗੀ ਕਣਕ ਦੀ ਫਸਲ ਸੰਭਾਲਣ ਲਈ ਉੱਥੇ ਹੀ ਸਨ। ਉਨਾਂ ਅਤੇ ਤਰਨਤਾਰਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਹਰਵੰਤ ਸਿੰਘ ਨੇ ਕੇਂਦਰੀ ਮੰਤਰੀ ਅਰਜਨ ਮੇਘਵਾਲ ਨਾਲ ਸੰਪਰਕ ਕਰ ਕੇ ਉਕਤ ਅਧਿਕਾਰੀਆਂ ਨੂੰ ਗੁੰਡਿਆਂ ਦੇ ਚੁੰਗਲ 'ਚੋਂ ਛੁਡਾਇਆ। ਬੀਤੀ ਦੇਰ ਰਾਤ ਕਰੀਬ 10 ਵਜੇ ਹੋਏ ਤਕਰਾਰ ਤੋਂ ਬਾਅਦ ਅੱਧੀ ਰਾਤ 1 ਵਜੇ ਦੇ ਕਰੀਬ ਬੱਸਾਂ ਉੱਥੋਂ ਪੰਜਾਬ ਲਈ ਰਵਾਨਾ ਹੋਈਆਂ। ਉਨਾ ਦਸਿਆ ਕਿ ਜੇਕਰ ਮੌਕੇ 'ਤੇ ਕਿਸੇ ਮੰਤਰੀ ਨਾਲ ਸੰਪਰਕ ਨਾ ਹੁੰਦਾ ਤਾਂ ਗੁੰਡਾ ਅਨਸਰਾਂ ਵਲੋਂ ਭਾਰੀ ਜਾਨੀ ਮਾਲੀ ਨੁਕਸਾਨ ਨੂੰ ਅੰਜਾਮ ਦਿਤਾ ਜਾ ਸਕਦਾ ਸੀ।