ਅਪਣੇ ਆਪ ਨੂੰ ਪੱਤਰਕਾਰ ਦਸ ਕੇ ਗ਼ਰੀਬਾਂ ਤੋਂ ਪੈਸੇ ਠੱਗਣ ਵਾਲੇ ਵਿਰੁਧ ਪੁਲਿਸ ਨੇ ਕੀਤਾ ਮਾਮਲਾ ਦਰਜ
ਕੋਰੋਨਾ ਵਾਇਰਸ ਦੇ ਖਤਰੇ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲਾਕਡਾਊਨ ਕੀਤਾ ਗਿਆ ਹੈ ਲੋਕ ਘਰਾਂ ਅੰਦਰ ਹਨ ਹਰ ਇਕ ਦਾ ਕਾਰੋਬਾਰ ਬੰਦ ਹੈ ਅਤੇ ਲੁਧਿਆਣਾ
ਲੁਧਿਆਣਾ, 28 ਅਪ੍ਰੈਲ (ਕਿਰਨਵੀਰ ਸਿੰਘ ਮਾਂਗਟ) : ਕੋਰੋਨਾ ਵਾਇਰਸ ਦੇ ਖਤਰੇ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲਾਕਡਾਊਨ ਕੀਤਾ ਗਿਆ ਹੈ ਲੋਕ ਘਰਾਂ ਅੰਦਰ ਹਨ ਹਰ ਇਕ ਦਾ ਕਾਰੋਬਾਰ ਬੰਦ ਹੈ ਅਤੇ ਲੁਧਿਆਣਾ ਵਿਚ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਅਪਣੀ ਰੋਜ਼ੀ ਰੋਟੀ ਲਈ ਆ ਕੇ ਵਸੇ ਹੋਏ ਹਨ ਫੈਕਟਰੀਆਂ ਬੰਦ ਹੋਣ ਕਾਰਨ ਜਿਨ੍ਹਾਂ ਨੂੰ ਖਾਣ ਪੀਣ ਦੀ ਦਿੱਕਤ ਨਾ ਆਵੇ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਹਰ ਜ਼ਰੂਰਤਮੰਦ ਨੂੰ ਘਰ ਘਰ ਰਾਸ਼ਨ ਪਹੁੰਚਾਉਣ ਦਾ ਇੱਕ ਮੁਹਿੰਮ ਚਲਾਈ ਹੋਈ ਹੈ।
ਜਿਸ ਵਿਚ ਪੰਜਾਬ ਸਰਕਾਰ ਅਤੇ ਹੋਰ ਸ਼ਹਿਰ ਦੀਆਂ ਕਈ ਸਮਾਜਿਕ ਸੰਸਥਾਵਾਂ ਜ਼ਰੂਰਤਮੰਦ ਲੋਕਾਂ ਨੂੰ ਘਰ ਘਰ ਰਾਸ਼ਨ ਦੇ ਰਹੀਆਂ ਹਨ। ਉੱਥੇ ਹੀ ਕੁੱਝ ਲੋਕ ਅਪਣੇ ਆਪ ਨੂੰ ਪੱਤਰਕਾਰ ਦੱਸ ਕੇ ਇਨ੍ਹਾਂ ਗਰੀਬਾਂ ਨੂੰ ਵੀ ਲੁੱਟਣ ਤੋਂ ਗੁਰੇਜ਼ ਨਹੀਂ ਕਰਦੇ ਜਿਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਥਾਣਾ ਮੋਤੀ ਨਗਰ ਅਧੀਨ ਪੈਂਦੇ ਕੈਲਾਸ਼ ਨਗਰ ਵਿਚ ਜ਼ਿਆਦਾਤਰ ਜ਼ਰੂਰਤਮੰਦ ਪਰਵਾਸੀ ਲੋਕ ਰਹਿੰਦੇ ਹਨ ਨਗਰ ਦੇ ਅਜੇ ਕੁਮਾਰ ਅਤੇ ਹੋਰ ਕਈ ਮਜ਼ਦੂਰਾਂ ਨੇ ਮਿਲ ਕੇ ਥਾਣਾ ਮੋਤੀ ਨਗਰ ਪੁਲਿਸ ਨੂੰ ਸ਼ਿਕਾਇਤ ਵਿਚ ਦਸਿਆ ਕਿ ਉਨ੍ਹਾਂ ਕੋਲ ਇਕ ਵਿਅਕਤੀ ਜੋ ਅਪਣੇ ਆਪ ਨੂੰ ਪੱਤਰਕਾਰ ਦੱਸ ਰਿਹਾ ਸੀ,
ਜਿਸ ਨੇ ਕਿਹਾ ਕਿ ਉਹ ਇਕ ਪੰਜਾਬੀ ਚੈਨਲ ਦਾ ਪੱਤਰਕਾਰ ਹੈ, ਉਹ ਉਨ੍ਹਾਂ ਨੂੰ ਰਾਸ਼ਨ ਲੈ ਕੇ ਦੇ ਸਕਦਾ ਹੈ ਪਰ ਉਨ੍ਹਾਂ ਨੂੰ ਸੌ ਜਾਂ ਦੋ ਦੋ ਸੌ ਰੁਪਏ ਦੇਣੇ ਪੈਣਗੇ। ਉਸ ਦੀ ਗੱਲ ਵਿਚ ਆ ਕੇ ਭੁੱਖੇ ਅਤੇ ਮਜਬੂਰ ਲੋਕਾਂ ਨੇ ਉਸ ਨੂੰ ਸੌ ਦੋ ਸੌ ਰੁਪਏ ਇਕੱਠੇ ਕਰ ਕੇ ਉਸ ਦੇ ਦਿਤੇ ਅਤੇ ਉਹ ਪੈਸੇ ਲੈ ਕੇ ਚਲਾ ਗਿਆ ਅਤੇ ਕਹਿਣ ਲੱਗਾ ਕਿ ਮੈਂ ਸਰਕਾਰ ਤੋਂ ਤੁਹਾਨੂੰ ਰਾਸ਼ਨ ਦੁਆਵਾਂਗਾ। ਇਨ੍ਹਾਂ ਮਜਬੂਰ ਲੋਕਾਂ ਦੀ ਸ਼ਿਕਾਇਤ ਸੁਣਦੇ ਹੀ ਥਾਣਾ ਮੋਤੀ ਨਗਰ ਪੁਲਿਸ ਨੇ ਰੀਪੋਰਟਰ ਅਖਵਾਉਣ ਵਾਲੇ ਵਿਅਕਤੀ ਵਿਰੁਧ ਧਾਰਾ 420 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਜਲਦੀ ਹੀ ਦੋਸ਼ੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।