ਕੋਟਾ ਤੋਂ ਬਰਗਾੜੀ ਪਹੁੰਚੇ 4 ਵਿਅਕਤੀਆਂ ਨੂੰ ਹਸਪਤਾਲ ’ਚ ਕੀਤਾ ਇਕਾਂਤਵਾਸ
ਨੇੜਲੇ ਕਸਬੇ ਬਰਗਾੜੀ ਤੋਂ ਭਾਰਤ ਦੇ ਸੂਬੇ ਰਾਜਸਥਾਨ ਦੇ ਸ਼ਹਿਰ ਕੋਟਾ ਵਿਖੇ ਮਜਦੂਰੀ ਕਰਨ ਗਏ ਜਸਵੰਤ ਸਿੰਘ, ਹਰਜਿੰਦਰ ਸਿੰਘ, ਹਰਜੀਤ ਸਿੰਘ
ਪੰਜਗਰਾਈਂ ਕਲਾਂ, 28 ਅਪ੍ਰੈਲ (ਸੁਖਵਿੰਦਰ ਸਿੰਘ ਬੱਬੂ): ਨੇੜਲੇ ਕਸਬੇ ਬਰਗਾੜੀ ਤੋਂ ਭਾਰਤ ਦੇ ਸੂਬੇ ਰਾਜਸਥਾਨ ਦੇ ਸ਼ਹਿਰ ਕੋਟਾ ਵਿਖੇ ਮਜਦੂਰੀ ਕਰਨ ਗਏ ਜਸਵੰਤ ਸਿੰਘ, ਹਰਜਿੰਦਰ ਸਿੰਘ, ਹਰਜੀਤ ਸਿੰਘ ਅਤੇ ਪਰਮਜੀਤ ਸਿੰਘ ਦੇਸ਼ ਭਰ ’ਚ ਤਾਲਾਬੰਦੀ ਹੋਣ ਕਰ ਕੇ ਲਗਭਗ 36 ਦਿਨਾਂ ਬਾਅਦ ਕੋਟਾ ਤੋਂ ਅਪਣੇ ਪਿੰਡ ਬਰਗਾੜੀ ਪਹੁੰਚ ਕੇ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਸੱਭ ਤੋਂ ਪਹਿਲਾਂ ਉਹ ਮੁਢਲਾ ਸਿਹਤ ਕੇਂਦਰ ਬਰਗਾੜੀ ਵਿਖੇ ਪਹੁੰਚੇ ਅਤੇ ਕੋਟਾ ਤੋਂ ਲੈ ਕੇ ਬਰਗਾੜੀ ਵਾਪਸ ਆਉਣ ਤਕ ਦੀ ਸਾਰੀ ਵਿਥਿਆ ਸਬੰਧੀ ਡਾਕਟਰਾਂ ਨੂੰ ਜਾਣੂ ਕਰਵਾਇਆ ਅਤੇ ਅਪਣੇ ਆਪ ਨੂੰ ਪੂਰੇ ਤੰਦਰੁਸਤ ਹੋਣ ਦਾ ਅਹਿਸਾਸ ਕਰਵਾਇਆ ਪਰ ਡਾਕਟਰਾਂ ਨੇ ਪਹਿਲਾਂ ਉਨ੍ਹਾਂ ਨੂੰ ਘਰਾਂ ’ਚ ਰਹਿਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ
ਪਰ ਬਾਅਦ ’ਚ ਉਕਤ ਮਾਮਲਾ ਡਾ. ਮਨਦੀਪ ਕੌਰ ਐੱਸਡੀਐੱਮ ਜੈਤੋ ਅਤੇ ਸੀਨੀਅਰ ਮੈਡੀਕਲ ਅਫ਼ਸਰ ਬਾਜਾਖਾਨਾ ਡਾ. ਅਵਤਾਰਜੀਤ ਸਿੰਘ ਗੋਂਦਾਰਾ ਦੇ ਧਿਆਨ ’ਚ ਆਉਣ ਤੋਂ ਬਾਅਦ ਉਨ੍ਹਾਂ ਦੀਆਂ ਹਦਾਇਤਾਂ ਮੁਤਾਬਕ ਐਂਬੂਲੈਂਸ ਰਾਹੀਂ ਹਸਪਤਾਲ ਬਾਜਾਖਾਨਾ ਵਿਖੇ ਇਕਾਂਤਵਾਸ ਲਈ ਭੇਜਿਆ ਗਿਆ। ਅਧਿਕਾਰੀ ਨੇ ਕਿਹਾ ਕਿ ਭਾਵੇਂ ਇਹ ਵਿਅਕਤੀ ਤੰਦਰੁਸਤ ਹਨ ਪਰ ਫਿਰ ਵੀ ਗੁਆਂਢੀ ਸੂਬੇ ਤੋਂ ਆਏ ਵਿਅਕਤੀਆਂ ਨੂੰ ਇਕਾਂਤਵਾਸ ’ਚ ਰੱਖਣਾ ਜ਼ਰੂਰੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੈਡਮ ਸੁਰਿੰਦਰ ਕੌਰ, ਮੈਡਮ ਮੂਰਤੀ ਦੇਵੀ, ਮੈਡਮ ਨਿੰਦਰ ਕੌਰ, ਡਾ. ਪ੍ਰਭਜੋਤ ਸਿੰਘ ਆਦਿ ਵੀ ਹਾਜ਼ਰ ਸਨ।