ਕੋਵਿਡ-19 ਵਿਰੁਧ ਜੰਗ ਦੇ ਮੈਦਾਨ 'ਚ ਯੋਗਦਾਨ ਲਈ ਡਟੇ ਚੰਡੀਗੜ੍ਹ 'ਵਰਸਟੀ ਦੇ ਵਿਦਿਆਰਥੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਸੈਕਟਰ-40 ਦੇ ਐਂਟਰੀ ਪੁਆਇੰਟਾਂ 'ਤੇ ਲੋਕਾਂ ਦੀ ਕਰ ਰਹੇ ਨੇ ਥਰਮਲ ਚੈਕਿੰਗ

ਚੰਡੀਗੜ੍ਹ ਯੂਨੀਵਰਸਟੀ ਦੇ ਵਿਦਿਆਰਥੀ ਸੁਖਪ੍ਰੀਤ ਸਿੰਘ ਤੇ ਸਾਗਰਪ੍ਰੀਤ ਅਤੇ ਕਲੱਬ ਦੇ ਹੋਰ ਮਂੈਬਰ ਚੰਡੀਗੜ੍ਹ ਦੇ ਸੈਕਟਰ 40 'ਚ ਆਉਣ-ਜਾਣ ਵਾਲੇ ਲੋਕਾਂ ਦੀ ਥਰਮਲ ਚੈਕਿੰਗ ਕਰਦੇ ਹੋਏ।

ਐਸ.ਏ.ਐਸ. ਨਗਰ, 28 ਅਪ੍ਰੈਲ (ਸੁਖਦੀਪ ਸਿੰਘ ਸੋਈਂ) : ਕੋਰੋਨਾ ਵਾਇਰਸ  ਮਹਾਂਮਾਰੀ ਵਿਰੁਧ ਜੰਗ 'ਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਿਦਿਆਰਥੀ ਵੀ ਅਪਣਾ ਅਹਿਮ ਯੋਗਦਾਨ ਨਿਭਾ ਰਹੇ ਹਨ। ਚੰਡੀਗੜ੍ਹ ਯੂਨੀਵਰਸਟੀ ਦੇ ਆਈ.ਟੀ ਇੰਜੀਨੀਅਰਿੰਗ ਦੇ ਚੌਥੇ ਸਾਲ ਦੇ ਵਿਦਿਆਰਥੀ ਅਤੇ ਸਕੇ ਭਰਾ ਸੁਖਪ੍ਰੀਤ ਸਿੰਘ ਅਤੇ ਸਾਗਰਪ੍ਰੀਤ ਸਿੰਘ ਮਿਊਂਸੀਪਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਚੰਡੀਗੜ੍ਹ ਦੇ ਸੈਕਟਰ-40 ਦੇ ਐਂਟਰੀ ਪੁਆਇੰਟਾਂ ਦੇ ਆਉਣ-ਜਾਣ ਵਾਲੇ ਲੋਕਾਂ ਦੀ ਥਰਮਲ ਚੈਕਿੰਗ ਅਤੇ ਸੈਨੇਟਾਈਜ਼ ਕਰਨ ਸਬੰਧੀ ਸੇਵਾਵਾਂ ਨਿਭਾ ਰਹੇ ਹਨ।

ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਨੂੰ ਕੰਟੇਨਟ ਜ਼ੋਨ ਐਲਾਨਦਿਆਂ ਸ਼ਹਿਰ 'ਚ ਬਾਹਰਲੇ ਲੋਕਾਂ ਦੇ ਦਾਖ਼ਲ ਹੋਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।


ਇਸ ਸਬੰਧੀ ਸੀਯੂ ਦੇ ਵਿਦਿਆਰਥੀ ਸੁਖਪ੍ਰੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਪਿਤਾ ਦਰਸ਼ਨਪ੍ਰੀਤ ਸਿੰੰੰਘ ਚੰਡੀਗੜ੍ਹ ਮਿਊਂਸੀਪਲ ਕਾਰਪੋਸ਼ਨ 'ਚ ਇਨਫ਼ੋਰਸਮਂੈਟ ਇੰਸਪੈਕਟਰ ਹਨ ਜਦਕਿ ਮੌਜੂਦਾ ਸਮੇਂ 'ਚ ਚੰਡੀਗੜ੍ਹ ਦੀ ਕੋਵਿਡ-19 ਕੁਆਰੰਟੀਨ ਟੀਮ ਦੇ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਹਨ, ਜਿਨ੍ਹਾਂ ਦੀ ਪ੍ਰੇਰਨਾ ਅਤੇ ਮਿਊਂਸੀਪਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਉਹ ਇਸ ਵਿਸ਼ੇਸ਼ ਵੈਲਫ਼ੇਅਰ ਕਲੱਬ ਦਾ ਹਿੱਸਾ ਬਣੇ ਹਨ।

ਸੁਖਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਿਊਂਸੀਪਲ ਕਾਰਪੋਰੇਸ਼ਨ ਦੀ ਕੌਂਸਲਰ ਗੁਰਬਖ਼ਸ਼ ਰਾਵਤ ਦੇ ਸਹਿਯੋਗ ਨਾਲ ਵੈਲਫ਼ੇਅਰ ਕਲੱਬ ਦਾ ਆਪਣੇ ਪੱਧਰ 'ਤੇ ਗਠਨ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ (ਆਈ.ਏ.ਐਸ) ਵਲੋਂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਕਲੱਬ ਮਂੈਬਰਾਂ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੈਕਟਰ 40 ਦੇ ਸਾਰੇ ਆਉਣ-ਜਾਣ ਵਾਲੇ ਰਸਤਿਆਂ ਨੂੰ ਬੈਰੀਕੇਡਾਂ ਨਾਲ ਮੁਕੰਮਲ ਸੀਲ ਕਰ ਦਿਤਾ ਗਿਆ ਹੈ ਅਤੇ 2 ਰਸਤਿਆਂ ਤੋਂ ਹੀ ਲੋਕਾਂ ਨੂੰ ਥਰਮਲ ਚੈਂਕਿੰਗ ਅਤੇ ਸੈਨੇਟਾਈਜ਼ ਕਰਨ ਉਪਰੰਤ ਹੀ ਦਾਖ਼ਲ ਹੋਣ ਦਿਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੈਕਟਰ 'ਚ ਕੋਵਿਡ-19 ਤੋਂ ਬਚਾਅ ਲਈ ਲੋਕਾਂ ਦੇ ਬੇਲੋੜੇ ਦਾਖ਼ਲੇ ਨੂੰ ਰੋਕਣ ਲਈ ਕਰਫ਼ਿਊ ਪਾਸਾਂ ਦੀ ਮੁਕੰਮਲ ਚੈਕਿੰਗ ਕੀਤੀ ਜਾ ਰਹੀ ਹੈ ਜਦਕਿ ਡਾਕਟਰੀ ਟੀਮ ਦੀ ਨਿਗਰਾਨੀ ਹੇਠ ਲੋਕਾਂ ਦਾ ਤਾਪਮਾਨ ਚੈੱਕ ਕੀਤਾ ਜਾਂਦਾ ਹੈ।

ਸੁਖਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਬਜ਼ੀ ਵੇਚਣ ਵਾਲਿਆਂ ਅਤੇ ਦੋਧੀਆਂ ਨੂੰ ਮਾਸਕ ਵੀ ਵੰਡੇ ਜਾ ਰਹੇ ਹਨ ਜਦਕਿ ਆਉਣ-ਜਾਣ ਵਾਲੇ ਵਿਅਕਤੀਆਂ ਦੇ ਵਾਹਨਾਂ ਨੂੰ ਵੀ ਮੁਕੰਮਲ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਲੱਬ ਵਲੋਂ ਰੋਜ਼ਾਨਾ 1000 ਤੋਂ ਵੱਧ ਲੋਕਾਂ ਦੀ ਜਾਂਚ ਅਤੇ ਸੈਨੇਟਾਈਜ਼ ਕੀਤਾ ਜਾਂਦਾ ਹੈ।