ਕੋਰੋਨਾ ਮਰੀਜ਼ਾਂ ਦੀ ਗਿਣਤੀ 340 ਤੋਂ ਹੋਈ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ

File Photo

ਚੰਡੀਗੜ੍ਹ, 28 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਰੁਕਦਾ ਦਿਖਾਈ ਨਹੀਂ ਦੇ ਰਿਹਾ। 24 ਘੰਟਿਆਂ ਦੌਰਾਨ 11 ਹੋਰ ਨਵੇਂ ਪਾਜ਼ੇਟਿਵ ਕੋਰੋਨਾ ਕੇਸ ਸਾਹਮਣੇ ਆਏ ਹਨ। ਜ਼ਿਕਰਯੋਗ ਗੱਲ ਹੈ ਕਿ ਅੱਜ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿਚ 1, ਤਰਨਤਾਰਨ 'ਚ 2 ਅਤੇ ਜਲੰਧਰ ਵਿਚ 7 ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਜਦਕਿ ਜ਼ਿਲ੍ਹਾ ਮੋਹਾਲੀ ਵਿਚ ਵੀ ਅੱਜ 2 ਨਵੇਂ ਕੇਸ ਪਿੰਡ ਜਵਾਹਰਪੁਰ ਤੋਂ ਸਾਹਮਣੇ ਆਏ ਹਨ। ਮੋਹਾਲੀ ਜ਼ਿਲ੍ਹੇ ਵਿਚ 5 ਦਿਨਾ ਬਾਅਦ ਮੁੜ ਪਾਜ਼ੇਟਿਵ ਮਾਮਲੇ ਆਏ ਹਨ।

ਦੇਰ ਸ਼ਾਮ ਤਕ ਪ੍ਰਾਪਤ ਰੀਪੋਰਟਾਂ ਮੁਤਾਬਕ ਸੂਬੇ ਵਿਚ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 342 ਹੋ ਗਈ ਹੈ। ਸੂਬੇ ਵਿਚ ਹੁਣ ਤਕ 19 ਮੌਤਾਂ ਹੋਈਆਂ ਅਤੇ 104 ਮਰੀਜ਼ ਠੀਕ ਵੀ ਹੋਏ ਹਨ। ਇਸ ਸਮੇਂ ਬਠਿੰਡਾ ਤੇ ਫਾਜ਼ਿਲਕਾ ਜ਼ਿਲ੍ਹੇ ਹੀ ਅਜਿਹੇ ਹਨ, ਜਿਥੇ ਹਾਲੇ ਇਕ ਵੀ ਕੋਰੋਨਾ ਕੇਸ ਨਹੀਂ ਆਇਆ। ਸੰਗਰੂਰ, ਬਰਨਾਲਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਵੀ ਹਾਲੇ ਸੁਰੱਖਿਅਤ ਜ਼ੋਨ ਵਿਚ ਹਨ। ਅੱਜ ਤਕ ਕੁੱਲ 17021 ਸੈਂਪਲ ਲਏ ਗਏ ਸਨ ਜਿਨ੍ਹਾਂ ਵਿਚੋਂ 13466 ਦੀ ਰੀਪੋਰਟ ਨੈਗੇਟਿਵ ਆਈ ਹੈ ਜਦਕਿ 2713 ਕੇਸਾਂ ਦੀ ਰੀਪੋਰਟ ਆਉਣੀ ਬਾਕੀ ਹੈ।

ਤਰਨਤਾਰਨ 'ਚ ਤਿੰਨ ਹੋਰ ਕੋਰੋਨਾ ਪਾਜ਼ੇਟਿਵ
ਤਰਨ ਤਾਰਨ, 28 ਅਪ੍ਰੈਲ  (ਅਮਿਤ ਮਰਵਾਹਾ, ਅਮਨਦੀਪ ਮਨਚੰਦਾ) : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 8 ਹੋ ਗਈ ਹੈ। ਉਨ੍ਹਾਂ ਦਸਿਆ ਕਿ ਅੱਜ ਕਸਬਾ ਖੇਮਕਰਨ ਦੇ 2 ਲੋਕਾਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ, ਜੋ ਕਿ ਪਿਛਲੇ ਦਿਨੀਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਵਾਪਸ ਪਰਤੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਦਿਨੀ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਵਾਪਸ ਆਏ ਸ਼ਰਧਾਲੂਆਂ ਵਿਚੋਂ ਹੁਣ ਤਕ 7 ਵਿਅਕਤੀ ਕੋਵਿਡ-19 ਤੋਂ ਪੀੜਤ ਪਾਏ ਗਏ ਹਨ। ਇਸ ਤੋਂ ਇਲਾਵਾ ਪਿੰਡ ਬਾਸਰਕੇ ਨਾਲ ਸਬੰਧਤ ਇਕ ਔਰਤ ਦੀ ਰੀਪੋਰਟ ਵੀ ਪਾਜ਼ੇਟਿਵ ਆਈ ਸੀ, ਜੋ ਕਿ ਅਪਣੇ ਪੇਕੇ ਪਿੰਡ ਲੋਹੁਕਾ ਵਿਖੇ ਰਹਿ ਰਹੀ ਸੀ। ਉਨ੍ਹਾਂ ਦਸਿਆ ਕਿ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਖੇ ਦਾਖ਼ਲ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦਸਿਆ ਕਿ ਕਸਬਾ ਖੇਮਕਰਨ ਨੂੰ ਵੀ ਕੰਨਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਉਨ੍ਹਾਂ ਕੰਨਟੇਨਮੈਂਟ ਜ਼ੋਨ ਵਿਚੋਂ ਕਿਸੇ ਨੂੰ ਬਾਹਰ ਨਹੀਂ ਜਾਣ ਦਿਤਾ ਜਾਵੇਗਾ ਅਤੇ ਨਾ ਹੀ ਕਿਸੇ ਬਾਹਰਲੇ ਵਿਅਕਤੀ ਨੂੰ ਕੰਨਟੇਨਮੈਂਟ ਜ਼ੋਨ ਵਿਚ ਦਾਖ਼ਲ ਹੋਣ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਨਟੇਨਮੈਂਟ ਜ਼ੋਨ ਵਿਚ ਮੈਡੀਕਲ ਟੀਮਾਂ 24 ਘੰਟੇ ਤਾਇਨਾਤ ਰਹਿਣਗੀਆਂ। ਕੰਨਟੇਨਮੈਂਟ ਜ਼ੋਨ ਵਿਚ ਹੋਰ ਸ਼ੱਕੀ ਮਰੀਜ਼ਾਂ ਦੀ ਜਾਂਚ ਲਈ ਘਰ-ਘਰ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਰਵੇ ਕੀਤਾ ਜਾ ਰਿਹਾ ਹੈ।

ਉਨ੍ਹਾਂ ਦਸਿਆ ਕਿ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੋਰੋਨਾ ਵਾਇਰਸ ਤੋਂ ਪੀੜਤ 8 ਮਰੀਜ਼ਾਂ ਦੇ ਪ੍ਰਾਇਮਰੀ ਤੇ ਸੈਕੰਡਰੀ ਸੰਪਰਕਾਂ ਸਮੇਤ ਕੁੱਲ 302 ਸੈਂਪਲ ਲਏ ਗਏ, ਜਿਨ੍ਹਾਂ ਦੀ ਰੀਪੋਰਟ ਕਲ ਤਕ ਆਵੇਗੀ। ਉਨ੍ਹਾਂ ਦਸਿਆ ਕਿ ਇਨ੍ਹਾਂ 8 ਮਰੀਜ਼ਾਂ ਦੇ ਲਗਭਗ 40 ਪਰਵਾਰਕ ਮੈਂਬਰਾਂ ਨੂੰ ਵੀ ਮਾਈ ਭਾਗੋ ਨਰਸਿੰਗ ਕਾਲਜ ਵਿਖੇ ਬਣਾਏ ਗਏ ਕੋਆਰੰਟੀਨ ਸੈਂਟਰ ਵਿਚ ਰਖਿਆ ਗਿਆ ਹੈ।

ਕਸਬਾ ਸੁਰਸਿੰਘ ਦਾ ਸਾਰਾ ਇਲਾਕਾ ਸੀਲ
ਖਾਲੜਾ, 28 ਅਪ੍ਰੈਲ (ਗੁਰਪ੍ਰੀਤ ਸਿੰਘ) : ਕਸਬਾ ਸੁਰਸਿੰਘ ਵਿਖੇ ਹਜ਼ੂਰ ਸਾਹਿਬ ਤੋਂ ਆਏ 11 ਸ਼ਰਧਾਲੂਆਂ ਜਿਨ੍ਹਾਂ ਵਿਚੋਂ 5 ਵਿਅਕਤੀਆਂ ਦੀ ਰੀਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਤਰਨਤਾਰਨ ਸਿਵਲ ਹਸਪਤਾਲ ਵਿਖੇ ਭਰਤੀ ਕੀਤਾ ਗਿਆ ਹੈ। ਇਸ ਤੋਂ ਬਾਅਦ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸੁਰਸਿੰਘ ਦਾ ਸਾਰਾ ਇਲਾਕਾ ਸੀਲ ਕਰ ਦਿਤਾ ਗਿਆ। ਇਨ੍ਹਾਂ ਪੰਜ ਮਰੀਜ਼ਾਂ ਦੇ ਸਪੰਰਕ ਵਿਚ ਆਏ 29 ਵਿਅਕਤੀਆਂ ਨੂੰ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਮਾਈ ਭਾਗੋ ਕਾਲਜ ਵਿਖੇ ਲਿਜਾਇਆ ਜਾਵੇਗਾ ਅਤੇ ਇਨ੍ਹਾਂ ਦੀ ਟੈਸਟ ਰੀਪੋਰਟ ਆਉਣ ਤਕ ਉਥੇ ਹੀ ਰਖਿਆ ਜਾਵੇਗਾ।