ਜਵਾਹਰਪੁਰ 'ਚ 13 ਦਿਨ ਬਾਅਦ ਦੋ ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ
ਸਿਹਤ ਵਿਭਾਗ ਨੇ ਪੀੜਤਾਂ ਦੇ ਸੰਪਰਕ 'ਚ ਆਏ 21 ਵਿਅਕਤੀਆਂ ਦੇ ਸੈਂਪਲ ਲਏ
ਡੇਰਾਬੱਸੀ, 28 ਅਪ੍ਰੈਲ (ਗੁਰਜੀਤ ਸਿੰਘ ਈਸਾਪੁਰ) : ਡੇਰਾਬਸੀ ਦੇ ਨੇੜਲੇ ਪਿੰਡ ਜਵਾਹਰਪੁਰ ਵਿਚ 13 ਦਿਨ ਬਾਅਦ ਮੁੜ ਕੋਰੋਨਾ ਨੇ ਦਸਤਕ ਦਿਤੀ। ਹਾਟਸਪੋਟ ਬਣੇ ਪਿੰਡ ਜਵਾਹਰਪੁਰ ਵਿਚ ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਕੋਰੋਨਾ ਵਾਇਰਸ ਦਾ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਸੀ। ਨਵੇਂ ਦੋ ਕੇਸਾਂ ਨੂੰ ਮਿਲਾ ਕੇ ਜਵਾਹਰਪੁਰ ਵਿਚ ਹੁਣ ਤਕ 40 ਵਿਅਕਤੀ ਕੋਰੋਨਾ ਪੀੜਤ ਹੋ ਚੁੱਕੇ ਹਨ।
ਅੱਜ ਪਾਜ਼ੇਟਿਵ ਆਏ ਪੀੜਤਾਂ ਵਿਚ ਇਕ ਬਲਾਕ ਸੰਮਤੀ ਮੈਂਬਰ ਗੁਰਵਿੰਦਰ ਸਿੰਘ ਛੋਟੇ ਦਾ ਸਕਾ ਭਰਾ ਕਰਮਜੀਤ ਸਿੰਘ ਤੇ ਦੂਜਾ 60 ਸਾਲਾ ਸੁਬੇਗ ਸਿੰਘ ਹੈ। ਸਿਹਤ ਵਿਭਾਗ ਦੀ ਟੀਮ ਨੇ ਉਕਤ ਦੋਵਾਂ ਪੀੜਤਾਂ ਦੇ ਸੰਪਰਕ ਵਿਚ ਆਏ 21 ਵਿਅਕਤੀਆਂ ਦੇ ਸੈਂਪਲ ਲਏ ਹਨ ਜਿਨ੍ਹਾਂ ਦੀ ਰੀਪੋਰਟ ਆਉਣੀ ਅਜੇ ਬਾਕੀ ਹੈ।
ਦਸਿਆ ਜਾ ਰਿਹਾ ਹੈ ਕਿ ਕਰਮਜੀਤ ਦੀ ਸਿਹਤ ਖ਼ਰਾਬ ਹੋ ਗਈ ਸੀ ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਸ ਦੇ ਸੈਂਪਲ ਲਏ ਅਤੇ ਅੱਜ ਸਵੇਰੇ ਉਸ ਦੀ ਰੀਪੋਰਟ ਪਾਜ਼ੇਟਿਵ ਆਈ ਹੈ।
ਪੀੜਤ ਸੁਬੇਗ ਸਿੰਘ (60) ਦਾ ਪੁੱਤਰ ਵੀ ਪਹਿਲਾਂ ਇਸ ਮਹਾਮਾਰੀ ਦਾ ਸ਼ਿਕਾਰ ਹੋ ਚੁੱਕਿਆ ਹੈ ਜਿਸ ਦੇ ਲਾਗ ਨਾਲ ਸੁਬੇਗ ਸਿੰਘ ਨੂੰ ਇਹ ਬੀਮਾਰੀ ਹੋਈ।
ਨਵੇਂ ਦੋਵਾਂ ਪੀੜਤਾਂ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਸਿਹਤ ਵਿਭਾਗ ਦੀ ਟੀਮ ਨੇ ਭਰਤੀ ਕਰਵਾਇਆ ਹੈ। ਮਾਮਲਾ ਸਾਹਮਣੇ ਆਉਣ ਮਗਰੋਂ ਪ੍ਰਸ਼ਾਸਨ ਸਮੇਤ ਸਿਹਤ ਵਿਭਾਗ ਦੀ ਪੂਰੀ ਟੀਮ ਹਰਕਤ ਵਿਚ ਆ ਗਈ ਹੈ।
ਇਥੇ ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਪਿੰਡ ਵਿਚ 14 ਅਪ੍ਰੈਲ ਤੋਂ ਬਾਅਦ ਕੋਈ ਵੀ ਮਾਮਲਾ ਸਾਹਮਣੇ ਨਾ ਆਉਣ 'ਤੇ ਪਿੰਡ ਦਾ ਕੁਆਰਨਟਾਈਨ ਮੰਗਲਵਾਰ ਨੂੰ ਹੀ ਪੂਰੇ ਹੋਣੇ ਸੀ। ਹੁਣ ਆਖਰੀ ਦਿਨ ਦੋ ਹੋਰ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਨਵੇਂ ਸਿਰੇ ਤੋਂ ਪਿੰਡ ਦਾ ਸਰਵੇ ਹੋਵੇਗਾ ਸਿਹਤ ਵਿਭਾਗ ਦੀ ਨਵੀਂ ਰਣਨੀਤੀ ਤਿਆਰ ਹੋਵੇਗੀ। ਇਕੱਲੇ ਜਵਾਹਰਪੁਰ ਪਿੰਡ ਵਿਚ ਹੁਣ ਤਕ ਕੋਰੋਨਾ ਪਾਜ਼ੇਟਿਵ ਦੇ ਮਾਮਲਿਆਂ ਦੀ ਗਿਣਤੀ ਹੁਣ 40 ਹੋ ਗਈ ਹੈ।
ਜਵਾਹਰਪੁਰ ਦਾ ਪਹਿਲਾ ਪਾਜ਼ੇਟਿਵ ਮਰੀਜ਼ ਹੋਇਆ ਤੰਦਰੁਸਤ
ਡੇਰਾਬੱਸੀ, 28 ਅਪ੍ਰੈਲ (ਗੁਰਜੀਤ ਸਿੰਘ ਈਸਾਪੁਰ) : ਜਵਾਹਰਪੁਰ ਵਿੱਚ ਜਿੱਥੇ ਅੱਜ ਦੋ ਪਾਜ਼ੇਟਿਵ ਕੇਸ ਸਾਹਮਣੇ ਆਏ ਉਥੇ ਰਾਹਤ ਦੀ ਖ਼ਬਰ ਵੀ ਆਈ ਹੈ ਜਵਾਹਰਪੁਰ ਦਾ ਸੱਭ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਪੰਚ ਮਲਕੀਤ ਸਿੰਘ ਦੀ ਅੱਜ 24 ਦਿਨਾਂ ਬਾਅਦ ਪੀਜੀਆਈ ਚੰਡੀਗੜ੍ਹ ਤੋਂ ਅਤੇ ਉਸਦੀ ਧੀ ਅਮਨਪ੍ਰੀਤ ਕੌਰ (17) ਦੀ ਗਿਆਨ ਸਾਗਰ ਹਸਪਤਾਲ ਬਨੂੰੜ ਤੋਂ ਰੀਪੋਰਟ ਨੈਗੇਟਿਵ ਆਉਣ ਤੇ ਦੋਵਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ।
ਜਿਸ ਤੋਂ ਬਾਅਦ ਜਵਾਹਰਪੁਰ ਦੇ ਕੋਰੋਨਾ ਨੈਗਟਿਵ ਹੋਣ ਵਾਲਿਆਂ ਦੀ ਗਿਣਤੀ ਹੁਣ 17 ਹੋ ਗਈ ਹੈ ਜਦਕਿ ਬਾਕੀ 23 ਜਣਿਆਂ ਦਾ ਬਨੂੰੜ ਦੇ ਗਿਆਨ ਸਾਗਰ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ । ਮਲਕੀਤ ਸਿੰਘ ਨੂੰ ਚੰਡੀਗੜ੍ਹ ਪੀਜੀਆਈ 'ਚੋਂ 24 ਦਿਨਾਂ ਦੇ ਇਲਾਜ ਮਗਰੋਂ ਡਾਕਟਰਾਂ ਨੇ ਹਸਪਤਾਲ ਤੋਂ ਵਿਦਾ ਕਰਦਿਆਂ ਉਸ ਦੀ ਚੰਗੀ ਸਿਹਤਯਾਬ ਦੀ ਕਾਮਨਾ ਕੀਤੀ 'ਤੇ ਉਸ ਨੂੰ ਗੁਲਦਸਤਾ ਦੇ ਕੇ ਵਿਦਾ ਕੀਤਾ।
ਉਸ ਦੀ ਧੀ ਅਮਨਪ੍ਰੀਤ ਕੌਰ (17) ਨੂੰ ਵੀ ਅੱਜ ਗਿਆਨ ਸਾਗਰ ਹਸਪਤਾਲ 'ਚੋਂ ਰੀਪੋਰਟ ਨੈਗੇਟਿਵ ਆਉਣ 'ਤੇ ਛੁੱਟੀ ਦਿੱਤੀ ਗਈ ਹੈ। ਇਸ ਤੋਂ ਪਹਿਲਾ 21 ਅਪ੍ਰੈਲ ਨੂੰ ਪੰਜ, 26 ਅਪ੍ਰੈਲ ਨੂੰ ਅੱਠ, 27 ਅਪ੍ਰੈਲ ਨੂੰ ਦੋ ਅਤੇ ਅੱਜ ਮਲਕੀਤ ਸਿੰਘ ਅਤੇ ਅਮਨਪ੍ਰੀਤ ਕੌਰ ਨੂੰ ਮਿਲਾ ਕੇ 17 ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ। ਜਦਕਿ 23 ਜਣਿਆਂ ਦਾ ਇਲਾਜ ਚਲ ਰਿਹਾ ਹੈ।