ਨਵਜੋਤ ਸਿੱਧੂ ਤੋਂ ਬਾਅਦ ਹੁਣ ਪ੍ਰਗਟ ਸਿੰਘ ਨੇ ਕੈਪਟਨ ਵਿਰੁਧ ਖੋਲ੍ਹਿਆ ਮੋਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਬੇਅਦਬੀ ਤੇ ਗੋਲੀਕਾਂਡ ਦੇ ਮਾਮਲੇ ਵਿਚ ਹੁਣ ਲੀਪਾ-ਪੋਚੀ ਨਾਲ ਕੰਮ ਨਹੀਂ ਸਰਨਾ

Pargat Singh

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਹਰਿਆਣਆ ਹਾਈ ਕੋਰਟ ਵਲੋਂ ਕੋਟਕਪੂਰਾ ਗੋਲੀਕਾਂਡ ਬਾਰੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ  ਰੀਪੋਰਟ ਰੱਦ ਕਰ ਦੇਣ ਬਾਅਦ ਕੈਪਟਨ ਸਰਕਾਰ ਤੇ ਪੰਜਾਬ ਕਾਂਗਰਸ ਵਿਚ ਵੱਡੀ ਹਿਲਜੁੱਲ ਦੀ ਸਥਿਤੀ ਬਣ ਰਹੀ ਹੈ। ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਵਿਧਾਇਕ ਪ੍ਰਗਟ ਸਿੰਘ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁਧ ਮੋਰਚਾ ਖੋਲ੍ਹ ਦਿਤਾ ਹੈ।

ਉਨ੍ਹਾਂ ਬੇਅਦਬੀ ਤੇ ਗੋਲੀਕਾਂਡ ਦੇ ਮੁੱਦੇ ਨੂੰ ਲੈ ਕੇ ਨਵਜੋਤ ਸਿੱਧੂ ਦੀ ਸੁਰ ਨਾਲ ਸੁਰ ਮਿਲਾਉਣ ਦਾ ਵੀ ਯਤਨ ਕੀਤਾ ਹੈ। ਅੱਜ ਵਿਧਾਇਕ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਸਾਹਮਣੇ ਹੀ ਪ੍ਰਗਟ ਸਿੰਘ ਨੇ ਕਈ ਤਿਖੇ ਸੁਆਲ ਉਠਾ ਦਿਤੇ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਰੂਬਰੂ ਹੁੰਦੇ ਹੋਏ ਪ੍ਰਗਟ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕੈਪਟਨ ਉਤੇ ਨਿਸ਼ਾਨੇ ਵੀ ਸਾਧੇ। 

ਉਨ੍ਹਾਂ ਕਿਹਾ ਕਿ ਹਾਈ ਕੋਰਟ ਵਿਚ ਜੋ ਰੀਪੋਰਟ ਖ਼ਾਰਜ ਹੋਈ ਹੈ, ਉਸ ਦੀ ਜ਼ਿੰਮੇਵਾਰੀ ਤਾਂ ਮੁੱਖ ਮੰਤਰੀ ਨੂੰ ਲੈਣੀ ਹੀ ਚਾਹੀਦੀ ਹੈ। ਹਾਕੀ ਦੀ ਟੀਮ ਵਾਂਗ ਕੈਪਟਨ ਵੀ ਪਾਰਟੀ ਦੀ ਟੀਮ ਦਾ ਕੈਪਟਨ ਹੈ ਜਿਸ ਕਰ ਕੇ ਹਾਰ ਦੀ ਜ਼ਿੰਮੇਵਾਰੀ ਤਾਂ ਕੈਪਟਨ ਉਤੇ ਆਉਂਦੀ ਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਬੇਅਦਬੀਆਂ ਤੇ ਗੋਲੀਕਾਂਡ ਦੇ ਮੁੱਦੇ ਉਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਹੁਣ ਲਿੱਪਾ ਪੋਚੀ ਨਾਲ ਕੰਮ ਨਹੀਂ ਚਲਣਾ ਹੈ ਅਤੇ ਤਿੰਨ ਚਾਰ ਮਹੀਨਿਆਂ ਵਿਚ ਲਿਆ ਦਾ ਵਿਸਵਾਸ਼ ਦਿਵਾਉਣਾ ਪਏਗਾ। ਉਨ੍ਹਾਂ ਕਿਹਾ ਕਿ ਬੇਅਦਬੀ ਤੇ ਗੋਲੀ ਕਾਂਡ ਸਰਕਾਰ ਦੇ ਰਾਜ ਸਮੇਂ ਵਾਪਰਿਆ। 

ਉਨ੍ਹਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰ ਕੇ ਹਾਈ ਕੋਰਟ ਦੇ ਫ਼ੈਸਲੇ ਉਤੇ ਉਨ੍ਹਾਂ ਨੂੰ ਵੀ ਖ਼ੁਸ਼ ਨਹੀਂ ਹੋਣਾ ਚਾਹੀਦਾ। ਸੌਦਾ ਸਾਧ ਦਾ ਪੁਸ਼ਾਕ ਕਾਂਡ ਤੇ ਫੇਰ ਉਸ ਨੂੰ ਅਕਾਲ ਤਖ਼ਤ ਤੋਂ ਮਾਫ਼ੀ ਦੇ ਮਾਮਲੇ ਬਾਦਲ ਸਰਕਾਰ ਸਮੇਂ ਹੀ ਹੋਏ। ਉਸ ਤੋਂ ਬਾਅਦ ਸਾਡੀ ਸਰਕਾਰ ਬੇਅਦਬੀ ਤੇ ਗੋਲੀਕਾਂਡ ਦੇ ਇਨਸਾਫ਼ ਦੇ ਵਾਅਦੇ ਨਾਲ ਬਣੀ ਪਰ ਚਾਰ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਬਾਅਦ ਸਾਡਾ ਵੀ ਉਹੀ ਹਾਲ ਹੈ।

ਜਾਂਚ ਕਿਉਂ ਖ਼ਾਰਜ ਹੋਈ, ਇਸ ਲਈ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਵਿਰੁਧ ਵੀ ਕਾਰਵਾਈ ਹੋਣੀ ਚਾਹੀਦੀ ਹੈ, ਜੋ ਵਿਚਾਲੇ ਹੀ ਕੁੰਵਰ ਵਿਜੈ ਪ੍ਰਤਾਪ ਨੂੰ ਇਕੱਲਾ ਛੱਡ ਗਏ। ਇਸ ਲਈ ਮੁੱਖ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਬਣਦੀ ਹੈ। ਪ੍ਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੱਧੂ ਬਾਰੇ ਦਿਤੇ ਬਿਆਨ ਬਾਰੇ ਕਿਹਾ ਕਿ ਸੂਬੇ ਦੇ ਮੁਖੀ ਦੇ ਵੱਡੇ ਅਹੁਦੇ ਉਤੇ ਬੈਠੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਉਨ੍ਹਾਂ ਸਵਾਲ ਕੀਤਾ ਕਿ ਕੀ ਨਵਜੋਤ ਦੇ ਪਟਿਆਲਾ ਤੋਂ ਚੋਣ ਲੜਨ ਨਾਲ ਲੋਕਾਂ ਦੇ ਮੁਦੇ ਹੱਲ ਹੋ ਜਾਣਗੇ