ਦੁਬਈ ਸਮਝੌਤੇ' ਅਧੀਨ ਚੱਲ ਰਹੇ ਹਨ ਕੈਪਟਨ ਅਮਰਿੰਦਰ ਸਿੰਘ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰੂ ਦੀ ਬਜਾਏ ਗੁਨਾਹਗਾਰਾਂ ਨਾਲ ਖੜ੍ਹਨ ਵਾਲੇ ਕੈਪਟਨ ਨੂੰ ਮੁਆਫ ਨਹੀਂ ਕਰਨਗੇ ਪੰਜਾਬੀ

Bhagwant Mann

ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨਾਲ ਦੁਬਈ 'ਚ ਹੋਏ ਸਮਝੌਤੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੁੱਧੀ ਭ੍ਰਿਸਟ ਕਰ ਦਿੱਤੀ ਹੈ। ਕੈਪਟਨ ਅਮਰਿੰਦਰ ਸਰਕਾਰ ਬਰਗਾੜੀ ਅਤੇ ਬਹਿਬਲ ਕਲਾਂ,  ਕੋਟਕਪੂਰਾ ਮਾਮਲਿਆਂ 'ਚ ਦੁਬਈ ਸਮਝੌਤੇ ਅਧੀਨ ਹੀ ਚੱਲਦੀ ਆ ਰਹੀ ਹੈ। ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਦੁਬਈ ਸਮਝੌਤੇ 'ਤੇ ਪਹਿਰਾ ਦਿੰਦੇ ਹੋਏ ਬਾਦਲਾਂ 'ਤੇ ਲੱਗੇ ਬੇਅਦਬੀ ਤੇ ਸਿੱਖਾਂ ਦੇ ਕਤਲ ਜਿਹੇ ਦਾਗ ਧੋਣ ਲੱਗਾ ਹੋਇਆ ਹੈ।

ਵੀਰਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਰੂ ਅਤੇ ਗੁਰੂ ਦੀ ਸੰਗਤ ਨਾਲ ਖੜ੍ਹਨ ਦੀ ਥਾਂ ਸਰੇਆਮ ਗੁਨਾਹਗਾਰਾਂ ਨਾਲ ਖੜ੍ਹੇ ਹੋ ਗਏ ਹਨ, ਕੈਪਟਨ ਅਤੇ ਕਾਂਗਰਸ ਦੇ ਇਸ ਬੱਜਰ ਗੁਨਾਹ ਨੂੰ ਪੰਜਾਬ ਦੇ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ।  ਇਸ ਲਈ ਆਉਂਦੀਆਂ ਵਿਧਾਨ ਸਭਾ ਚੋਣਾ 'ਚ ਪੰਜਾਬ ਦੇ ਲੋਕ ਕੈਪਟਨ ਸਮੇਤ ਸਮੁੱਚੀ ਕਾਂਗਰਸ ਨੂੰ ਉਵੇਂ ਸਬਕ ਸਿਖਾਉਣਗੇ, ਜਿਵੇਂ 2017 'ਚ ਬਾਦਲਾਂ ਨੂੰ ਸਿਖਾਇਆ ਸੀ।

ਭਗਵੰਤ ਮਾਨ ਨੇ ਕਿਹਾ ਕਿ ਵੱਡੀਆਂ ਉਮੀਦਾਂ ਤੇ ਯਕੀਨ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਦੇ ਲੋਕਾਂ ਨੇ ਇੱਕ ਸੁਨਿਹਰੀ ਮੌਕਾ ਦਿੱਤਾ ਸੀ, ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨਾ ਕੇਵਲ ਲੋਕਾਂ ਸਗੋਂ ਗੁਰੂ ਦੀ ਕਸੌਟੀ 'ਤੇ ਵੀ ਖਰੇ ਨਹੀਂ ਉਤਰ ਸਕੇ। ਨਤੀਜੇ ਵਜੋਂ ਬਰਗਾੜੀ ਅਤੇ ਬਹਿਬਲ ਕਲਾਂ, ਕੋਟਕਪੂਰਾ ਗੋਲੀ ਦੇ ਦੋਸੀਆਂ 'ਤੇ ਠੋਸ ਕਾਰਵਾਈ ਕਰਨ ਦੀ ਥਾਂ ਮਾਮਲੇ ਨੂੰ ਲਟਕਾਉਣ ਤੇ ਦੋਸੀਆਂ ਨੂੰ ਬਚਾਉਣ 'ਤੇ ਹੀ ਸਾਰਾ ਜੋਰ ਰਿਹਾ।

ਉਨ੍ਹਾਂ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਗੁਰੂ ਦੇ ਦੋਸੀਆਂ ਨੂੰ ਬਚਾਉਣ ਦੀ ਗਲਤੀ ਦੀ ਭਾਰੀ ਕੀਮਤ ਸਾਰੇ ਕਾਂਗਰਸੀਆਂ ਨੂੰ ਅਦਾ ਕਰਨੀ ਹੀ ਪਵੇਗੀ। ਮਾਨ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਵਿਸੇਸ ਜਾਂਚ ਕਮੇਟੀ ਦੀ ਰਿਪੋਰਟ ਖਾਰਜ ਕਰਨ 'ਤੇ ਸੂਬੇ ਵਿੱਚ ਕੈਪਟਨ ਸਰਕਾਰ ਵਿਰੁੱਧ ਉਠੇ ਰੋਹ ਨੂੰ ਠੰਡਾ ਕਰਨ ਲਈ ਕੈਪਟਨ ਆਪਣੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ਮੀਟਿੰਗਾਂ ਕਰਕੇ ਲੋਕਾਂ ਦੇ ਅੱਖੀਂ ਘੱਟਾ ਪਾ ਰਹੇ ਹਨ।

ਸੱਚ ਇਹ ਹੈ ਕਿ ਕੈਪਟਨ ਨੇ ਬਾਦਲਾਂ ਨਾਲ ਹੋਏ 'ਦੁਬਈ' ਸਮਝੌਤੇ ਦੀ ਪਾਲਣਾ ਕਰਦਿਆਂ ਬਰਗਾੜੀ ਅਤੇ ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਦੀਆਂ ਫਾਇਲਾਂ ਹੀ ਬੰਦ ਕਰ ਦਿੱਤੀਆਂ ਹਨ। ਹਾਈਕੋਰਟ ਦੇ ਫੈਸਲੇ ਤੋਂ ਬਾਅਦ ਕੈਪਟਨ ਸਰਕਾਰ ਨੇ ਨਾ ਡਬਲ ਬੈਂਚ ਕੋਲ ਅਪੀਲ ਕੀਤੀ, ਨਾ ਸੁਪਰੀਮ ਕੋਰਟ ਗਈ। ਇੱਥੋਂ ਤੱਕ ਕਿ ਦੁਬਾਰਾ ਫਿਰ ਅੱਖਾਂ 'ਚ ਘੱਟਾ ਪਾਉਣ ਵਾਲੀ ਨਵੀਂ ਵਿਸੇਸ ਜਾਂਚ ਕਮੇਟੀ (ਸਿਟ) ਵੀ ਅਜੇ ਤੱਕ ਐਲਾਨਾਂ ਵਿੱਚ ਹੀ ਹੈ।

ਉਨ੍ਹਾਂ ਨੇ ਦੋਸ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਜਵਾਬਦੇਹੀ ਤੋਂ ਮੁੱਨਕਰ ਹੋ ਰਹੇ ਹਨ, ਕਿਉਂਕਿ ਉਨ੍ਹਾਂ ਨੇ ਅੱਜ ਤੱਕ ਨਾ ਹੀ ਪੰਜਾਬ ਦੇ ਲੋਕਾਂ ਅਤੇ ਨਾ ਹੀ ਆਪਣੇ ਵਿਧਾਇਕਾਂ ਨੂੰ ਕੁੱਝ ਦੱਸਿਆ ਕਿ ਗੁਰੂ ਦੀ ਬੇਪਤੀ ਅਤੇ ਸਿੱਖਾਂ ਦੇ ਕਤਲ ਦੇ ਮਾਮਲੇ 'ਚ ਉਸ ਨੇ ਕੀ ਕੀਤਾ ਅਤੇ ਅੱਗੇ ਕੀ ਕਰ ਰਿਹਾ ਹੈ? ਮਾਨ ਨੇ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਉਹ ਹੀ ਲੋਕਾਂ ਨੂੰ ਦੱਸ ਦੇਣ ਕਿ ਉਨ੍ਹਾਂ ਦੀ ਸਰਕਾਰ ਨੇ ਇਨਾਂ ਮਾਮਲਿਆਂ ਵਿੱਚ ਕਿਹੜੀ ਲਾਮਿਸਾਲ ਕਾਰਵਾਈ ਕੀਤੀ ਹੈ? ਕਿੰਨੇ ਦੋਸੀਆਂ ਨੂੰ ਸਜਾ ਕਰਵਾਈ ਹੈ?