ਵਿਜੀਲੈਂਸ ਨੇ ਰਿਸ਼ਵਤ ਲੈਂਦਾ ਬਿਜਲੀ ਵਿਭਾਗ ਦਾ ਜੇ.ਈ. ਕੀਤਾ ਕਾਬੂ, ਸਾਥੀ ਜੇ.ਈ. ਹੋਇਆ ਫਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਮਲੇ 'ਚ ਨਾਮਜ਼ਦ ਜੇ.ਈ ਦਾ ਦੂਜਾ ਸਾਥੀ ਜੇ.ਈ. ਮੋਹਿਤ ਗਰਗ ਭੱਜਣ 'ਚ ਸਫਲ ਹੋ ਗਿਆ

Vigilance arrests JE for taking bribe

ਫਤਹਿਗੜ੍ਹ ਸਾਹਿਬ (ਪਰਮਿੰਦਰ ਸਿੰਘ): ਵਿਜੀਲੈਂਸ ਬਿਊਰੋ ਫ਼ਤਹਿਗੜ੍ਹ ਸਾਹਿਬ ਯੂਨਿਟ ਦੀ ਟੀਮ ਵੱਲੋਂ ਅੱਜ ਇਕ ਰਿਸ਼ਵਤਖੋਰੀ ਦੇ ਕਥਿਤ ਮਾਮਲੇ 'ਚ ਕਾਰਵਾਈ ਕਰਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੌਰਵਾਲਾ ਦਫਤਰ ਦੇ ਇਕ ਜੂਨੀਅਰ ਇੰਜੀਨੀਅਰ ਨੂੰ ਮੌਕੇ 'ਤੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਨਰਿੰਦਰ ਸਿੰਘ ਵਾਸੀ ਪਿੰਡ ਬਡਾਲੀ ਤਹਿਸੀਲ ਅਮਲੋਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਸ਼ਿਕਾਇਤ ਕਰਦਿਆਂ ਦੋਸ਼ ਲਗਾਏ ਕਿ ਉਹ ਸੋਲਰ ਸਿਸਟਮ ਘਰਾਂ 'ਚ ਲਗਾਉਣ ਦਾ ਕੰਮ ਕਰਦਾ ਹੈ ਤੇ ਖਪਤਕਾਰਾਂ ਦੇ ਘਰਾਂ ਵਿਚ ਸੋਲਰ ਸਿਸਟਮ ਲਗਾਉਣ ਲਈ ਪੀ.ਐਸ.ਪੀ.ਸੀ.ਐਲ. ਵਿਭਾਗ ਪਾਸੋਂ ਫਾਈਲ ਕਲੀਅਰ ਕਰਵਾਉਣੀ ਹੁੰਦੀ ਹੈ ਤਾਂ ਹੀ ਖਪਤਕਾਰ ਦਾ ਬਿਜਲੀ ਮੀਟਰ ਚਾਲੂ ਹੋਣ ਉਪਰੰਤ ਉਸ ਨੂੰ ਸੋਲਰ ਸਿਸਟਮ ਦੀ ਪੇਮੈਂਟ ਮਿਲਦੀ ਹੈ।

ਇਹਨਾਂ ਫਾਈਲਾਂ ਨੂੰ ਕਲੀਅਰ ਕਰਵਾਉਣ ਬਦਲੇ ਵਿਭਾਗ ਦੇ ਉਕਤ ਦੋਵੇਂ ਜੇ.ਈ. ਸ਼ਿਕਾਇਤਕਰਤਾ ਪਾਸੋਂ ਰਿਸ਼ਵਤ ਲੈ ਕੇ ਹੀ ਫਾਈਲ ਕਲੀਅਰ ਕਰਦੇ ਸਨ ਤੇ ਅੱਜ ਜੇ.ਈ. ਇਸ਼ਾਨ ਬਾਂਸਲ ਵੱਲੋਂ ਜੇ.ਈ. ਮੋਹਿਤ ਗਰਗ ਅਤੇ ਸਬੰਧਿਤ ਐਸ.ਡੀ.ਓ. ਲਈ  9,000 ਰੁਪਏ ਰਿਸ਼ਵਤ ਸ਼ਿਕਾਇਤਰਕਤਾ ਤੋਂ ਫਿਰ ਵਸੂਲੀ ਜਾ ਰਹੀ ਸੀ ਜਿਸ ਨੂੰ ਵਿਜੀਲੈਂਸ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਸ਼ੈਡੋ ਗਵਾਹ ਪ੍ਰਦੀਪ ਕੁਮਾਰ ਅਤੇ ਸਰਕਾਰੀ ਗਵਾਹ ਵਿਜੇਂਦਰ ਸੰਧੂ ਦੀ ਹਾਜ਼ਰੀ 'ਚ ਪੀ.ਐਸ.ਪੀ.ਸੀ.ਐਲ. ਦਫਤਰ ਚੌਰਵਾਲਾ ਤੋਂ ਰੰਗੇ ਹੱਥੀਂ ਰਿਸ਼ਵਤ ਦੇ ਪੈਸਿਆਂ ਅਤੇ ਫਾਈਲਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ।

ਇਸ ਦੌਰਾਨ ਮਾਮਲੇ 'ਚ ਨਾਮਜ਼ਦ ਉਸ ਦਾ ਦੂਜਾ ਸਾਥੀ ਜੇ.ਈ. ਮੋਹਿਤ ਗਰਗ ਭੱਜਣ 'ਚ ਸਫਲ ਹੋ ਗਿਆ ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ 'ਚ ਜੇ.ਈ. ਇਸ਼ਾਨ ਬਾਂਸਲ ਅਤੇ ਜੇ.ਈ. ਮੋਹਿਤ ਗਰਗ ਵਿਰੁੱਧ ਅ/ਧ 7 ਪੀ.ਸੀ.ਐਕਟ 1988 ਐਜ਼ ਅਮੈਂਡਿਡ ਬਾਏ ਪੀ.ਸੀ.ਐਕਟ(2018) ਅਤੇ 120ਬੀ ਆਈ.ਪੀ.ਸੀ. ਤਹਿਤ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿਖੇ ਮੁੱਕਦਮਾ ਨੰਬਰ 12 ਦਰਜ ਕਰਦਿਆਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।