ਹਿੰਦੀ ਵਿਵਾਦ : ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ ਦਾ ਅਜੇ ਦੇਵਗਨ ਨੂੰ ਜਵਾਬ

ਏਜੰਸੀ

ਖ਼ਬਰਾਂ, ਪੰਜਾਬ

ਹਿੰਦੀ ਵਿਵਾਦ : ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ ਦਾ ਅਜੇ ਦੇਵਗਨ ਨੂੰ ਜਵਾਬ

image

 

'ਹਿੰਦੀ ਕਦੇ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਸੀ ਅਤੇ ਨਾ ਹੀ ਹੋਵੇਗੀ'

ਨਵੀਂ ਦਿੱਲੀ, 28 ਅਪ੍ਰੈਲ : ਬਾਲੀਵੁਡ ਅਭਿਨੇਤਾ ਅਜੇ ਦੇਵਗਨ ਅਤੇ ਕੰਨੜ ਅਭਿਨੇਤਾ ਕਿੱਚਾ ਸੁਦੀਪ ਵਿਚਕਾਰ ਭਾਸ਼ਾ ਨੂੰ  ਲੈ ਕੇ ਵਿਵਾਦ ਟਵਿਟਰ 'ਤੇ ਹਿੰਦੀ ਨੂੰ  ਲੈ ਕੇ ਹੋਈ ਬਹਿਸ ਨੇ ਉਦੋਂ ਸਿਆਸੀ ਰੰਗ ਲੈ ਲਿਆ ਜਦ ਇਸ ਵਿਚ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਰਮੱਈਆ ਅਤੇ ਐਚ.ਡੀ. ਕੁਮਾਰਸਵਾਮੀ ਵੀ ਸ਼ਾਮਲ ਹੋ ਗਏ ਅਤੇ ਦੋਨਾਂ ਆਗੂਆਂ ਨੇ ਕਿਹਾ ਕਿ ਹਿੰਦੀ ਭਾਰਤ ਦੀ ਰਾਸ਼ਟਰ ਭਾਸ਼ਾ ਨਹੀਂ ਹੈ ਅਤੇ ਉਹ ਦੇਸ਼ ਦੀ ਕਿਸੇ ਵੀ ਹੋਰ ਭਾਸ਼ਾ ਦੀ ਤਰ੍ਹਾਂ ਹੀ ਹੈ |
ਕਾਂਗਰਸ ਆਗੂ ਸਿੱਧਰਮੱਈਆ ਨੇ ਕਿਹਾ, ''ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਾ ਕਦੇ ਸੀ ਅਤੇ ਨਾ ਕਦੇ ਹੋਵੇਗੀ | ਸਾਡੇ ਦੇਸ਼ ਦੀ ਭਾਸ਼ਾਈ ਵਿਵਿਧਤਾ ਦਾ ਸਨਮਾਨ ਕਰਨਾ ਹਰ ਭਾਰਤੀ ਦਾ ਫਰਜ਼ ਹੈ | ਹਰ ਭਾਸ਼ਾ ਦਾ ਅਪਣਾ ਇਤਿਹਾਸ ਹੈ, ਅਤੇ ਉਸ ਭਾਸ਼ਾ ਦੇ ਲੋਕਾਂ ਨੂੰ  ਉਸ 'ਤੇ ਮਾਣ ਹੈ |'' ਸਿੱਧਰਮੱਈਆ ਦੀ ਤਰ੍ਹਾਂ ਹੀ ਜਨਤਾ ਦਲ ਦੇ ਕੁਮਾਰਸਵਾਮੀ ਨੇ ਵੀ ਅਪਣੇ ਵਿਚਾਰ ਰੱਖਦੇ ਹੋਏ ਸੁਦੀਪ ਦਾ ਸਮਰਥਨ ਕੀਤਾ | ਉਨ੍ਹਾਂ ਕਿਹਾ, ''ਅਭਿਨੇਤਾ ਸੁਦੀਪ ਦਾ ਕਹਿਣਾ ਸਹੀ ਹੈ ਕਿ ਹਿੰਦੀ ਰਾਸ਼ਟਰੀ ਭਾਸ਼ਾ ਨਹੀਂ ਹੈ | ਉਨ੍ਹਾਂ ਦੇ ਬਿਆਨ 'ਚ ਕੁੱਝ ਵੀ ਗ਼ਲਤ ਨਹੀਂ ਹੈ | ਕੁਮਾਰਸਵਾਮੀ ਮੁਤਾਬਕ ਹਿੰਦੀ ਵੀ ਕੱਨੜ, ਤੇਲੁਗੁ, ਤਾਮਿਲ, ਮਲਯਾਲਮ ਅਤੇ ਮਰਾਠੀ ਵਰਗੀਆਂ ਭਾਸ਼ਾਵਾਂ ਦੀ ਤਰ੍ਹਾਂ ਹੀ ਇਕ ਭਾਸ਼ਾ ਹੈ |
ਸਿਰਫ਼ ਇਸ ਲਈ ਕਿ ਇਕ ਵੱਡੀ ਆਬਾਦੀ ਹਿੰਦੀ ਬੋਲਦੀ ਹੈ, ਇਸ ਨੂੰ  ਰਾਸ਼ਟਰੀ ਭਾਸ਼ਾ ਨਹੀਂ ਕਿਹਾ ਜਾ ਸਕਦਾ | ਕਸ਼ਮੀਰ ਤੋਂ ਕੰਨਿਆਕੁਮਾਰੀ ਤਕ 9 ਰਾਜਾਂ ਤੋਂ ਘੱਟ 'ਚ ਹਿੰਦੀ ਦੂਜੇ ਜਾਂ ਤੀਜੇ ਨੰਬਰ ਦੀ ਭਾਸ਼ਾ ਹੈ ਜਾਂ ਅਜਿਹੇ ਵੀ ਰਾਜ ਹਨ, ਜਿਥੇ ਉਸ ਨੂੰ  ਇਹ ਮੁਕਾਮ ਵੀ ਹਾਸਲ ਨਹੀਂ ਹੈ |''
ਦਰਅਸਲ ਭਾਸ਼ਾ ਨੂੰ  ਲੈ ਕੇ ਵਿਵਾਦ ਕਿੱਚਾ ਦੇ ਇਕ ਬਿਆਨ ਤੋਂ ਸ਼ੁਰੂ ਹੋਇਆ ਸੀ | ਉਨ੍ਹਾਂ ਕਿਹਾ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਹੈ | ਕੰਨੜ ਵਿਚ ਪੈਨ ਇੰਡੀਆ ਫ਼ਿਲਮਾਂ ਬਣ ਰਹੀਆਂ ਹਨ, ਮੈਂ ਇਸ ਵਿਚ ਇਕ ਛੋਟੀ ਜਿਹੀ ਸੋਧ ਕਰਨਾ ਚਾਹਾਂਗਾ | ਹਿੰਦੀ ਹੁਣ ਰਾਸ਼ਟਰੀ ਭਾਸ਼ਾ ਨਹੀਂ ਰਹੀ | ਬਾਲੀਵੁਡ ਵਿਚ ਅੱਜ ਪੈਨ ਇੰਡੀਆ ਫ਼ਿਲਮਾਂ ਬਣ ਰਹੀਆਂ ਹਨ | ਉਹ ਤੇਲਗੂ ਅਤੇ ਤਾਮਿਲ ਫਿਲਮਾਂ ਦੇ ਰੀਮੇਕ ਬਣਾ ਰਿਹਾ ਹੈ ਪਰ ਇਸ ਤੋਂ ਬਾਅਦ ਵੀ ਸੰਘਰਸ਼ ਕਰ ਰਿਹਾ ਹੈ | ਅੱਜ ਅਸੀਂ ਅਜਿਹੀਆਂ ਫ਼ਿਲਮਾਂ ਬਣਾ ਰਹੇ ਹਾਂ ਜੋ ਪੂਰੀ ਦੁਨੀਆ ਵਿਚ ਦੇਖੀਆਂ ਜਾ ਰਹੀਆਂ ਹਨ |
ਕਿੱਚਾ ਦੀ ਟਿਪਣੀ 'ਤੇ ਪ੍ਰਤੀਕਿਰਿਆ ਦਿੰਦਿਆਂ ਅਜੇ ਦੇਵਗਨ ਨੇ ਕਿਹਾ ਕਿ ਜੇਕਰ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਹੈ ਤਾਂ ਸੁਦੀਪ ਹਿੰਦੀ 'ਚ ਡਬ ਕਰ ਕੇ ਅਪਣੀਆਂ ਫ਼ਿਲਮਾਂ ਨੂੰ  ਰਿਲੀਜ਼ ਕਿਉਂ ਕਰਦੇ ਹਨ? ਹਿੰਦੀ ਸਾਡੀ ਮਾਤ ਭਾਸ਼ਾ ਅਤੇ ਰਾਸ਼ਟਰੀ ਭਾਸ਼ਾ ਸੀ, ਹੈ ਅਤੇ ਹਮੇਸ਼ਾ ਰਹੇਗੀ |     (ਏਜੰਸੀ)