ਪਟਿਆਲਾ ਝੜਪ ਨੂੰ ਲੈ ਕੇ ਰਾਘਵ ਚੱਢਾ ਦਾ ਬਿਆਨ, 'ਇਹ ਝੜਪ ਦੋ ਧਰਮਾਂ ਦੀ ਨਹੀਂ ਸਗੋਂ ਸ਼ਿਵਸੈਨਾ ਤੇ SAD ਦੀ ਹੈ'

ਏਜੰਸੀ

ਖ਼ਬਰਾਂ, ਪੰਜਾਬ

ਇਸ ਹਿੰਸਾ ਵਿਚ ਦੋਵਾਂ ਪਾਰਟੀਆਂ ਦੇ ਸਮਾਜ ਵਿਰੋਧੀ ਅਨਸਰ ਸ਼ਾਮਲ ਸਨ

Raghav Chadda

 

ਪਟਿਆਲਾ - ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਪੰਜਾਬ ਦੇ ਪਟਿਆਲਾ ਵਿਚ ਹੋਈ ਹਿੰਸਕ ਝੜਪ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਰਾਘਵ ਚੱਢਾ ਨੇ ਇਸ ਘਟਨਾ ਪਿੱਛੇ ਸ਼ਿਵ ਸੈਨਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਪਟਿਆਲਾ ਵਿਚ ਅੱਜ ਦੀ ਹਿੰਸਕ ਝੜਪ ਦੋ ਭਾਈਚਾਰਿਆਂ ਵਿਚ ਨਹੀਂ ਸਗੋਂ ਦੋ ਸਿਆਸੀ ਪਾਰਟੀਆਂ ਦੇ ਵਰਕਰਾਂ ਦਰਮਿਆਨ ਹੋਈ ਸੀ।

ਇਸ ਵਿਚ ਇੱਕ ਪਾਸੇ ਸ਼ਿਵ ਸੈਨਾ ਅਤੇ ਕਾਂਗਰਸ ਦੇ ਵਰਕਰ ਅਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਨ। ਰਾਘਵ ਚੱਢਾ ਨੇ ਅੱਗੇ ਕਿਹਾ ਕਿ ਇਸ ਹਿੰਸਾ ਵਿਚ ਦੋਵਾਂ ਪਾਰਟੀਆਂ ਦੇ ਸਮਾਜ ਵਿਰੋਧੀ ਅਨਸਰ ਸ਼ਾਮਲ ਸਨ। ਇਹ ਲੋਕ ਹਿੰਸਾ ਰਾਹੀਂ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਸਨ। ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਪੁਲਿਸ ਅਮਨ-ਕਾਨੂੰਨ ਦੀ ਬਹਾਲੀ ਵਿਚ ਜੁਟੀ ਹੋਈ ਹੈ। ਇਸ ਹਿੰਸਾ ਵਿਚ ਸ਼ਾਮਲ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਸਰਕਾਰ ਅਤੇ ਪੁਲਿਸ ਹਿੰਸਾ ਪਿੱਛੇ ਸ਼ਾਮਲ ਲੋਕਾਂ ਖਿਲਾਫ਼ ਸਖਤ ਕਾਰਵਾਈ ਕਰੇਗੀ। ਹਿੰਸਾ ਨੂੰ ਅੰਜਾਮ ਦੇਣ ਵਾਲੇ ਮਾਸਟਰਮਾਈਂਡ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਇਸੇ ਘਟਨਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭੰਗਵਤ ਮਾਨ ਨੇ ਕਿਹਾ ਕਿ ਪਟਿਆਲਾ ਵਿਚ ਹੋਈ ਝੜਪ ਮੰਦਭਾਗੀ ਹੈ। ਮੈਂ ਸ਼ਾਂਤੀ ਅਤੇ ਵਿਵਸਥਾ ਬਹਾਲ ਕਰਨ ਲਈ ਡੀਜੀਪੀ ਨਾਲ ਗੱਲ ਕੀਤੀ ਹੈ। ਅਸੀਂ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ। ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਾ ਜ਼ਰੂਰੀ ਹੈ।