ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਨਹੀਂ ਲੱਗਣਗੀਆਂ ਸੜਕਾਂ 'ਤੇ ਰੇਹੜੀਆਂ
ਦੁਕਾਨਾਂ ਦੇ ਬਾਹਰੋਂ ਵੀ ਚੁੱਕਿਆ ਜਾਵੇਗਾ ਸਮਾਨ ਅਤੇ ਹਟਾਏ ਜਾਣਗੇ ਨਾਜਾਇਜ਼ ਕਬਜ਼ੇ
ਚੰਡੀਗੜ੍ਹ : ਪੰਜਾਬ ਵਿਚ ਹੁਣ ਸੜਕਾਂ ਦੇ ਕਿਨਾਰਿਆਂ 'ਤੇ ਰੇਹੜੀਆਂ ਨਹੀਂ ਲੱਗਣੀਆਂ। ਇਸ ਸਬੰਧੀ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਭਾਵੇਂ ਕਿ ਗਰੀਬ ਅਤੇ ਆਮ ਵਰਗ ਦੇ ਲੋਕਾਂ ਲਈ ਇਹ ਇੱਕ ਝਟਕੇ ਦੇ ਬਰਾਬਰ ਹੈ ਪਰ ਸਰਕਾਰ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਹੁਣ ਸੜਕਾਂ 'ਤੇ ਰੇਹੜੀਆਂ ਨਹੀਂ ਲਗਾਈਆਂ ਜਾਣਗੀਆਂ।
ਇਸ ਤੋਂ ਇਲਾਵਾ ਕਸਬਿਆਂ ਵਿਚ ਜੋ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਸਮਾਨ ਰੱਖ ਕੇ ਨਾਜਾਇਜ਼ ਕਬਜ਼ੇ ਕੀਤੇ ਜਾਂਦੇ ਹਨ ਉਹ ਵੀ ਹਟਾਏ ਜਾਣਗੇ। ਦੱਸਣਯੋਗ ਹੈ ਕਿ ਟਰੈਫਿਕ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਵਲੋਂ ਪੰਜਾਬ ਸਰਕਾਰ ਨੂੰ ਇਸ ਬਾਬਤ ਇੱਕ ਚਿੱਠੀ ਲਿਖੀ ਗਈ ਸੀ ਅਤੇ ਸਿਫਾਰਿਸ਼ ਕੀਤੀ ਗਈ ਸੀ ਕਿ ਰੇਹੜੀਆਂ ਫੜੀਆਂ ਹਟਾਉਣ ਦੇ ਹੁਕਮ ਦਿਤੇ ਜਾਣ।
ਇਸ ਚਿੱਠੀ ਵਿਚ ਉਨ੍ਹਾਂ ਕਿਹਾ ਸੀ ਕਿ ਸੜਕਾਂ 'ਤੇ ਲਗਦੀਆਂ ਰੇਹੜੀਆਂ ਅਤੇ ਨਾਜਾਇਜ਼ ਕਬਜ਼ਿਆਂ ਕਾਰਨ ਟਰੈਫਿਕ ਦੀ ਸਮੱਸਿਆ ਵਿਚ ਵਾਧਾ ਹੁਣ ਹੈ ਅਤੇ ਨਾਲ ਹੀ ਇਹ ਸੜਕ ਹਾਦਸਿਆਂ ਦਾ ਕਾਰਨ ਵੀ ਬਣਦੀਆਂ ਹਨ ਜਿਸ ਕਾਰਨ ਇਸ ਨੂੰ ਹਟਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਹਵਾਲਾ ਦਿਤਾ ਸੀ ਕਿ ਨੈਸ਼ਨਲ ਅਤੇ ਸਟੇਟ ਹਾਈਵੇਅ 'ਤੇ ਬਦਲਦੇ ਮੌਸਮ ਨਾਲ ਰੇਹੜੀਆਂ ਲਗਾਈਆਂ ਜਾਂਦੀਆਂ ਹਨ ਅਤੇ ਦੁਕਾਨਦਾਰ ਆਪਣਾ ਕਾਰੋਬਾਰ ਚਲਾਉਂਦੇ ਹਨ ਪਰ ਇਸ ਨਾਲ ਤੇਜ਼ ਰਫਤਾਰ ਆ ਰਹੇ ਵਾਹਨ ਕਈ ਵਾਰ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ।
ਇਸ ਸਭ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸਿਫਾਰਿਸ਼ ਕੀਤੀ ਗਈ ਸੀ ਕਿ ਸੂਬੇ ਦੇ ਅਧਿਕਾਰ ਖੇਤਰ ਵਿਚ ਆਉਂਦੇ ਸਟੇਟ ਅਤੇ ਨੈਸ਼ਨਲ ਹਾਈਵੇਅ ਤੋਂ ਰੇਹੜੀਆਂ ਹਟਾਉਣ ਦੇ ਹੁਕਮ ਜਾਰੀ ਕੀਤੇ ਜਾਣ।
ਇਸ ਸੁਝਾਅ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿਚ ਇਹ ਹੁਕਮ ਲਾਗੂ ਕਰਨ ਦੇ ਆਦੇਸ਼ ਦਿਤੇ ਗਏ ਹਨ। ਇਸ ਤਹਿਤ ਹੁਣ ਸੜਕਾਂ ਦੇ ਕਿਨਾਰੇ ਲਗਦੀਆਂ ਰੇਹੜੀਆਂ ਅਤੇ ਕਸਬਿਆਂ ਵਿਚ ਸੜਕਾਂ 'ਤੇ ਹੋਏ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਇਜਾਜ਼ਤ ਦੇ ਦਿਤੀ ਗਈ ਹੈ। ਇਹ ਹੁਕਮ ਸੜਕ ਹਾਦਸਿਆਂ ਨੂੰ ਕਾਬੂ ਕਰਨ ਦੇ ਮੱਦੇਨਜ਼ਰ ਲਿਆ ਗਿਆ ਹੈ।