ਦਖਣੀ ਕੋਰੀਆ ਬਣਾਉਣ ਜਾ ਰਿਹੈ ਫ਼ਲੋਟਿੰਗ ਸਿਟੀ, ਰਹਿ ਸਕਣਗੇ 1 ਲੱਖ ਲੋਕ
ਦਖਣੀ ਕੋਰੀਆ ਬਣਾਉਣ ਜਾ ਰਿਹੈ ਫ਼ਲੋਟਿੰਗ ਸਿਟੀ, ਰਹਿ ਸਕਣਗੇ 1 ਲੱਖ ਲੋਕ
ਸਿਓਲ, 28 ਅਪ੍ਰੈਲ : ਸਾਲ 1995 'ਚ ਹਾਲੀਵੁੱਡ 'ਚ 'ਵਾਟਰ ਵਰਲਡ' ਨਾਂ ਦੀ ਫਿਲਮ ਬਣੀ ਸੀ | ਇਸ ਵਿਚ ਇਹ ਕਲਪਨਾ ਕੀਤੀ ਗਈ ਸੀ ਕਿ ਗਲੋਬਲ ਵਾਰਮਿੰਗ ਕਾਰਨ ਬਰਫ਼ ਪਿਘਲ ਕੇ ਸਾਰੀ ਦੁਨੀਆ ਵਿਚ ਪਾਣੀ-ਪਾਣੀ ਹੋ ਜਾਵੇਗਾ, ਜਿਸ ਤੋਂ ਬਾਅਦ ਮਨੁੱਖ ਸਮੁੰਦਰ ਦੇ ਪਾਣੀ 'ਤੇ ਤੈਰਦੇ ਸ਼ਹਿਰ ਬਣਾ ਕੇ ਜੀਵਨ ਬਤੀਤ ਕਰੇਗਾ | ਭਾਵੇਂ ਇਹ ਕਿਸੇ ਫ਼ਿਲਮ ਦੀ ਕਹਾਣੀ ਹੋ ਸਕਦੀ ਹੈ ਪਰ ਦੱਖਣੀ ਕੋਰੀਆ ਇਸ ਕਹਾਣੀ ਨੂੰ ਹਕੀਕਤ ਵਿਚ ਬਦਲਣ ਜਾ ਰਿਹਾ ਹੈ | ਦਖਣੀ ਕੋਰੀਆ 2023 ਤਕ ਦੁਨੀਆ ਦਾ ਪਹਿਲਾ ਟਿਕਾਊ 'ਫ਼ਲੋਟਿੰਗ ਸ਼ਹਿਰ' ਬਣਾਉਣਾ ਚਾਹੁੰਦਾ ਹੈ | ਇਸ ਪ੍ਰੋਜੈਕਟ ਦਾ ਇਕ ਪ੍ਰੋਟੋਟਾਈਪ 26 ਅਪ੍ਰੈਲ ਨੂੰ ਸੰਯੁਕਤ ਰਾਸ਼ਟਰ (ਯੂਐਨ) ਗੋਲਮੇਜ਼ ਕਾਨਫ਼ਰੰਸ ਵਿਚ ਪੇਸ਼ ਕੀਤਾ ਗਿਆ ਸੀ | ਇਸ ਵਿਚ ਦਸਿਆ ਗਿਆ ਕਿ ਇਹ ਸ਼ਹਿਰ ਬੁਸਾਨ ਦੇ ਤੱਟ 'ਤੇ ਹੋਵੇਗਾ ਜੋ ਕਿ ਆਪਣੇ ਬੀਚਾਂ, ਪਹਾੜਾਂ ਲਈ ਮਸ਼ਹੂਰ ਹੈ | ਇਹ ਪ੍ਰੋਜੈਕਟ ਨਿਊਯਾਰਕ ਦੇ ਓਸੀਨੀਕਸ, ਬੁਸਾਨ ਸ਼ਹਿਰ ਅਤੇ ਸੰਯੁਕਤ ਰਾਸ਼ਟਰ ਹੈਬੀਟੇਟ ਨਾਲ ਸਾਂਝੇਦਾਰੀ ਵਿਚ ਬਣਾਇਆ ਜਾਵੇਗਾ | ਵਰਤਮਾਨ ਵਿਚ ਸੰਯੁਕਤ ਰਾਸ਼ਟਰ ਦੀ ਭੂਮਿਕਾ ਸਲਾਹਕਾਰ ਦੀ ਹੈ | ਉਹ ਹੁਣ ਡਾਟਾ ਇਕੱਠਾ ਕਰੇਗਾ ਕਿ ਆਖਿਰ ਇਹ ਸ਼ਹਿਰ ਕਿਵੇਂ ਕੰਮ ਕਰਦਾ ਹੈ |
ਬੁਸਾਨ ਦੇ ਮੇਅਰ ਪਾਰਕ ਹੀਓਾਗ-ਜੂਨ ਨੇ ਕਿਹਾ ਕਿ ਮੈਂ 'ਦਿ ਫ਼ਸਟ ਟੂ ਦਿ ਫ਼ਿਊਚਰ' ਦੇ ਸਿਧਾਂਤ ਪ੍ਰਤੀ ਆਪਣੀ ਵਚਨਬੱਧਤਾ ਨੂੰ ਗੰਭੀਰਤਾ ਨਾਲ ਲੈਂਦਾ ਹਾਂ | ਅਸੀਂ ਯੂਐਨ ਹੈਬੀਟੈਟ ਅਤੇ ਓਸੀਨੀਕਸ ਨਾਲ ਇਸ ਵਿਚਾਰ 'ਤੇ ਕੰਮ ਕਰਨ ਵਾਲੇ ਪਹਿਲੇ ਲੋਕ ਹਾਂ | ਤੱਟਵਰਤੀ ਸ਼ਹਿਰਾਂ 'ਤੇ ਸਮੁੰਦਰੀ ਪੱਧਰ ਦੇ ਵਾਧੇ ਦੇ ਵਿਨਾਸ਼ਕਾਰੀ ਪ੍ਰਭਾਵ ਕਾਰਨ ਸਾਡਾ ਭਵਿੱਖ ਦਾਅ 'ਤੇ ਹੈ | ਫ਼ਲੋਟਿੰਗ ਸਿਟੀ ਜਲਵਾਯੂ ਪਰਿਵਰਤਨ ਕਾਰਨ ਹੋਣ ਵਾਲੇ ਉਤਰਾਅ-ਚੜ੍ਹਾਅ ਦੇ ਅਨੁਕੂਲ ਹੋਣ ਦੇ ਯੋਗ ਹੋਵੇਗਾ |
ਸ਼ਹਿਰ ਨੂੰ ਪਲੇਟਫ਼ਾਰਮਾਂ 'ਤੇ ਬਣਾਇਆ ਜਾਵੇਗਾ ਅਤੇ ਇਹ ਸਾਰੇ ਆਪਸ ਵਿਚ ਜੁੜੇ ਹੋਏ ਹਨ | ਇਸ ਦੇ ਨਾਲ ਹੀ ਇਸ ਨੂੰ ਪੁਲ ਰਾਹੀਂ ਜ਼ਮੀਨ ਨਾਲ ਜੋੜਿਆ ਜਾਵੇਗਾ | ਹਿਊਮਨ ਸੈਟਲਮੈਂਟ ਪ੍ਰੋਗਰਾਮ ਦੀ ਕਾਰਜਕਾਰੀ ਨਿਰਦੇਸ਼ਕ ਮੈਮੁਨਾ ਮੁਹੰਮਦ ਸ਼ਰੀਫ ਨੇ ਕਿਹਾ ਕਿ ਸ਼ੁਰੂ ਵਿਚ ਸ਼ਹਿਰ 12,000 ਲੋਕਾਂ ਦੇ ਰਹਿਣ ਦੇ ਯੋਗ ਹੋਵੇਗਾ, ਬਾਅਦ ਵਿਚ ਅਸੀਂ ਇਸਨੂੰ ਵਧਾ ਕੇ 1 ਲੱਖ ਕਰ ਦਿਤਾ ਜਾਵੇਗਾ | (ਏਜੰਸੀ)