ਪਟਿਆਲਾ ‘ਚ ਹੋਈ ਝੜਪ ਦਾ ਮੁੱਖ ਮੰਤਰੀ ਭਗਵੰਤ ਮਾਨ ਸਣੇ ਵੱਖ-ਵੱਖ ਆਗੂਆਂ ਨੇ ਕੀਤਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਾਂਤੀ ਬਣਾਉਣ ਦੀ ਕੀਤੀ ਅਪੀਲ

Bhagwant mann

 

ਪਟਿਆਲਾ:  ਅੱਜ ਪਟਿਆਲਾ ਵਿਚ ਸ਼ਿਵ ਸੈਨਾ ਤੇ ਨਿਹੰਗਾਂ ਵਿਚਾਲੇ ਝੜਪ ਹੋ ਗਈ। ਪਟਿਆਲਾ ਵਿਚ ਹੋਈ ਤਣਾਅਪੂਰਨ ਸਥਿਤੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਟਿਆਲਾ ਤੋਂ ਸਾਂਸਦ ਮੈਂਬਰ ਪ੍ਰਨੀਤ ਕੌਰ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਸਮੇਤ ਹੋਰ ਆਗੂਆਂ ਨੇ ਚਿੰਤਾ ਜਤਾਈ ਹੈ। 

 

ਪਟਿਆਲਾ 'ਚ ਹੋਈ ਝੜਪ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ  
''ਪਟਿਆਲਾ ਵਿਚ ਹੋਈ ਝੜਪ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ। ਮੈਂ ਡੀਜੀਪੀ ਨਾਲ ਗੱਲ ਕੀਤੀ ਹੈ ਤੇ ਹੁਣ ਇਲਾਕੇ ਵਿਚ ਸ਼ਾਂਤੀ ਬਹਾਲ ਹੋ ਗਈ ਹੈ। ਅਸੀਂ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ ਅਤੇ ਕਿਸੇ ਨੂੰ ਵੀ ਸੂਬੇ ਵਿਚ ਗੜਬੜ ਪੈਦਾ ਨਹੀਂ ਕਰਨ ਦੇਵਾਂਗੇ। ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਸਭ ਤੋਂ ਮਹੱਤਵਪੂਰਨ ਹੈ।''

 

ਪਟਿਆਲਾ 'ਚ ਹੋਈ ਝੜਪ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਜਤਾਈ ਚਿੰਤਾ
“ਪਟਿਆਲਾ ’ਚ 2 ਗੁੱਟਾਂ ਵਿਚ ਹੋਈ ਝੜਪ ਕਾਰਨ ਪੈਦਾ ਹੋਈ ਤਣਾਅਪੂਰਨ ਸਥਿਤੀ ਨੂੰ ਲੈ ਕੇ ਚਿੰਤਤ ਹਾਂ। ਪਟਿਆਲਾ ਦੇ ਲੋਕ ਸ਼ਾਂਤੀ ਪਸੰਦ ਹਨ ਅਤੇ ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਭੜਕਾਹਟ ਵਿਚ ਨਾ ਆਉਣ। ਉਮੀਦ ਹੈ ਕਿ ਪੰਜਾਬ ਪੁਲਿਸ ਇਸ ’ਤੇ ਸਖ਼ਤ ਕਾਰਵਾਈ ਕਰੇਗੀ ਅਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਨੂੰ ਯਕੀਨੀ ਬਣਾਏਗੀ”

 

ਪਟਿਆਲਾ 'ਚ ਹੋਈ ਝੜਪ ਨੂੰ ਲੈ ਕੇ ਰਵਨੀਤ ਬਿੱਟੂ ਦੀ ਪੋਸਟ 
ਸਿੱਖਾਂ ਅਤੇ ਹਿੰਦੂਆਂ ਵਿਚਕਾਰ ਪਿਆਰ ਸਦਭਾਵਨਾ ਸਦੀਆਂ ਤੋਂ ਚੱਲੀ ਆ ਰਹੀ ਹੈ ਅਤੇ ਵਿਸ਼ਵ ਲਈ ਇੱਕ ਮਿਸਾਲ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਕੁਝ ਸਮਾਜ ਵਿਰੋਧੀ ਅਨਸਰਾਂ ਪਿੱਛੇ ਲੱਗ ਕੇ ਆਪਸ ਵਿੱਚ ਨਾ ਲੜਨ ਕਿਉਂਕਿ ਖਾਲਿਸਤਾਨ ਕਦੇ ਨਾ ਬਣਨ ਦਿੱਤਾ ਹੈ ਤੇ ਨਾ ਹੀ ਕਦੇ ਬਣਨ ਦਵਾਂਗੇ। ਆਓ ਇਕਜੁੱਟ ਅਤੇ ਸ਼ਾਂਤੀਪੂਰਵਕ ਰਹੀਏ।

ਪਟਿਆਲਾ ਘਟਨਾ ਨੂੰ ਲੈ ਕੇ ਰਾਘਵ ਚੱਢਾ ਦਾ ਬਿਆਨ 
''ਇਹ ਝੜਪ ਦੋ ਧਰਮਾਂ ਵਿਚ ਨਹੀਂ ਸਗੋਂ ਦੋ ਸਿਆਸੀ ਪਾਰਟੀਆਂ ਦੇ ਵਰਕਰਾਂ ਵਿਚਕਾਰ ਹੋਈ ਹੈ। ਇਕ ਪਾਸੇ ਸ਼ਿਵ ਸੈਨਾ ਦੇ ਵਰਕਰ ਸਨ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਨ। ਇਹਨਾਂ ਦੋਵਾਂ ਧਿਰਾਂ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਪੰਜਾਬ ਸਰਕਾਰ ਅਤੇ ਪੁਲਿਸ ਸਖ਼ਤ ਕਾਰਵਾਈ ਕਰੇਗੀ।''

ਪਟਿਆਲਾ ਘਟਨਾ ਨੂੰ ਲੈ ਕੇ ਸੁਖਬੀਰ ਬਾਦਲ ਦਾ ਟਵੀਟ 
''ਪਟਿਆਲਾ ਵਿਖੇ ਵਾਪਰਿਆ ਘਟਨਾਕ੍ਰਮ ਬਹੁਤ ਪਰੇਸ਼ਾਨ ਕਰਨ ਵਾਲਾ ਅਤੇ ਪੰਜਾਬ ਦੀ ਅਮਨ-ਸ਼ਾਂਤੀ ਲਈ ਚਿੰਤਾ ਦਾ ਵਿਸ਼ਾ ਹੈ। 'ਪ੍ਰਸ਼ਾਸਕੀ ਅਧਰੰਗ' ਦਾ ਸ਼ਿਕਾਰ ਹੋਏ ਪੰਜਾਬ ਅੰਦਰ ਬੀਤੇ ਹਫ਼ਤਿਆਂ ਦੌਰਾਨ ਕਨੂੰਨ ਵਿਵਸਥਾ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸਾਰੇ ਪੰਜਾਬੀਆਂ ਨੂੰ ਮੇਰੀ ਅਪੀਲ ਹੈ ਕਿ ਹਰ ਕੀਮਤ 'ਤੇ ਸੂਬੇ ਵਿਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਵਿਚ ਸਹਿਯੋਗ ਕਰਨ।''

ਪਟਿਆਲਾ 'ਚ ਹੋਈ ਝੜਪ ਨੂੰ ਲੈ ਕੇ ਨਵਜੋਤ ਸਿੱਧੂ ਨੇ ਜਤਾਈ ਚਿੰਤਾ
''ਪੰਜਾਬੀ ਸਾਡੇ ਗੁਰੂ ਦੀਆਂ ਸਰਵ ਵਿਆਪਕ ਭਾਈਚਾਰਕ ਸਾਂਝ ਅਤੇ ਏਕਤਾ ਦੀਆਂ ਸਿੱਖਿਆਵਾਂ ਨਾਲ ਜੁੜੇ ਹੋਏ ਹਨ। ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਾਡੇ ਸਮਾਜ ਵਿੱਚ ਪਾੜਾ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਪੰਜਾਬ ਸਰਕਾਰ ਦਾ ਭੀੜ 'ਤੇ ਕਾਬੂ ਨਾ ਹੋਣ ਕਾਰਨ ਪਟਿਆਲੇ ਦੀ ਘਟਨਾ ਵਾਪਰੀ ਹੈ। ਜਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ''

 

ਪਟਿਆਲਾ ਝੜਪ ਨੂੰ ਲੈ ਕੇ ਰਾਹੁਲ ਗਾਂਧੀ ਦਾ ਟਵੀਟ 
''ਪਟਿਆਲਾ ਦੀ ਘਟਨਾ ਪਰੇਸ਼ਾਨ ਕਰਨ ਵਾਲੀ ਹੈ। ਮੈਂ ਦੁਹਰਾਉਂਦਾ ਹਾਂ ਕਿ ਪੰਜਾਬ ਵਰਗੇ ਸੰਵੇਦਨਸ਼ੀਲ ਸਰਹੱਦੀ ਸੂਬੇ ਵਿਚ ਸ਼ਾਂਤੀ ਅਤੇ ਸਦਭਾਵਨਾ ਸਭ ਤੋਂ ਜ਼ਰੂਰੀ ਹੈ। ਇਹ ਪ੍ਰਯੋਗ ਕਰਨ ਦੀ ਥਾਂ ਨਹੀਂ ਹੈ। ਪੰਜਾਬ ਸਰਕਾਰ ਨੂੰ  ਅਪੀਲ ਹੈ ਕਿ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਨੂੰ ਯਕੀਨੀ ਬਣਾਇਆ ਜਾਵੇ।''
ਵਿੱਤ ਮੰਤਰੀ ਹਰਪਾਲ ਚੀਮਾ ਨੇ ਵੀ ਪਟਿਆਲਾ ਵਿਚ ਹੋਈ ਝੜਪ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਤੇ ਕਿਹਾ ਕਿ ਮੈਂ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦਾ ਹਾਂ। 

ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਵੀ ਕਿਹਾ ਕਿ ਪਟਿਆਲਾ ਵਿਚ 2 ਧੜਿਆਂ ਵਿਚ ਹੋਈ ਝੜਪ ਕਾਰਨ ਪੈਦਾ ਹੋਈ ਤਣਾਅਪੂਰਨ ਸਥਿਤੀ ਨੂੰ ਲੈ ਕੇ ਮੈਂ ਬਹੁਤ ਚਿੰਤਤ ਹਾਂ। ਪਟਿਆਲਾ ਦੇ ਲੋਕ ਅਮਨ ਪਸੰਦ ਹਨ ਤੇ ਮੈਂ ਦੋਵਾਂ ਧਿਰਾਂ ਅਤੇ ਪ੍ਰਸ਼ਾਸਨ ਨੂੰ ਇਸ ਸਥਿਤੀ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਅਪੀਲ ਕਰਦੀ ਹਾਂ ਤਾਂ ਜੋ ਸ਼ਹਿਰ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਿਆ ਜਾ ਸਕੇ।