ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਆਉਣ ਵਾਲੇ 2 ਦਿਨ ਪਏਗੀ ਭਿਆਨਕ ਗਰਮੀ, ਯੈਲੋ ਅਲਰਟ ਜਾਰੀ 

ਏਜੰਸੀ

ਖ਼ਬਰਾਂ, ਪੰਜਾਬ

122 ਸਾਲਾਂ 'ਚ ਸਭ ਤੋਂ ਗਰਮ ਰਿਹਾ ਮਾਰਚ  ਦਾ ਮਹੀਨਾ 

The next two days will be scorching hot in Punjab and few other states

2 ਮਈ ਤੋਂ ਰਾਹਤ ਮਿਲਣ ਦੇ ਅਸਰ 
ਨਵੀਂ ਦਿੱਲੀ :
ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ 29 ਅਪ੍ਰੈਲ ਤੋਂ 1 ਮਈ ਤੱਕ ਪੱਛਮੀ ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਯੂਪੀ, ਮੱਧ ਪ੍ਰਦੇਸ਼ ਅਤੇ ਝਾਰਖੰਡ ਵਿੱਚ ਤੇਜ਼ ਗਰਮੀ ਹੋਵੇਗੀ। ਵਿਭਾਗ ਨੇ ਇਨ੍ਹਾਂ ਰਾਜਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। 2 ਮਈ ਤੋਂ ਪੱਛਮੀ ਗੜਬੜੀ ਕਾਰਨ ਤੂਫਾਨ ਅਤੇ ਮੀਂਹ ਕਾਰਨ ਰਾਹਤ ਮਿਲ ਸਕਦੀ ਹੈ। 

ਆਈਐਮਡੀ ਦੇ ਮੌਸਮ ਵਿਗਿਆਨੀ ਆਰਕੇ ਜੇਨਾਮਨੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅੱਜ ਸਖ਼ਤ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ, ਅਗਲੇ 24 ਤੋਂ 48 ਘੰਟਿਆਂ ਤੱਕ ਇਹ ਇਸ ਤਰ੍ਹਾਂ ਰਹੇਗੀ। ਇਸ ਤੋਂ ਬਾਅਦ ਤਾਪਮਾਨ ਘੱਟ ਜਾਵੇਗਾ। ਉਨ੍ਹਾਂ ਦੱਸਿਆ ਕਿ 2 ਤੋਂ 4 ਮਈ ਤੱਕ ਰਾਜਸਥਾਨ, ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਪਾਰਾ 36 ਤੋਂ 39 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। 

ਦੇਸ਼ ਦੀ ਲਗਭਗ 70 ਫ਼ੀਸਦੀ ਆਬਾਦੀ ਦਾ 80 ਫ਼ੀਸਦੀ ਹਿੱਸਾ ਤਪਦੀ ਗਰਮੀ ਨਾਲ ਝੁਲਸ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਗਰਮੀ ਕਾਰਨ ਹੋਰ ਵੀ ਪ੍ਰੇਸ਼ਾਨੀਆਂ ਵਧਣਗੀਆਂ। ਮਈ ਵਿੱਚ ਤਾਪਮਾਨ 48 ਡਿਗਰੀ ਤੱਕ ਪਹੁੰਚ ਸਕਦਾ ਹੈ। ਇਸ ਦੇ ਨਾਲ ਹੀ 10 ਸੂਬਿਆਂ ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ, ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ ਅਤੇ ਝਾਰਖੰਡ ਲਈ ਅਲਰਟ ਜਾਰੀ ਕੀਤਾ ਗਿਆ ਹੈ।

ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ ਭਾਰਤ ਗਰਮੀ ਦੇ ਗੰਭੀਰ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਆਈਐਮਡੀ ਦੇ ਵਿਗਿਆਨੀ ਆਰਕੇ ਜੇਨਾਮਨੀ ਨੇ ਕਿਹਾ ਕਿ ਯੂਪੀ, ਰਾਜਸਥਾਨ, ਦਿੱਲੀ, ਹਰਿਆਣਾ ਅਤੇ ਉੜੀਸਾ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 45 ਡਿਗਰੀ ਤੋਂ ਉੱਪਰ ਪਹੁੰਚ ਗਿਆ ਹੈ। ਅਗਲੇ ਪੰਜ ਦਿਨਾਂ ਤੱਕ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਹੀਟ ਵੇਵ ਦੇ ਹਾਲਾਤ ਬਣੇ ਰਹਿਣਗੇ।

ਆਈਐਮਡੀ ਨੇ ਕਿਹਾ ਕਿ ਮਈ ਦੇ ਪਹਿਲੇ ਹਫ਼ਤੇ ਤੱਕ ਸਥਿਤੀ ਨਾਜ਼ੁਕ ਰਹਿਣ ਦੀ ਉਮੀਦ ਹੈ। ਹਾਲਾਂਕਿ ਇਸ ਤੋਂ ਬਾਅਦ ਦੂਜੇ ਹਫਤੇ ਤੋਂ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਝਾਂਸੀ ਵਿੱਚ ਜਿੱਥੇ ਪਿਛਲੇ 10 ਸਾਲਾਂ ਵਿੱਚ ਵੱਧ ਤੋਂ ਵੱਧ ਤਾਪਮਾਨ 45 ਨੂੰ ਪਾਰ ਨਹੀਂ ਕਰ ਸਕਿਆ ਸੀ, ਉੱਥੇ 27 ਅਤੇ 28 ਅਪ੍ਰੈਲ ਨੂੰ ਦਿਨ ਦਾ ਤਾਪਮਾਨ 45.6 ਡਿਗਰੀ ਦਰਜ ਕੀਤਾ ਗਿਆ ਸੀ। ਇੱਥੇ ਸਭ ਤੋਂ ਵੱਧ ਤਾਪਮਾਨ 17 ਅਪ੍ਰੈਲ 2010 ਨੂੰ 46.2 ਡਿਗਰੀ ਦਰਜ ਕੀਤਾ ਗਿਆ ਸੀ। ਕਾਨਪੁਰ 'ਚ ਵੀਰਵਾਰ ਨੂੰ ਪਾਰਾ 45.8 ਡਿਗਰੀ ਤੱਕ ਪਹੁੰਚ ਗਿਆ। ਨੌਂ ਸਾਲ ਪਹਿਲਾਂ 30 ਅਪ੍ਰੈਲ 2013 ਨੂੰ ਇੱਥੇ ਸਭ ਤੋਂ ਵੱਧ ਪਾਰਾ ਦਰਜ ਕੀਤਾ ਗਿਆ ਸੀ। ਪ੍ਰਯਾਗਰਾਜ 'ਚ ਪਾਰਾ 45.9 ਡਿਗਰੀ ਦਰਜ ਕੀਤਾ ਗਿਆ।

ਦਿੱਲੀ 'ਚ ਤਾਪਮਾਨ 43.5 ਡਿਗਰੀ : 12 ਸਾਲ ਦਾ ਰਿਕਾਰਡ ਟੁੱਟਿਆ
ਬੁੱਧਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 43.5 ਡਿਗਰੀ ਰਿਹਾ। ਇਹ 12 ਸਾਲਾਂ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 18 ਅਪ੍ਰੈਲ 2010 ਨੂੰ ਇਹ 43.7 ਡਿਗਰੀ ਸੀ। ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਤੱਕ ਪਹੁੰਚ ਸਕਦਾ ਹੈ। 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਧੂੜ ਦਾ ਤੂਫਾਨ ਵੀ ਆ ਸਕਦਾ ਹੈ। ਬਾਰਿਸ਼ ਪੈਣ ਨਾਲ ਕੁੱਝ ਰਾਹਤ ਦੀ ਉਮੀਦ ਹੈ।

ਮੌਸਮ ਵਿਭਾਗ ਮੁਤਾਬਕ ਇਸ ਸਾਲ ਮਾਰਚ ਦਾ ਮਹੀਨਾ 122 ਸਾਲਾਂ 'ਚ ਸਭ ਤੋਂ ਗਰਮ ਰਿਹਾ। ਇਸ ਦੌਰਾਨ 71 ਫ਼ੀਸਦੀ ਘੱਟ ਮੀਂਹ ਪਿਆ। ਇਸ ਤੋਂ ਇਲਾਵਾ ਗਰਮੀ ਕਾਰਨ ਕਣਕ ਦੇ ਝਾੜ ਵਿੱਚ ਵੀ 35% ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ।