ਪਟਿਆਲਾ 'ਚ ਸਥਿਤੀ ਤਣਾਅਪੂਰਨ, ਮਾਹੌਲ ਸ਼ਾਂਤ ਕਰਨ ਲਈ ਪੁਲਿਸ ਨੇ ਕੀਤੇ ਹਵਾਈ ਫ਼ਾਇਰ
ਐੱਸਐੱਚਓ ਦਾ ਹੱਥ ਵੱਢਣ ਦੀ ਖ਼ਬਰ ਅਫਵਾਹ
ਪਟਿਆਲਾ - ਸ਼ੁੱਕਰਵਾਰ ਨੂੰ ਪਟਿਆਲਾ 'ਚ ਖਾਲਿਸਤਾਨ ਵਿਰੋਧੀ ਮਾਰਚ ਨੂੰ ਲੈ ਕੇ ਸਿੱਖ ਅਤੇ ਹਿੰਦੂ ਸੰਗਠਨ ਆਹਮੋ-ਸਾਹਮਣੇ ਆ ਗਏ। ਹਿੰਦੂ ਜਥੇਬੰਦੀਆਂ ਮਾਰਚ ਕੱਢਣ ਦੀ ਤਿਆਰੀ ਕਰ ਰਹੀਆਂ ਸਨ। ਇਸ ਦੌਰਾਨ ਕੁਝ ਸਿੱਖ ਜਥੇਬੰਦੀਆਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਮਾਹੌਲ ਇੰਨਾ ਖ਼ਰਾਬ ਹੋ ਗਿਆ ਕਿ ਦੋਵਾਂ ਧਿਰਾਂ ਵਿਚਾਲੇ ਪੱਥਰਬਾਜ਼ੀ ਵੀ ਹੋਈ।
ਇਸ ਦੌਰਾਨ ਐੱਸਐੱਚਓ ਦੇ ਹੱਥ 'ਤੇ ਸੱਟ ਲੱਗ ਗਈ, ਜਿਸ ਤੋਂ ਬਾਅਦ ਐੱਸਐੱਸਪੀ ਨੇ ਸਥਿਤੀ ਨੂੰ ਸੰਭਾਲਣ ਲਈ ਹਵਾ 'ਚ ਫਾਇਰਿੰਗ ਕੀਤੀ। ਫਿਲਹਾਲ ਇੱਥੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਪੁਲਿਸ ਨੇ ਸਿੱਖ ਜਥੇਬੰਦੀਆਂ ਨੂੰ ਰੋਸ ਪ੍ਰਦਰਸ਼ਨ ਕਰਨ ਅਤੇ ਹਿੰਦੂ ਜਥੇਬੰਦੀਆਂ ਨੂੰ ਮਾਰਚ ਕੱਢਣ ਤੋਂ ਰੋਕ ਦਿੱਤਾ ਹੈ। ਮੌਕੇ 'ਤੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।
ਇੱਥੇ ਸ਼ਿਵ ਸੈਨਾ ਨੇ ਖਾਲਿਸਤਾਨ ਖਿਲਾਫ਼ ਪੁਤਲਾ ਫੂਕਣ ਦੀ ਤਿਆਰੀ ਕੀਤੀ ਹੋਈ ਸੀ। ਇਹ ਪਤਾ ਲੱਗਦਿਆਂ ਹੀ ਖਾਲਿਸਤਾਨ ਸਮਰਥਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਥੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਵਾਪਸ ਭੇਜ ਦਿੱਤਾ। ਉਧਰ, ਸਿੱਖ ਜਥੇਬੰਦੀਆਂ ਦੇ ਮੈਂਬਰ ਤਲਵਾਰਾਂ ਲੈ ਕੇ ਕਾਲੀ ਮਾਤਾ ਮੰਦਰ ਪੁੱਜੇ। ਦੋਵਾਂ ਧਿਰਾਂ ਵਿਚਕਾਰ ਕਾਫੀ ਝੜਪ ਹੋਈ।
ਇਸ ਦੌਰਾਨ ਜਦੋਂ ਐੱਸਐੱਚਓ ਕਰਨਵੀਰ ਨੇ ਸਿੱਖ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਐੱਸਐੱਚਓ ਉਸ ਦਾ ਹੱਥ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਐਸਐਸਪੀ ਨਾਨਕ ਸਿੰਘ ਮੌਕੇ ’ਤੇ ਪੁੱਜੇ। ਉਹਨਾਂ ਨੇ ਸਥਿਤੀ 'ਤੇ ਕਾਬੂ ਪਾਉਣ ਲਈ ਹਵਾ 'ਚ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਮਾਹੌਲ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਿੰਦੂ ਸੰਗਠਨ ਦੇ ਆਗੂ ਹਰੀਸ਼ ਸਿੰਗਲਾ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਦੂਜੇ ਪਾਸੇ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਨੇ ਕਈ ਦਿਨਾਂ ਤੋਂ ਅਪੀਲ ਕੀਤੀ ਸੀ ਕਿ ਕੁਝ ਜਥੇਬੰਦੀਆਂ ਸਿੱਖ ਰਾਜ ਵਿਰੁੱਧ ਮਾਹੌਲ ਖਰਾਬ ਕਰ ਰਹੀਆਂ ਹਨ। ਪ੍ਰਸ਼ਾਸਨ ਨੂੰ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਸੀ, ਤਾਂ ਜੋ ਮਾਹੌਲ ਖਰਾਬ ਨਾ ਹੋਵੇ।
ਇਸ ਦੌਰਾਨ ਕੁਝ ਖਬਰਾਂ ਆਉਣ ਲੱਗੀਆਂ ਕਿ ਸਿੱਖ ਪ੍ਰਦਰਸ਼ਨਕਾਰੀਆਂ ਨੇ ਐੱਸਐੱਚਓ ਦਾ ਹੱਥ ਵੱਢ ਦਿੱਤਾ ਹੈ ਜਿਸ ਨੂੰ ਲੈ ਕੇ ਪਟਿਆਲਾ ਦੇ ਡੀਸੀ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਬੇਬੁਨਿਆਦ ਹੈ। ਉਨ੍ਹਾਂ ਅਜਿਹੀਆਂ ਅਫਵਾਹਾਂ ਨਾ ਫੈਲਾਉਣ ਲਈ ਕਿਹਾ। ਉਹਨਾਂ ਕਿਹਾ ਕਿ ਐੱਸਐੱਚਓ ਦਾ ਸਿਰਫ਼ ਹੱਥ ਜਖ਼ਮੀ ਹੋਇਆ ਹੈ ਵੱਢਿਆ ਨਹੀਂ ਗਿਆ।
ਪਟਿਆਲਾ ਰੇਂਜ ਦੇ ਆਈਜੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਸਥਿਤੀ ਹੁਣ ਕਾਬੂ ਹੇਠ ਹੈ। ਕਿਸੇ ਨੇ ਅਫ਼ਵਾਹ ਫੈਲਾ ਦਿੱਤੀ ਸੀ, ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ। ਐਸਐਚਓ ਦਾ ਹੱਥ ਵੱਢਣ ਦੀ ਖ਼ਬਰ ਅਫ਼ਵਾਹ ਹੈ। ਸਥਿਤੀ ਨੂੰ ਪੂਰੀ ਤਰ੍ਹਾਂ ਨਾਲ ਸ਼ਾਂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪੁੱਜ ਕੇ ਸਥਿਤੀ ਨੂੰ ਸੰਭਾਲਣ ਲਈ ਪੁਲਿਸ ਨੂੰ ਹਵਾ ਵਿੱਚ ਗੋਲੀ ਚਲਾਉਣੀ ਪਈ।
ਇਸ ਦੇ ਨਾਲ ਹੀ ਮੁੱਖ ਨੇ ਵੀ ਇਸ ਘਟਨਾ ਨੂੰ ਲੈ ਕੇ ਟਵੀਟ ਕੀਤਾ ਹੈ। ਉਹਨਾਂ ਨੇ ਟਵੀਟ ਕਰ ਕੇ ਲਿਖਿਆ ਕਿ ਉਹਨਾਂ ਨੇ ਘਟਨਾ ਨੂੰ ਲੈ ਕੇ ਼ਡੀਜੀਪੀ ਨਾਲ ਗੱਲ ਕੀਤੀ ਹੈ। ਉਹਨਾਂ ਲਿਖਿਆ ਕਿ ''ਪਟਿਆਲਾ ਵਿਚ ਹੋਈ ਝੜਪ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ। ਮੈਂ ਡੀਜੀਪੀ ਨਾਲ ਗੱਲ ਕੀਤੀ ਹੈ ਤੇ ਹੁਣ ਇਲਾਕੇ ਵਿਚ ਸ਼ਾਂਤੀ ਬਹਾਲ ਹੋ ਗਈ ਹੈ। ਅਸੀਂ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ ਅਤੇ ਕਿਸੇ ਨੂੰ ਵੀ ਸੂਬੇ ਵਿਚ ਗੜਬੜ ਪੈਦਾ ਨਹੀਂ ਕਰਨ ਦੇਵਾਂਗੇ। ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਸਭ ਤੋਂ ਮਹੱਤਵਪੂਰਨ ਹੈ।''
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕੀਤਾ ਟਵੀਟ
“ਪਟਿਆਲਾ ’ਚ 2 ਗੁੱਟਾਂ ਵਿਚ ਹੋਈ ਝੜਪ ਕਾਰਨ ਪੈਦਾ ਹੋਈ ਤਣਾਅਪੂਰਨ ਸਥਿਤੀ ਨੂੰ ਲੈ ਕੇ ਚਿੰਤਤ ਹਾਂ। ਪਟਿਆਲਾ ਦੇ ਲੋਕ ਸ਼ਾਂਤੀ ਪਸੰਦ ਹਨ ਅਤੇ ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਭੜਕਾਹਟ ਵਿਚ ਨਾ ਆਉਣ। ਉਮੀਦ ਹੈ ਕਿ ਪੰਜਾਬ ਪੁਲਿਸ ਇਸ ’ਤੇ ਸਖ਼ਤ ਕਾਰਵਾਈ ਕਰੇਗੀ ਅਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਨੂੰ ਯਕੀਨੀ ਬਣਾਏਗੀ”