ਪੰਜਾਬ ਸਰਕਾਰ ਨੇ ਧਨੌਲਾ 'ਚ ਵਿਕਾਸ ਕਾਰਜਾਂ ਲਈ 119.51 ਲੱਖ ਦੇ ਟੈਂਡਰ ਮੰਗੇ : ਡਾ. ਇੰਦਰਬੀਰ ਸਿੰਘ ਨਿੱਜਰ
ਕਿਹਾ, ਵਿਕਾਸ ਕਾਰਜਾਂ ਨਾਲ ਇਲਾਕੇ ਦੀ ਵੱਡੀ ਅਬਾਦੀ ਨੂੰ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਮਿਲਣ ਦੀ ਉਮੀਦ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਸਬੰਧੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਐਲਾਨ ਕੀਤਾ ਹੈ ਕਿ ਧਨੌਲਾ ਵਿਖੇ ਜਲਦੀ ਹੀ ਵਿਕਾਸ ਕਾਰਜ ਸ਼ੁਰੂ ਹੋ ਜਾਣਗੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਨਗਰ ਕੌਂਸਲ ਧਨੌਲਾ ਵਿਖੇ ਪਾਰਕ ਦਾ ਸੁੰਦਰੀਕਰਨ, ਧਰਮਸ਼ਾਲਾ ਦੀ ਉਸਾਰੀ ਤੇ ਮੁਰੰਮਤ, ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਦੇ ਕਮਰਿਆਂ ਦੀ ਛੱਤ, ਸਟਰੀਟ ਲਾਈਟਾਂ ਦੀ ਮੁਰੰਮਤ ਕੀਤੀ ਜਾਣੀ ਹੈ।
ਇਸੇ ਤਰ੍ਹਾਂ ਹੀ ਨਗਰ ਕੌਂਸਲ ਧਨੌਲਾ ਵਿਖੇ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਅਤੇ ਇਲਾਕੇ ਦਾ ਕੰਮ ਸਚਾਰੂ ਢੰਗ ਨਾਲ ਚਲਾਉਣ ਲਈ ਸਫਾਈ ਸੇਵਕਾਂ, ਸੀਵਰਮੈਨਾਂ, ਕਲਰਕ, ਇਲੈਕਟ੍ਰਿਸਨ, ਪੰਪ ਆਪਰੇਟਰਾਂ ਅਤੇ ਹੈਲਪਰ ਆਦਿ ਦੀਆਂ ਸੇਵਾਵਾਂ ਹਾਇਰ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਰੇਕ ਕੰਮ ਦੀ ਲਾਗਤ ਵੱਖ-ਵੱਖ ਹੋਵੇਗੀ ਅਤੇ ਸਾਰੇ ਕੰਮਾਂ ਦੀ ਕੁੱਲ ਲਾਗਤ 119.51 ਲੱਖ ਰੁਪਏ ਹੋਣ ਦਾ ਅਨੁਮਾਨ ਹੈ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਧਨੌਲਾ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਲਈ ਟੈਂਡਰ ਮੰਗੇ ਗਏ ਹਨ, ਅਤੇ ਇਛੁੱਕ ਧਿਰਾਂ https://eproc.punjab.gov.in 'ਤੇ ਜਾਂ ਟੈਂਡਰ ਨੋਟਿਸ ਦੇ ਵਿਸਤ੍ਰਿਤ ਨਿਯਮਾਂ ਅਤੇ ਸ਼ਰਤਾਂ ਲਈ ਹੈਲਪਲਾਈਨ ਨੰਬਰ 0172-2970263, 2970284 'ਤੇ ਸੰਪਰਕ ਕਰ ਸਕਦੀਆਂ ਹਨ। ਇਸ ਤੋਂ ਇਲਾਵਾ, ਕਿਸੇ ਤਰ੍ਹਾਂ ਦੀ ਸੋਧ ਕਰਨ ਦੀ ਸੂਰਤ ਵਿੱਚ ਇਸ ਦੀ ਸਾਰੀ ਜਾਣਕਾਰੀ ਇਸੇ ਵੈਬਸਾਈਟ 'ਤੇ ਮੁਹੱਈਆ ਕੀਤੀ ਜਾਵੇਗੀ।
ਡਾ. ਨਿੱਜਰ ਨੇ ਕਿਹਾ ਕਿ ਧਨੌਲਾ ਵਿਖੇ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਨਾਲ ਇਲਾਕੇ ਦੀ ਵੱਡੀ ਅਬਾਦੀ ਨੂੰ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਮਿਲਣ ਦੀ ਉਮੀਦ ਹੈ ਅਤੇ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਕੰਮ ਨੂੰ ਕੁਸ਼ਲਤਾ ਨਾਲ ਅਤੇ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰਾ ਕੀਤਾ ਜਾਵੇਗਾ।
ਮੰਤਰੀ ਨੇ ਕਿਹਾ ਕਿ ਰਾਜ ਦੇ ਲੋਕਾਂ ਨੂੰ ਬਿਹਤਰ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੇ ਉਪਰਾਲੇ ਸ਼ਲਾਘਾਯੋਗ ਹਨ ਅਤੇ ਧਨੌਲਾ ਨੂੰ ਵਿਕਸਤ ਕਰਨ ਦਾ ਇਹ ਉਪਰਾਲਾ ਇਸ ਟੀਚੇ ਦੀ ਪ੍ਰਾਪਤੀ ਵੱਲ ਇੱਕ ਹੋਰ ਕਦਮ ਹੈ।