ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ’ਤੇ ਬੋਲੇ ਗਾਇਕ ਕਰਨ ਔਜਲਾ, ‘ਜੇਕਰ ਮੇਰਾ ਕੋਈ ਦੋਸਤ ਗਲਤ ਹੈ ਤਾਂ ਆਪ ਭੁਗਤੇਗਾ’

ਏਜੰਸੀ

ਖ਼ਬਰਾਂ, ਪੰਜਾਬ

ਇਸ ਦੇ ਨਾਲ ਹੀ ਕਰਨ ਔਜਲਾ ਨੇ ਲਿਖਿਆ ਕਿ ਝੂਠੀਆਂ ਖ਼ਬਰਾਂ ਚਲਾਉਣ ਵਾਲਿਆਂ ’ਤੇ ਕਾਨੂੰਨੀ ਕਾਰਵਾਈ ਕਰਾਵਾਂਗਾ।

photo

 

ਮੁਹਾਲੀ : ਪੰਜਾਬੀ ਗਾਇਕ ਕਰਨ ਔਜਲਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰ ਕੇ ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ਮਗਰੋਂ ਇੰਸਟਾਗ੍ਰਾਂਮ ਤੇ ਇਕ ਪੋਸਟ ਸਾਂਝੀ ਕਰਦਿਆਂ ਸ਼ਾਰਪੀ ਘੁੰਮਣ ਨਾਲ ਆਪਣੇ ਲਿੰਕ ਨੂੰ ਲੈ ਕੇ ਸਫਾਈ ਦਿੱਤੀ ਹੈ। ਇਸ ਦੇ ਨਾਲ ਹੀ ਕਰਨ ਔਜਲਾ ਨੇ ਲਿਖਿਆ ਕਿ ਝੂਠੀਆਂ ਖ਼ਬਰਾਂ ਚਲਾਉਣ ਵਾਲਿਆਂ ’ਤੇ ਕਾਨੂੰਨੀ ਕਾਰਵਾਈ ਕਰਾਵਾਂਗਾ।

ਕਰਨ ਔਜਲਾ ਨੇ ਕਿਹਾ, ‘‘ਮੀਡੀਆ ਦੇ ਮੈਂਬਰ ਤੇ ਭਰਾ-ਭੈਣ ਜਿਹੜੇ ਮੈਨੂੰ ਪਿਆਰ ਕਰਦੇ ਹਨ, ਉਨ੍ਹਾਂ ਨੂੰ ਕੁਝ ਗੱਲਾਂ ਕਹਿਣੀਆਂ ਮੈਂ ਜ਼ਰੂਰੀ ਸਮਝਦਾ ਇਸ ਸਮੇਂ ਕਰਨੀਆਂ ਕਿਉਂਕਿ ਕਈ ਗੱਲਾਂ ਸਮੇਂ ’ਤੇ ਹੀ ਸਾਫ਼ ਕਰ ਦੇਣੀਆਂ ਚਾਹੀਦੀਆਂ ਹਨ। ਪਹਿਲਾਂ ਜਿਹੜੀ ਵੀਡੀਓ ਆਈ ਮੈਂ ਉਸ ਬਾਰੇ ਵੀ ਸਪੱਸ਼ਟੀਕਰਨ ਦਿੱਤੀ ਜਿੰਨੀ ਹੋ ਸਕੀ ਤੇ ਕੱਲ੍ਹ ਇਹ ਵੀਡੀਓ ਦੇਖੀ ਕਿ ‘ਕਰਨ ਔਜਲਾ ਦਾ ਦੋਸਤ ਗ੍ਰਿਫ਼ਤਾਰ’। ਯਾਰ ਮੈਨੂੰ ਇਕ ਗੱਲ ਦੱਸੋ ਕਿ ਜੇ ਮੇਰਾ ਕੋਈ ਦੋਸਤ ਸੀ ਜਾਂ ਹੈ, ਮੇਰੇ ਨਾਂ ਨਾਲ ਕਿਉਂ ਹਰ ਵਾਰ ਉਸ ਨਾਲ ਲਗਾ ਦਿੱਤਾ ਜਾਂਦਾ ਹੈ।’’

ਕਰਨ ਨੇ ਅੱਗੇ ਕਿਹਾ, ‘‘ਮੈਂ ਕੀ ਕੀਤਾ? ਤੇ ਇਹ ਸਾਰਿਆਂ ਦਾ ਇਕੱਲਾ ਦੋਸਤ ਮੈਂ ਹੀ ਹਾਂ? ਮੇਰੀ ਸ਼ਾਇਦ ਉਸ ਬੰਦੇ ਨਾਲ ਪਿਛਲੇ 2 ਸਾਲਾਂ ਤੋਂ ਗੱਲ ਵੀ ਨਾ ਹੋਈ ਹੋਵੇ ਤੇ ਜੇ ਅਸੀਂ ਪਹਿਲਾਂ ਜਾਣਦੇ ਵੀ ਸੀ ਕਿ ਮੇਰੇ ਤੋਂ ਕੋਈ ਪੁੱਛ ਕੇ ਆਪਣੀ ਜ਼ਿੰਦਗੀ ਦੇ ਚੰਗੇ-ਮਾੜੇ ਫ਼ੈਸਲੇ ਲੈਂਦਾ? ਮੈਂ ਇਕੱਲਾਂ ਨਹੀਂ ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਹਨ ਕਿਸੇ ਨਾਲ, ਹੋਰ ਬਹੁਤ ਇੰਡਸਟਰੀ ਦੇ ਬੰਦੇ ਹਨ ਤੇ ਸਾਰਿਆਂ ਦਾ ਇਹੀ ਕਸੂਰ ਹੈ ਕਿ ਉਹ ਪੰਜਾਬ ਲਈ ਕੰਮ ਕਰ ਰਹੇ ਹਨ ਤੇ ਆਪਣੇ ਪਰਿਵਾਰਾਂ ਦਾ ਢਿੱਡ ਭਰ ਰਹੇ ਹਨ ਆਪਣੇ ਕੰਮ ਦੇ ਜ਼ਰੀਏ। ਜਦੋਂ ਕੋਈ ਚੈਨਲ ਖ਼ਬਰ ਲਾਉਂਦਾ ਕਿ ‘ਕਰਨ ਔਜਲਾ ਦਾ ਸਾਥੀ ਗ੍ਰਿਫ਼ਤਾਰ’ ਮੈਨੂੰ ਇਹ ਦੱਸੋ ਕਿ ਜਿਹੜਾ ਗ੍ਰਿਫ਼ਤਾਰ ਹੋਇਆ ਉਸ ਦਾ ਕੋਈ ਨਾਂ ਨਹੀਂ? ਮੇਰਾ ਨਾਮ ਨਾ ਜੋੜੋ ਕਿਸੇ ਵੀ ਚੀਜ਼ ਨਾਲ।’’

ਅਖੀਰ ’ਚ ਕਰਨ ਔਜਲਾ ਨੇ ਲਿਖਿਆ, ‘‘ਮੈਂ ਆਪਣਾ ਕੰਮ ਕਰ ਰਿਹਾ ਤੇ ਸਮਾਂ ਕੱਟਣ ਦੀ ਕੋਸ਼ਿਸ਼ ਕਰ ਰਿਹਾ ਬਾਕੀ ਸਾਰੇ ਕਲਾਕਾਰਾਂ ਵਾਂਗ। 4 ਵਾਰ ਐਕਸਟੋਰਸ਼ਨ ਦਾ ਸ਼ਿਕਾਰ ਹੋਇਆ ਤੇ 5 ਵਾਰ ਮੇਰੇ ਘਰ ’ਤੇ ਫਾਇਰਿੰਗ ਹੋਈ ਕਦੇ ਇਸ ਬਾਰੇ ਤਾਂ ਕਿਸੇ ਚੈਨਲ ਨੇ ਹਮਦਰਦੀ ਖ਼ਬਰ ਨਹੀਂ ਚਲਾਈ ਕਿ ਇਨ੍ਹਾਂ ਨਾਲ ਗਲਤ ਹੋ ਰਿਹਾ।

ਸੋ ਮੀਡੀਆ ਵਾਲਿਆਂ ਨੂੰ ਬੇਨਤੀ ਹੈ ਕਿ ਅੱਜ ਤੋਂ ਜੇ ਕੋਈ ਬਿਨ੍ਹਾਂ ਜਾਣਕਾਰੀ ਇਕੱਠੀ ਕੀਤੇ ਜਾਂ ਬਿਨ੍ਹਾਂ ਕਿਸੇ ਸਬੂਤ ਤੋਂ ਮੇਰਾ ਨਾਂ ਧੱਕੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਮੈਂ ਸਿੱਧੀ ਕਾਨੂੰਨੀ ਕਾਰਵਾਈ ਕਰਾਂਗਾ। ਮੇਰੀ ਲੀਗਲ ਟੀਮ ਤਿਆਰ ਹੈ ਤੇ ਇਸ ਚੀਜ਼ ’ਤੇ ਕੰਮ ਕਰ ਰਹੀ ਹੈ। ਇਕ ਗੱਲ ਜ਼ਰੂਰ ਸਮਝ ਆ ਚੁੱਕੀ ਹੈ ਕਿ ਬੰਦੇ ਨੂੰ ਮਰਨ ਦੀ ਲੋੜ ਪੈਂਦੀ ਹੈ ਖ਼ੁਦ ਨੂੰ ਸਾਬਿਤ ਕਰਨ ਲਈ, ਇਹੀ ਸੱਚਾਈ ਹੈ। ਤੁਸੀਂ ਵੀ ਸਾਰੇ ਗਏ ’ਤੇ ਹੀ ਮੁੱਲ ਪਾਉਂਦੇ ਹੋ, ਸ਼ਰਮ ਆਉਣੀ ਚਾਹੀਦੀ ਹੈ।’’