Punjab News: ਕੋਲੇ ਦੇ ਨਮੂਨਿਆਂ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਚਾਰ ਕਰਮਚਾਰੀ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਥਰਮਲ ਪਲਾਂਟ ਦੀ ਲੈਬਾਰਟਰੀ ਵਿਚ ਲਿਆਏ ਜਾਂਦੇ ਕੋਲੇ ਦੇ ਨਮੂਨਿਆਂ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

File Photo

 

Punjab News: ਰੋਪੜ - ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਨੂੰ ਧੋਤੇ ਹੋਏ ਕੋਲੇ ਦੀ ਸਪਲਾਈ ਕਰਨ ਵਾਲੀ ਕੰਪਨੀ ਦੇ 4 ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਥਰਮਲ ਪਲਾਂਟ ਦੀ ਲੈਬਾਰਟਰੀ ਵਿਚ ਲਿਆਏ ਜਾਂਦੇ ਕੋਲੇ ਦੇ ਨਮੂਨਿਆਂ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਰਵਿੰਦ, ਪਿਊਸ਼, ਵਰੁਣ ਸਿੰਘ ਅਤੇ ਪੁਸ਼ਪਿੰਦਰ ਵਜੋਂ ਹੋਈ ਹੈ। ਇਨ੍ਹਾਂ ਨਮੂਨਿਆਂ ਦੇ ਟੈਸਟਾਂ ਦੇ ਨਤੀਜਿਆਂ ਦੀ ਗਲਤ ਰਿਪੋਰਟ ਕਾਰਨ ਪਾਵਰਕੌਮ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਸਕਦਾ ਸੀ।

ਪਿਛਲੇ ਮਹੀਨੇ 18 ਮਾਰਚ ਨੂੰ ਜਦੋਂ ਥਰਮਲ ਪਲਾਂਟ ਦੀ ਕੋਲ ਟੈਸਟਿੰਗ ਲੈਬ ਨਾਲ ਸਬੰਧਤ ਸਟਾਫ਼ ਦੇ ਕਰਮਚਾਰੀ ਡਿਊਟੀ ’ਤੇ ਆਏ ਤਾਂ ਮੁੱਖ ਦਰਵਾਜ਼ੇ ਅਤੇ ਸਟਰਾਂਗ ਰੂਮ ਦੇ ਤਾਲੇ ਟੁੱਟੇ ਪਏ ਸਨ ਅਤੇ ਨਮੂਨੇ ਸਾਂਭਣ ਵਾਲੀ ਅਲਮਾਰੀ ਦੇ ਤਿੰਨੋਂ ਤਾਲੇ ਟੁੱਟੇ ਹੋਏ ਸਨ। ਇਸ ਵਿੱਚ 16 ਸੈਂਪਲ ਰੱਖੇ ਹੋਏ ਸਨ। ਪੁਲੀਸ ਨੇ ਥਰਮਲ ਪਲਾਂਟ ਦੇ ਮੁੱਖ ਕੈਮਿਸਟ ਦੀ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਆਰੰਭੀ ਤਾਂ ਘੁਟਾਲੇ ਦਾ ਪਤਾ ਚੱਲਿਆ। ਪੁਲੀਸ ਨੇ ਧਾਰਾ 457 ਅਤੇ 380 ਤਹਿਤ ਕੇਸ ਦਰਜ ਕਰਕੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।

ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਆਪਣੀ ਕੰਪਨੀ ਦੇ ਸੀਨੀਅਰ ਅਧਿਕਾਰੀ ਦੇ ਨਿਰਦੇਸ਼ਾਂ ’ਤੇ ਨਮੂਨਿਆਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਸਬੰਧਤ ਅਧਿਕਾਰੀ ਨੇ ਉਨ੍ਹਾਂ ਨੂੰ ਪੈਸਿਆਂ ਦੀ ਪੇਸ਼ਕਸ਼ ਵੀ ਕੀਤੀ ਸੀ। ਮੁਲਜ਼ਮਾਂ ਨੂੰ 29 ਅਪਰੈਲ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।