Punjab News: ਸਰਕਾਰੀ ਹਸਪਤਾਲ ਤੋਂ ਮਰੀਜ਼ ਪਿਤਾ ਨੂੰ ਰੇਹੜੀ 'ਤੇ ਘਰ ਲੈ ਕੇ ਪਹੁੰਚਿਆ ਪੁੱਤ, ਸਰਕਾਰੀ ਐਂਬੂਲੈਂਸ ਤੋਂ ਇਨਕਾਰ 

ਏਜੰਸੀ

ਖ਼ਬਰਾਂ, ਪੰਜਾਬ

ਨੌਜਵਾਨ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲ ਨੇ ਬਾਹਰੋਂ ਪ੍ਰਾਈਵੇਟ ਐਂਬੂਲੈਂਸ ਬੁਲਾ ਕੇ ਪਿਤਾ ਨੂੰ ਘਰ ਲਿਜਾਣ ਲਈ ਕਿਹਾ 

File Photo

Punjab News: ਫਾਜ਼ਿਲਕਾ - ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਤੋਂ  ਇਕ ਮੰਦਭਾਗੀ ਤਸਵੀਰ ਸਾਹਮਣੇ ਆਈ ਹੈ ਜਿਸ ਨੇ ਸਿਹਤ ਸਹੂਲਤਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਸਿਵਲ ਹਸਪਤਾਲ 'ਚ ਸਰਕਾਰੀ ਐਂਬੂਲੈਂਸ ਦੀ ਸਹੂਲਤ ਨਾ ਹੋਣ ਕਾਰਨ ਇਕ ਵਿਅਕਤੀ ਆਪਣੇ ਮਰੀਜ਼ ਪਿਤਾ ਨੂੰ ਹਸਪਤਾਲ ਤੋਂ ਰੇਹੜੀ 'ਚ ਪਾ ਕੇ ਘਰ ਲੈ ਕੇ ਗਿਆ। 

ਇਹ ਘਟਨਾ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਵਾਪਰੀ, ਜਿੱਥੇ 2 ਦਿਨ ਪਹਿਲਾਂ ਪਿੰਡ ਝੀਵੜਾ 'ਚ ਆਪਣੇ ਘਰ 'ਚ ਡਿੱਗੇ ਪ੍ਰੇਮ ਕੁਮਾਰ ਨਾਂ ਦੇ ਵਿਅਕਤੀ ਨੂੰ ਕਮਰ ਫਰੈਕਚਰ ਹੋਣ ਕਾਰਨ ਇਲਾਜ ਲਈ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ। ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਛੁੱਟੀ ਦੇ ਦਿੱਤੀ। 

ਇਸ ਦੇ ਲਈ ਮਰੀਜ਼ ਦੇ ਲੜਕੇ ਪਵਨ ਕੁਮਾਰ ਨੇ ਸਰਕਾਰੀ ਐਂਬੂਲੈਂਸ ਦੀ ਮੰਗ ਕੀਤੀ ਪਰ ਪਵਨ ਕੁਮਾਰ ਦਾ ਕਹਿਣਾ ਹੈ ਕਿ ਉਸ ਨੂੰ ਬਾਹਰੋਂ ਪ੍ਰਾਈਵੇਟ ਐਂਬੂਲੈਂਸ ਬੁਲਾ ਕੇ ਮਰੀਜ਼ ਨੂੰ ਘਰ ਲੈ ਜਾਣ ਲਈ ਕਿਹਾ ਗਿਆ। ਉਸ ਨੇ ਦੱਸਿਆ ਕਿ ਉਹ ਸਬਜ਼ੀ ਵੇਚਣ ਵਾਲਾ ਗਰੀਬ ਆਦਮੀ ਹੈ। ਇਸ ਲਈ ਉਹ ਆਪਣੇ ਪਿਤਾ ਨੂੰ ਪ੍ਰਾਈਵੇਟ ਐਂਬੂਲੈਂਸ ਵਿਚ ਨਹੀਂ ਲੈ ਕੇ ਜਾ ਸਕਿਆ, ਜਿਸ ਤੋਂ ਬਾਅਦ ਉਸ ਨੂੰ ਪਿਤਾ ਨੂੰ ਰੇਹੜੀ 'ਤੇ ਪਾ ਕੇ ਲਿਜਾਣਾ ਪਿਆ। 

ਇਸ ਸਬੰਧੀ ਜਦੋਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ  ਇਹ ਮਾਮਲਾ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ, ਉਹ ਸਰਕਾਰੀ ਹਸਪਤਾਲ ਦੇ ਐਸ.ਐਮ.ਓ ਨਾਲ ਗੱਲ ਕਰਕੇ ਮਾਮਲੇ ਦੀ ਜਾਂਚ ਕਰਨਗੇ।